ਕੱਲ੍ਹ ਤਕ ਪਰਮਾਣੂੰ ਜੰਗ ਦੀਆਂ ਗੱਲਾਂ ਕਰਨ ਵਾਲੇ ਪਾਕਿਸਤਾਨ ਨੇ ਲਿਆ ਯੂ-ਟਰਨ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹ ਦੁਵੱਲੇ ਮੁੱਦਿਆਂ 'ਤੇ ਭਾਰਤ ਨਾਲ ਗੱਲਬਾਤ ਲਈ ਤਿਆਰ ਹਨ ਪਰ ਭਾਰਤ ਵਿੱਚ ਪਾਕਿਸਤਾਨ ਨਾਲ ਗੱਲਬਾਤ ਕਰਨ ਲਈ ਮਾਹੌਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਗ ਕੋਈ ਵਿਕਲਪ ਨਹੀਂ ਹੈ।
ਨਵੀਂ ਦਿੱਲੀ: ਕੱਲ੍ਹ ਤਕ ਜੰਗ, ਐਟਮ ਬੰਬ ਤੇ ਮਿਸਾਈਲ ਦੀਆਂ ਧਮਕੀਆਂ ਦੇ ਰਹੇ ਪਾਕਿਸਤਾਨ ਨੇ ਹੁਣ ਗੱਲਬਾਤ ਨਾਲ ਮਸਲਾ ਹੱਲ ਕਰਨ ਦੀ ਗੱਲ ਆਖੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹ ਦੁਵੱਲੇ ਮੁੱਦਿਆਂ 'ਤੇ ਭਾਰਤ ਨਾਲ ਗੱਲਬਾਤ ਲਈ ਤਿਆਰ ਹਨ ਪਰ ਭਾਰਤ ਵਿੱਚ ਪਾਕਿਸਤਾਨ ਨਾਲ ਗੱਲਬਾਤ ਕਰਨ ਲਈ ਮਾਹੌਲ ਨਹੀਂ ਹੈ। ਉਨ੍ਹਾਂ ਕਿਹਾ ਕਿ ਜੰਗ ਕੋਈ ਵਿਕਲਪ ਨਹੀਂ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਉਹ ਭਾਰਤ ਨਾਲ ਕਸ਼ਮੀਰ ਮੁੱਦੇ 'ਤੇ ਸ਼ਰਤਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ।
ਕੁਰੈਸ਼ੀ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਹਾਲ ਹੀ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਸ਼ਮੀਰ ਮੁੱਦੇ ਦਾ ਅੰਤਰਰਾਸ਼ਟਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਇਸ ਵਿੱਚ ਕਾਮਯਾਬ ਨਹੀਂ ਹੋਏ ਤਾਂ ਉਨ੍ਹਾਂ ਭਾਰਤ ਨਾਲ ਪਰਮਾਣੂੰ ਯੁੱਧ ਕਰਨ ਦੀ ਧਮਕੀ ਦੇ ਦਿੱਤੀ।
ਪਾਕਿ ਦੇ ਵਿਦੇਸ਼ ਮੰਤਰੀ ਨੇ ਬੀਬੀਸੀ ਉਰਦੂ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, 'ਪਾਕਿਸਤਾਨ ਨੇ ਕਦੀ ਵੀ ਹਮਲਾਵਰ ਨੀਤੀ ਦਾ ਪਾਲਣ ਨਹੀਂ ਕੀਤਾ ਤੇ ਹਮੇਸ਼ਾ ਸ਼ਾਂਤੀ ਨੂੰ ਤਰਜੀਹ ਦਿੱਤੀ।' ਦੱਸ ਦੇਈਏ 14 ਫਰਵਰੀ ਨੂੰ ਪੁਲਵਾਮਾ ਅੱਤਵਾਦੀ ਹਮਲੇ ਤੇ ਉਸ ਦੇ ਬਾਅਦ ਭਾਰਤੀ ਫੌਜ ਦੀ ਬਾਲਾਕੋਟ ਵਿੱਚ ਕਾਰਵਾਈ ਵੇਲੇ ਹੀ ਭਾਰਤ-ਪਾਕਿ ਰਿਸ਼ਤਿਆਂ ਵਿੱਚ ਤਣਾਅ ਜਾਰੀ ਹੈ। ਇਹ ਤਣਾਅ ਉਦੋਂ ਵਧ ਗਿਆ ਜਦੋਂ ਪੀਐਮ ਮੋਦੀ ਨੇ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕਰਨ ਦਾ ਐਲਾਨ ਕੀਤਾ।