ਪਾਕਿਸਤਾਨ 'ਚ ਹਿੰਦੂ ਮੰਦਰ 'ਤੇ ਹਮਲਾ ਕਰਨ ਦੇ ਇਲਜ਼ਾਮ 'ਚ 10 ਹੋਰ ਗ੍ਰਿਫ਼ਤਾਰ
ਖੈਬਰ ਪਖਤੂਨਖਵਾ 'ਚ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ 'ਚ ਕੁਝ ਲੋਕਾਂ ਨੇ ਬੁੱਧਵਾਰ ਮੰਦਰ ਦੇ ਵਿਸਥਾਰ ਕਾਰਜ ਖਿਲਾਫ ਉਸ 'ਚ ਤੋੜਫੋੜ ਕੀਤੀ ਤੇ ਅੱਗ ਲਾ ਦਿੱਤੀ ਸੀ।
ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਇਕ ਕਟਰਪੰਥੀ ਇਸਲਾਮਿਕ ਪਾਰਟੀ ਦੇ ਮੈਂਬਰਾਂ ਦੀ ਅਗਵਾਈ 'ਚ ਭੀੜ ਵੱਲੋਂ ਇਕ ਹਿੰਦੂ ਮੰਦਰ 'ਚ ਕੀਤੀ ਗਈ ਤੋੜਫੋੜ ਦੀ ਘਟਨਾ 'ਚ ਸ਼ਾਮਲ ਹੋਣ ਦੇ ਇਲਜ਼ਾਮ 'ਚ ਪੁਲਿਸ ਨੇ ਰਾਤ ਭਰ ਕੀਤੀ ਗਈ ਛਾਪੇਮਾਰੀ ਦੌਰਾਨ ਦਸ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਸੰਖਿਆਂ ਵਧ ਕੇ 55 ਹੋ ਗਈ।
ਖੈਬਰ ਪਖਤੂਨਖਵਾ 'ਚ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ 'ਚ ਕੁਝ ਲੋਕਾਂ ਨੇ ਬੁੱਧਵਾਰ ਮੰਦਰ ਦੇ ਵਿਸਥਾਰ ਕਾਰਜ ਖਿਲਾਫ ਉਸ 'ਚ ਤੋੜਫੋੜ ਕੀਤੀ ਤੇ ਅੱਗ ਲਾ ਦਿੱਤੀ ਸੀ। ਇਸ ਘਟਨਾ ਦੇ ਸਿਲਸਿਲੇ 'ਚ ਦਰਜ ਕੀਤੀ ਗਈ ਐਫਆਈਆਰ 'ਚ 350 ਤੋਂ ਜ਼ਿਆਦਾ ਲੋਕਾਂ ਦੇ ਨਾਂਅ ਹਨ। ਐਫਆਈਆਰ 'ਚ ਜਿਹੜੇ ਹੋਰ ਮੁਲਜ਼ਮਾਂ ਦੇ ਨਾਂਅ ਹਨ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।
ਇਸ ਮੰਦਰ 'ਚ ਇਕ ਹਿੰਦੂ ਧਾਰਮਿਕ ਲੀਡਰ ਦੀ ਸਮਾਧੀ ਸੀ। ਮੰਦਰ ਦੀ ਦਹਾਕਿਆਂ ਪੁਰਾਣੀ ਇਮਾਰਤ ਦੀ ਮੁਰੰਮਤ ਲਈ ਹਿੰਦੂ ਭਾਈਚਾਰੇ ਨੇ ਸਥਾਨਕ ਅਧਿਕਾਰੀਆਂ ਤੋਂ ਇਜਾਜ਼ਤ ਲਈ ਸੀ। ਕੁਝ ਸਥਾਨਕ ਮੌਲਵੀਆਂ ਤੇ ਜਮੀਅਤ ਉਲੇਮਾ-ਏ-ਇਸਲਾਮ ਪਾਰਟੀ ਦੇ ਸਮਰਥਕਾਂ ਦੀ ਅਗਵਾਈ 'ਚ ਭੀੜ ਨੇ ਪੁਰਾਣੇ ਢਾਂਚੇ ਦੇ ਨਾਲ-ਨਾਲ ਨਵੇਂ ਨਿਰਮਾਣ ਕਾਰਜਾਂ ਨੂੰ ਢਹਿ ਢੇਰੀ ਕਰ ਦਿੱਤਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ