Hajj 2024: ਸਾਊਦੀ ਅਰਬ 'ਚ ਭਿਆਨਕ ਗਰਮੀ ਕਾਰਨ 1 ਹਜ਼ਾਰ ਤੋਂ ਵੱਧ ਹੱਜ ਯਾਤਰੀਆਂ ਦੀ ਮੌਤ-ਰਿਪੋਰਟ
Hajj 2024 Death: ਸਾਊਦੀ ਅਰਬ ਵਿੱਚ ਹੱਜ ਯਾਤਰਾ ਦੌਰਾਨ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਗ਼ੈਰ-ਰਜਿਸਟਰਡ ਸ਼ਰਧਾਲੂ ਸਨ, ਜਿਨ੍ਹਾਂ ਵਿੱਚ 600 ਇਕੱਲੇ ਮਿਸਰ ਤੋਂ ਸਨ।
Hajj 2024 Death: ਹੱਜ ਯਾਤਰਾ ਦੌਰਾਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਮੱਕਾ ਵਿੱਚ ਹੱਜ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਹੁਣ 1000 ਨੂੰ ਪਾਰ ਕਰ ਗਈ ਹੈ। ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਅਣ-ਰਜਿਸਟਰਡ ਸ਼ਰਧਾਲੂ ਸਨ। ਏਐਫਪੀ ਦੀ ਰਿਪੋਰਟ ਅਨੁਸਾਰ, ਜਿਨ੍ਹਾਂ ਵਿੱਚ ਇਕੱਲੇ ਮਿਸਰ ਦੇ 600 ਲੋਕ ਸ਼ਾਮਲ ਸਨ। ਜਿਨ੍ਹਾਂ ਨੇ ਸਾਊਦੀ ਅਰਬ ਦੀ ਭਿਆਨਕ ਗਰਮੀ ਵਿੱਚ ਤੀਰਥ ਯਾਤਰਾ ਕੀਤੀ। ਸਾਊਦੀ ਅਰਬ ਵਿੱਚ ਅੱਤ ਦੀ ਗਰਮੀ ਤੇ ਉਚਿਤ ਪ੍ਰਬੰਧਾਂ ਦੀ ਘਾਟ ਕਾਰਨ ਹੱਜ ਯਾਤਰੀਆਂ ਦੀ ਮੌਤ ਹੋ ਰਹੀ ਹੈ। ਅਜਿਹੇ 'ਚ ਪੂਰੀ ਸਾਊਦੀ ਸਰਕਾਰ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।
ਇਹ ਜਾਣਕਾਰੀ ਉਨ੍ਹਾਂ ਡਿਪਲੋਮੈਟਾਂ ਨੇ ਦਿੱਤੀ ਹੈ ਜਿਨ੍ਹਾਂ ਨੇ AFP ਨਿਊਜ਼ ਏਜੰਸੀ ਤੇ ਹੋਰ ਨਿਊਜ਼ ਏਜੰਸੀਆਂ ਨਾਲ ਗੱਲਬਾਤ ਕੀਤੀ। ਜ਼ਿਕਰ ਕਰ ਦਈਏ ਕਿ ਹਾਲੇ ਤੱਕ ਨਾ ਤਾਂ ਮਿਸਰ ਤੇ ਨਾ ਹੀ ਸਾਊਦੀ ਅਰਬ ਨੇ ਇਸ ਸਾਲ ਦੇ ਹੱਜ ਤੋਂ ਅਧਿਕਾਰਤ ਮੌਤਾਂ ਦੀ ਗਿਣਤੀ ਜਾਰੀ ਕੀਤੀ ਹੈ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਅਨੁਸਾਰ, ਸਾਊਦੀ ਅਰਬ ਵਿੱਚ ਇਸ ਮਹੀਨੇ ਹੱਜ ਯਾਤਰਾ ਦੌਰਾਨ ਅਤਿਅੰਤ ਗਰਮੀ ਦੀ ਲਹਿਰ ਦਾ ਪ੍ਰਭਾਵ ਰਿਹਾਇਸ਼ਾਂ ਅਤੇ ਹੋਰ ਸੇਵਾਵਾਂ ਜਿਵੇਂ ਕਿ ਪਰਮਿਟ ਤੋਂ ਬਿਨਾਂ ਯਾਤਰਾ ਕਰਨ ਵਾਲਿਆਂ ਲਈ ਕੂਲਿੰਗ ਸੈਂਟਰਾਂ ਦੀ ਘਾਟ ਕਾਰਨ ਬਦਤਰ ਹੋ ਗਿਆ ਹੈ।
ਸਾਊਦੀ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 14 ਜੂਨ ਤੋਂ ਸ਼ੁਰੂ ਹੋਈ ਪੰਜ ਦਿਨਾਂ ਯਾਤਰਾ ਦੌਰਾਨ ਪਵਿੱਤਰ ਸ਼ਹਿਰ ਮੱਕਾ ਵਿੱਚ ਤਾਪਮਾਨ 125 ਡਿਗਰੀ ਫਾਰਨਹੀਟ ਤੋਂ ਵੱਧ ਗਿਆ ਹੈ। ਹਾਲਾਂਕਿ ਸਾਊਦੀ ਅਰਬ 'ਚ ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਗਰਮੀ ਪੈ ਰਹੀ ਹੈ। ਇਸ ਦੇ ਨਾਲ ਹੀ ਇੱਥੇ ਤਾਪਮਾਨ 51 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ। ਪਿਛਲੇ ਹਫਤੇ ਵੀ ਸਾਊਦੀ ਦੇ ਮੌਸਮ ਵਿਭਾਗ ਨੇ ਮੱਕਾ ਅਤੇ ਮਦੀਨਾ ਦਾ ਤਾਪਮਾਨ 51.8 ਡਿਗਰੀ ਸੈਲਸੀਅਸ ਦਰਜ ਕੀਤਾ ਸੀ। ਦਿਨ ਵੇਲੇ ਹੀ ਅੱਤ ਦੀ ਗਰਮੀ ਨਹੀਂ, ਰਾਤ ਦਾ ਤਾਪਮਾਨ ਵੀ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਦਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸ਼ਰਧਾਲੂਆਂ ਲਈ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ।
ਜਾਣੋ ਕੀ ਹੈ ਹੱਜ ਯਾਤਰਾ ਦਾ ਮਹੱਤਵ?
ਮੁਸਲਿਮ ਧਰਮ ਵਿੱਚ ਇੱਕ ਵਿਸ਼ਵਾਸ ਹੈ ਕਿ ਹਰ ਮੁਸਲਮਾਨ ਨੂੰ ਆਪਣੇ ਜੀਵਨ ਵਿੱਚ ਇੱਕ ਵਾਰ ਹੱਜ ਯਾਤਰਾ ਕਰਨੀ ਚਾਹੀਦੀ ਹੈ। ਇਸ ਯਾਤਰਾ ਵਿੱਚ ਬਹੁਤ ਸਾਰੀਆਂ ਰਸਮਾਂ ਵਿੱਚ ਲੰਬੇ ਸਮੇਂ ਲਈ ਬਾਹਰ ਰਹਿਣਾ ਅਤੇ ਲੰਮੀ ਦੂਰੀ ਤੱਕ ਚੱਲਣਾ ਸ਼ਾਮਲ ਹੈ। ਨਾਲ ਹੀ, ਇਹ ਯਾਤਰਾ ਬਹੁਤ ਮਹਿੰਗੀ ਹੈ ਅਤੇ ਸਾਊਦੀ ਅਰਬ ਦੀ ਸਰਕਾਰ ਹਰ ਸਾਲ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਲਈ ਜਾਰੀ ਕੋਟੇ ਦੇ ਨਾਲ ਹਰ ਸਾਲ ਸਿਰਫ ਇੱਕ ਨਿਸ਼ਚਿਤ ਗਿਣਤੀ ਵਿੱਚ ਤੀਰਥ ਯਾਤਰੀ ਵੀਜ਼ਿਆਂ ਨੂੰ ਮਨਜ਼ੂਰੀ ਦਿੰਦੀ ਹੈ।
ਜਾਣੋ ਕਿਉਂ ਹੋ ਰਹੀਆਂ ਹਨ ਮੱਕਾ 'ਚ ਮੌਤਾਂ?
ਹੱਜ ਦੌਰਾਨ ਸ਼ਰਧਾਲੂਆਂ ਨੂੰ ਕਰੀਬ 15 ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਹੱਜ ਯਾਤਰੀ ਪਹਿਲਾਂ ਇਹਰਾਮ ਪਾ ਕੇ ਮੱਕਾ ਜਾਂਦੇ ਹਨ ਤੇ ਫਿਰ ਕਾਬੇ ਦੇ ਚੱਕਰ ਲਾਉਂਦੇ ਹਨ, ਫਿਰ ਸਫਾ ਤੇ ਮਾਰਵਾ ਪਹਾੜੀਆਂ ਦੇ ਵਿਚਕਾਰ 7 ਚੱਕਰ ਲਾਉਂਦੇ ਹਨ। ਇਸ ਤੋਂ ਬਾਅਦ ਮੀਨਾ ਵਿੱਚ ਰਾਤ ਅਤੇ ਅਗਲੀ ਸਵੇਰ ਅਰਾਫਾਤ ਵਿੱਚ ਬਿਤਾਉਂਦੇ ਨੇ ਫਿਰ ਆਖਰੀ ਤਵਾਫ ਨਾਲ ਹੱਜ ਯਾਤਰਾ ਪੂਰੀ ਹੁੰਦੀ ਹੈ। ਅਜਿਹੇ 'ਚ ਇਹ ਬਹੁਤ ਹੀ ਮਿਹਨਤ ਦਾ ਕੰਮ ਹੈ ਅਤੇ ਉਹ ਵੀ ਇਸ ਕੜਾਕੇ ਦੀ ਗਰਮੀ 'ਚ ਜਿਸ ਕਾਰਨ ਹੀਟ ਸਟ੍ਰੋਕ ਤੋਂ ਲੈ ਕੇ ਬਲੱਡ ਪ੍ਰੈਸ਼ਰ ਤੱਕ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਬਜ਼ੁਰਗ ਅਤੇ ਔਰਤਾਂ ਇਸ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੀਆਂ ਹਨ।