Nijjar murder case: ਆਖਰ ਕੌਣ ਹੈ ਹਰਦੀਪ ਨਿੱਝਰ ਜਿਸ ਦੇ ਕਤਲ ਦੀ ਪੂਰੀ ਦੁਨੀਆ 'ਚ ਚਰਚਾ? 15 ਸਾਲ ਦੀ ਉਮਰੇ ਹੀ ਚਲਾ ਗਿਆ ਸੀ ਕੈਨੇਡਾ
Nijjar:ਇਸ ਮੁੱਦੇ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਰਚਾ ਛਿੜ ਗਈ ਹੈ। ਅਜਿਹੇ ਵਿੱਚ ਸੋਸ਼ਲ ਮੀਡੀਆ ਉਪਰ ਲਗਾਤਾਰ ਸਰਚ ਹੋ ਰਿਹਾ ਹੈ ਕਿ ਆਖਰ ਹਰਦੀਪ ਸਿੰਘ ਨਿੱਝਰ ਕੌਣ ਸੀ।
Nijjar murder case: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖਾਲਿਸਤਾਨੀ ਪੱਖੀ ਕਾਰਕੁਨ ਹਰਦੀਪ ਸਿੰਘ ਨਿੱਝਰ (45) ਦੀ ਹੱਤਿਆ ਪਿੱਛੇ ਭਾਰਤੀ ਜਾਂਚ ਏਜੰਸੀਆਂ ਦਾ ਹੱਥ ਹੋਣ ਦਾ ਦਾਅਵਾ ਕਰਨ ਤੋਂ ਬਾਅਦ ਭਾਰਤ ਤੇ ਕੈਨੇਡਾ ਵਿੱਚ ਤਣਾਅ ਵੱਧ ਗਿਆ ਹੈ। ਇਸ ਮੁੱਦੇ ਨੂੰ ਲੈ ਕੇ ਪੂਰੀ ਦੁਨੀਆ ਵਿੱਚ ਚਰਚਾ ਛਿੜ ਗਈ ਹੈ। ਅਜਿਹੇ ਵਿੱਚ ਸੋਸ਼ਲ ਮੀਡੀਆ ਉਪਰ ਲਗਾਤਾਰ ਸਰਚ ਹੋ ਰਿਹਾ ਹੈ ਕਿ ਆਖਰ ਹਰਦੀਪ ਸਿੰਘ ਨਿੱਝਰ ਕੌਣ ਸੀ।
‘ਮੋਸਟ ਵਾਂਟੇਡ’ ਅਤਿਵਾਦੀਆਂ ਦੀ ਸੂਚੀ 'ਚ ਸ਼ਾਮਲ
ਦਰਅਸਲ ਹਰਦੀਪ ਨਿੱਝਰ ਦੀ ਕੈਨੇਡਾ ਦੇ ਸਰੀ ਵਿੱਚ ਜੂਨ ’ਚ ਹੱਤਿਆ ਕਰ ਦਿੱਤੀ ਗਈ ਸੀ। ਪਾਬੰਦੀਸ਼ੁਦਾ ਜਥੇਬੰਦੀ ਖਾਲਿਸਤਾਨ ਟਾਈਗਰ ਫੋਰਸ ਦਾ ਮੁਖੀ ਰਿਹਾ ਨਿੱਝਰ ਭਾਰਤ ਵਿੱਚ ‘ਮੋਸਟ ਵਾਂਟੇਡ’ ਅਤਿਵਾਦੀਆਂ ਦੀ ਸੂਚੀ ਵਿੱਚ ਸ਼ਾਮਲ ਹੈ। ਉਸ ’ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ। ਸੰਨ 2016 ਵਿਚ ਨਿੱਝਰ ਵਿਰੁੱਧ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਵੀ ਨਿਕਲਿਆ ਸੀ।
ਕੈਨੇਡਾ 'ਚ ਵੀ ਕੀਤਾ ਸੀ ਨਜ਼ਰਬੰਦ
ਹਾਸਲ ਜਾਣਕਾਰੀ ਮੁਤਾਬਕ ਸਰੀ ਦੀ ਪੁਲਿਸ ਨੇ 2018 ਵਿੱਚ ਨਿੱਝਰ ਨੂੰ ਅਤਿਵਾਦ ’ਚ ਸ਼ਮੂਲੀਅਤ ਦੇ ਸ਼ੱਕ ਵਿੱਚ ਆਰਜ਼ੀ ਤੌਰ ’ਤੇ ਘਰ ਵਿੱਚ ਨਜ਼ਰਬੰਦ ਕੀਤਾ ਸੀ ਪਰ ਮਗਰੋਂ ਰਿਹਾਅ ਕਰ ਦਿੱਤਾ ਗਿਆ ਸੀ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਵਿੱਚ 18 ਜੂਨ ਨੂੰ ਇੱਕ ਗੁਰਦੁਆਰੇ ਦੇ ਬਾਹਰ ਦੋ ਅਣਪਛਾਤੇ ਹਮਲਾਵਰਾਂ ਨੇ ਨਿੱਝਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।
ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਜੁੜਿਆ ਪਿਛੋਕੜ
ਹਰਦੀਪ ਨਿੱਝਰ ਦਾ ਪਿਛੋਕੜ ਜਲੰਧਰ ਜ਼ਿਲ੍ਹੇ ਦੇ ਪਿੰਡ ਭਾਰਸਿੰਘਪੁਰਾ ਦਾ ਹੈ। ਇਹ ਪਿੰਡ ਕਸਬਾ ਫਿਲੌਰ ਨੇੜੇ ਸਥਿਤ ਹੈ। ਇਸ ਪਿੰਡ ਦੀ ਆਬਾਦੀ ਲਗਪਗ ਦੋ ਹਜ਼ਾਰ ਹੈ ਤੇ ਪਿੰਡ ਦੇ 80 ਫੀਸਦੀ ਲੋਕਾਂ ਦਾ ਤਖੱਲੁਸ ਨਿੱਝਰ ਹੈ। ਪਿੰਡ ਵਾਲਿਆਂ ਮੁਤਾਬਕ ਹਰਦੀਪ ਨਿੱਜਰ ਉਦੋਂ 15 ਸਾਲਾਂ ਦਾ ਸੀ ਜਦੋਂ ਉਹ ਆਪਣੇ ਪਿਤਾ ਪਿਆਰਾ ਸਿੰਘ ਤੇ ਛੋਟੇ ਭਰਾ ਨਾਲ ਪਿੰਡ ਛੱਡ ਕੇ ਚਲਾ ਗਿਆ ਸੀ। ਹਰਦੀਪ ਪਿੰਡ ਦੇ ਸਰਕਾਰੀ ਸਕੂਲ ਵਿੱਚ ਅੱਠਵੀਂ ਜਮਾਤ ਦਾ ਵਿਦਿਆਰਥੀ ਸੀ ਜਦੋਂ ਉਹ ਪਿੰਡ ਛੱਡ ਕੇ ਚਲਾ ਗਿਆ। ਉਹ ਮੁੜ ਕੇ ਕਦੇ ਵੀ ਪਿੰਡ ਨਹੀਂ ਆਇਆ।
ਪਿੰਡ 'ਚ ਕਰਦੇ ਸੀ ਦੁੱਧ ਦਾ ਕਾਰੋਬਾਰ
ਹਰਦੀਪ ਨਿੱਝਰ ਦੇ ਪਰਿਵਾਰ ਕੋਲ ਪਿੰਡ ਵਿੱਚ ਦੋ ਏਕੜ ਜ਼ਮੀਨ ਹੈ ਪਰ ਪਰਿਵਾਰ ਦਾ ਗੁਜ਼ਾਰਾ ਦੁੱਧ ਦੇ ਕਾਰੋਬਾਰ ਆਸਰੇ ਚੱਲਦਾ ਸੀ। ਉਹ ਪਿੰਡਾਂ ’ਚੋਂ ਦੁੱਧ ਇਕੱਠਾ ਕਰਕੇ ਲੁਧਿਆਣਾ ਵਿੱਚ ਵੇਚਦੇ ਸਨ। ਹਰਦੀਪ ਦਾ ਛੋਟਾ ਨਾਂ ਬਿੱਲਾ ਸੀ। ਇਸ ਪਰਿਵਾਰ ਨੇ ਬਿਹਤਰ ਜ਼ਿੰਦਗੀ ਤੇ ਸੁਨਹਿਰੇ ਭਵਿੱਖ ਦੀ ਆਸ ਨਾਲ ਵਿਦੇਸ਼ ਦਾ ਰੁਖ਼ ਕੀਤਾ ਸੀ।
ਪਿੰਡ 'ਚ ਝਗੜਾ ਹੋਣ ਮਗਰੋਂ ਕਦੇ ਵਾਪਸ ਨਹੀਂ ਆਇਆ ਪਰਿਵਾਰ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰਦੀਪ ਦੇ ਮਾਪਿਆਂ ਵੱਲੋਂ ਸਾਲ 2019 ਵਿੱਚ ਮਕਾਨ ਬਣਾਇਆ ਗਿਆ ਸੀ। ਹਰਦੀਪ ਦਾ ਪਿਤਾ ਪਿਆਰਾ ਸਿੰਘ ਕੈਨੇਡਾ ਤੋਂ ਹਰ ਸਾਲ ਪਿੰਡ ਆਉਂਦਾ ਸੀ ਪਰ ਮਕਾਨ ਬਣਾਉਣ ਤੋਂ ਬਾਅਦ ਉਸ ਨੇ ਕਦੇ ਪਿੰਡ ਦਾ ਫੇਰਾ ਨਹੀਂ ਪਾਇਆ। ਉਸ ਦੇ ਪਿਤਾ ਦਾ ਆਪਣੇ ਗੁਆਂਢੀ ਨਾਲ ਝਗੜਾ ਹੋ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਕੇਸ ਵੀ ਬਣ ਗਿਆ ਸੀ, ਜਿਸ ਤੋਂ ਗੁੱਸੇ ਵਿੱਚ ਆ ਕੇ ਉਹ ਕਦੇ ਵੀ ਪਿੰਡ ਨਾ ਆਇਆ।