Israel Hamas War : ਜੰਗਬੰਦੀ ਖ਼ਤਮ ਹੁੰਦੇ ਹੀ ਇਜ਼ਰਾਈਲ ਅਤੇ ਹਮਾਸ ਵਿਚਾਲੇ ਫਿਰ ਛਿੜੀ ਜ਼ਬਰਦਸਤ ਲੜਾਈ, ਜਾਣੋ ਤਾਜ਼ਾ ਹਲਾਤ
Israel Hamas War Resumes: ਜੰਗਬੰਦੀ ਸਮਝੌਤਾ ਖ਼ਤਮ ਹੋਣ ਦੇ ਨਾਲ, ਇਜ਼ਰਾਈਲ ਅਤੇ ਹਮਾਸ ਵਿਚਾਲੇ ਫਿਰ ਤੋਂ ਲੜਾਈ ਸ਼ੁਰੂ ਹੋ ਗਈ ਹੈ। ਇਕ ਵਾਰ ਫਿਰ ਦੋਵਾਂ ਪਾਸਿਆਂ ਤੋਂ ਤੇਜ਼ ਹਮਲੇ ਹੋ ਰਹੇ ਹਨ।
Israel Hamas War: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਖਤਮ ਹੋਣ ਦੇ ਨਾਲ ਹੀ ਫਿਰ ਤੋਂ ਲੜਾਈ ਸ਼ੁਰੂ ਹੋ ਗਈ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) 'ਤੇ ਇਜ਼ਰਾਈਲੀ ਫੌਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੱਤ ਦਿਨਾਂ ਤੱਕ ਚੱਲੇ ਇਸ ਸਮਝੌਤੇ ਵਿੱਚ ਵੀਰਵਾਰ ਤੱਕ ਹਮਾਸ ਨੇ ਇਜ਼ਰਾਈਲ ਦੇ 110 ਬੰਧਕਾਂ ਨੂੰ ਰਿਹਾਅ ਕੀਤਾ ਹੈ। ਇਸ ਤੋਂ ਬਾਅਦ ਇਹ ਸਮਝੌਤਾ ਸ਼ੁੱਕਰਵਾਰ ਨੂੰ ਖਤਮ ਹੋ ਗਿਆ।
ਇਜ਼ਰਾਇਲੀ ਫੌਜ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਸ ਨੇ ਗਾਜ਼ਾ ਪੱਟੀ 'ਚ ਹਮਾਸ ਖ਼ਿਲਾਫ਼ ਲੜਾਈ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਫੌਜ ਨੇ ਦਾਅਵਾ ਕੀਤਾ ਕਿ ਹਮਾਸ ਨੇ ਇਜ਼ਰਾਇਲੀ ਖੇਤਰ ਵਿੱਚ ਗੋਲੀਬਾਰੀ ਕਰਕੇ ਜੰਗਬੰਦੀ ਦੀ ਉਲੰਘਣਾ ਕੀਤੀ ਹੈ। ਅਜਿਹੇ 'ਚ ਇਸਰਾਈਲ ਨੇ ਗਾਜ਼ਾ ਤੋਂ ਦਾਗੇ ਗਏ ਇੱਕ ਰਾਕੇਟ ਨੂੰ ਡੇਗ ਦਿੱਤਾ। ਉਮੀਦ ਸੀ ਕਿ ਜੰਗਬੰਦੀ ਅੱਗੇ ਵਧ ਸਕਦੀ ਹੈ ਪਰ ਅਜਿਹਾ ਨਹੀਂ ਹੋ ਸਕਿਆ।
ਹਮਾਸ ਨੇ ਅਜੇ ਵੀ 125 ਲੋਕਾਂ ਨੂੰ ਬੰਧਕ ਬਣਾਇਆ ਹੋਇਆ
ਬੀਬੀਸੀ ਦੀ ਰਿਪੋਰਟ ਮੁਤਾਬਕ, ਗਾਜ਼ਾ ਵਿੱਚ ਹਮਾਸ ਦੇ ਗ੍ਰਹਿ ਅਤੇ ਰਾਸ਼ਟਰੀ ਸੁਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਦੱਖਣੀ ਗਾਜ਼ਾ ਵਿੱਚ ਕਈ ਹਵਾਈ ਹਮਲੇ ਕੀਤੇ ਗਏ ਹਨ। ਇਸ ਦੇ ਨਾਲ ਹੀ ਉੱਤਰੀ ਗਾਜ਼ਾ ਵਿੱਚ ਕਈ ਧਮਾਕਿਆਂ ਦੀ ਆਵਾਜ਼ ਵੀ ਸੁਣੀ ਗਈ। ਇਜ਼ਰਾਈਲ ਦਾ ਕਹਿਣਾ ਹੈ ਕਿ ਕਰੀਬ 125 ਲੋਕ ਅਜੇ ਵੀ ਹਮਾਸ ਵੱਲੋਂ ਬੰਧਕ ਬਣਾਏ ਹੋਏ ਹਨ। ਇਸ ਦੇ ਨਾਲ ਹੀ, ਇਜ਼ਰਾਈਲ ਨੇ ਹੁਣ ਤੱਕ 240 ਫਲਸਤੀਨੀਆਂ ਨੂੰ ਜੰਗਬੰਦੀ ਦੇ ਤਹਿਤ ਰਿਹਾਅ ਕੀਤਾ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਕਿਸ਼ੋਰ ਹਨ, ਜਿਨ੍ਹਾਂ 'ਤੇ ਇਜ਼ਰਾਈਲੀ ਬਲਾਂ ਨਾਲ ਝੜਪਾਂ ਦੌਰਾਨ ਪੱਥਰ ਅਤੇ ਫਾਇਰਬੰਬ ਸੁੱਟਣ ਦਾ ਦੋਸ਼ ਹੈ।
ਤੁਹਾਨੂੰ ਦੱਸ ਦੇਈਏ ਕਿ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗਬੰਦੀ ਸਮਝੌਤਾ ਇੱਕ ਹਫਤੇ ਤੱਕ ਚੱਲਿਆ, ਜਿਸ ਦੌਰਾਨ ਦੋਵਾਂ ਪਾਸਿਆਂ ਤੋਂ ਲੋਕਾਂ (ਬੰਧਕਾਂ ਅਤੇ ਕੈਦੀਆਂ) ਨੂੰ ਰਿਹਾਅ ਕੀਤਾ ਗਿਆ। ਇਹ ਜੰਗਬੰਦੀ ਕਤਰ ਅਤੇ ਅਮਰੀਕਾ ਦੀ ਵਿਚੋਲਗੀ ਵਿੱਚ ਹੋਈ ਸੀ।
ਹਮਾਸ ਨੇ ਇਜ਼ਰਾਈਲ 'ਤੇ ਅਚਾਨਕ ਹਮਲਾ ਕਰ ਦਿੱਤਾ
ਜ਼ਿਕਰਯੋਗ ਹੈ ਕਿ 7 ਅਕਤੂਬਰ ਨੂੰ ਹਮਾਸ ਦੇ ਲੜਾਕਿਆਂ ਨੇ ਇਜ਼ਰਾਈਲ 'ਤੇ ਅਚਾਨਕ ਹਮਲਾ ਕਰ ਦਿੱਤਾ ਸੀ, ਜਿਸ 'ਚ ਕਰੀਬ 1400 ਲੋਕ ਮਾਰੇ ਗਏ ਸਨ। ਇਸ ਦੇ ਨਾਲ ਹੀ ਹਮਾਸ ਦੇ ਲੜਾਕਿਆਂ ਨੇ 240 ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਇਸ ਹਮਲੇ ਤੋਂ ਬਾਅਦ ਤੋਂ ਹੀ ਇਜ਼ਰਾਇਲ ਹਮਾਸ ਦੇ ਟਿਕਾਣਿਆਂ 'ਤੇ ਹਮਲੇ ਕਰ ਰਿਹਾ ਹੈ, ਜਿਸ 'ਚ 5000 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ। ਹਾਲਾਂਕਿ ਪਿਛਲੇ ਸ਼ੁੱਕਰਵਾਰ ਨੂੰ ਦੋਵਾਂ ਵਿਚਾਲੇ ਚਾਰ ਦਿਨ ਦੀ ਜੰਗਬੰਦੀ ਨੂੰ ਲੈ ਕੇ ਸਮਝੌਤਾ ਹੋਇਆ ਸੀ। ਜੋ ਕੁੱਲ ਸੱਤ ਦਿਨ ਚੱਲਿਆ।