ਤਾਲਿਬਾਨ ਵੱਲੋਂ ਕੰਧਾਰ ਦੇ ਲੋਕਾਂ ਨੂੰ ਘਰ ਖਾਲੀ ਕਰਨ ਦਾ ਫਰਮਾਨ, ਵਿਰੋਧ 'ਚ ਸੜਕਾਂ 'ਤੇ ਉੱਤਰੇ ਲੋਕ
ਅਫ਼ਗਾਨਿਸਤਾਨ ਦੇ ਸਾਬਕਾ ਫੌਜੀਆਂ ਦੀ ਆਬਾਦੀ ਵਾਲੇ ਕੰਧਾਰ ਦੇ ਉਪਨਗਰ ਜ਼ਾਰਾ ਫਰਕਾ 'ਚ ਤਾਲਿਬਾਨ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰਨ ਦੀ ਯੋਜਨਾ ਬਣਾਈ ਹੈ।
Kandahar Protest: ਅਫ਼ਗਾਨਿਸਤਾਨ 'ਤੇ ਪੂਰੀ ਤਰ੍ਹਾਂ ਨਾਲ ਕਬਜ਼ਾ ਕਰਨ ਤੋਂ ਬਾਅਦ ਹੁਣ ਤਾਲਿਬਾਨ ਨੇ ਲੋਕਾਂ 'ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ ਹਨ। ਖ਼ਬਰ ਹੈ ਕਿ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਕੰਧਾਰ 'ਚ ਫੌਜ ਦੀ ਰਿਹਾਇਸ਼ੀ ਕਾਲੋਨੀ 'ਚ ਰਹਿ ਰਹੇ ਹਜ਼ਾਰਾਂ ਲੋਕਾਂ ਨੂੰ ਤਿੰਨ ਦਿਨਾਂ 'ਚ ਘਰ ਛੱਡਣ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਜਿਸ ਦੇ ਵਿਰੋਧ 'ਚ ਹੁਣ ਹਜ਼ਾਰਾਂ ਦੀ ਸੰਖਿਆਂ 'ਚ ਲੋਕ ਸੜਕਾਂ 'ਤੇ ਉੱਤਰ ਆਏ ਹਨ। ਫਿਲਹਾਲ ਪ੍ਰਦਰਸ਼ਨ ਕਰ ਰਹੇ ਲੋਕ ਕੰਧਾਰ ਦੇ ਗਵਰਨਰ ਹਾਊਸ ਦੇ ਸਾਹਮਣੇ ਇਕੱਠੇ ਹੋਏ ਹਨ।
ਲੋਕਾਂ ਨੂੰ ਕਾਲੋਨੀ ਛੱਡਣ ਦੇ ਦਿੱਤੇ ਹੁਕਮ
ਦਰਅਸਲ ਅਫ਼ਗਾਨਿਸਤਾਨ ਦੇ ਸਾਬਕਾ ਫੌਜੀਆਂ ਦੀ ਆਬਾਦੀ ਵਾਲੇ ਕੰਧਾਰ ਦੇ ਉਪਨਗਰ ਜ਼ਾਰਾ ਫਰਕਾ 'ਚ ਤਾਲਿਬਾਨ ਨੇ ਹਜ਼ਾਰਾਂ ਲੋਕਾਂ ਨੂੰ ਬੇਘਰ ਕਰਨ ਦੀ ਯੋਜਨਾ ਬਣਾਈ ਹੈ। ਤਾਲਿਬਾਨ ਨੇ ਆਪਣੇ ਲੜਾਕਿਆਂ ਦੇ ਰਹਿਣ ਦੀ ਵਿਵਸਥਾ ਲਈ ਹਜ਼ਾਰਾਂ ਲੋਕਾਂ ਨੂੰ ਕਾਲੋਨੀ ਛੱਡਣ ਦੇ ਹੁਕਮ ਦੇ ਦਿੱਤੇ ਹਨ।
ਤਾਲਿਬਾਨ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਤੇ ਹੋਰ ਨਹੀਂ ਜਾਣਾ ਚਾਹੁੰਦੇ। ਹੁਣ ਉਹ ਤਾਲਿਬਾਨ ਦਾ ਵਿਰੋਧ ਕਰਨ ਲਈ ਸੜਕਾਂ 'ਤੇ ਉੱਤਰ ਆਏ ਹਨ। ਇਕ ਸਥਾਨਕ ਨਿਵਾਸੀ ਦੇ ਮੁਤਾਬਕ ਦੱਸਿਆ ਗਿਆ ਕਿ ਇਲਾਕੇ 'ਚ ਕਰੀਬ ਦਸ ਹਜ਼ਾਰ ਤੋਂ ਜ਼ਿਆਦਾ ਲੋਕ ਰਹਿੰਦੇ ਹਨ। ਜਿੰਨਾਂ 'ਚ ਪਿਛਲੇ 20 ਸਾਲਾਂ 'ਚ ਸਾਲਿਬਾਨ ਖਿਲਾਫ ਕਾਰਾਵਈ 'ਚ ਮਾਰੇ ਗਏ ਜਾਂ ਜ਼ਖ਼ਮੀ ਹੋਏ ਫੌਜੀਆਂ ਦੇ ਪਰਿਵਾਰ ਹਨ।
ਤਾਲਿਬਾਨੀ ਲੜਾਕਿਆਂ ਨੇ ਵਿਰੋਧ ਮਾਰਚ ਕਵਰ ਕਰ ਰਹੇ ਪੱਤਰਕਾਰਾਂ ਨੂੰ ਕੁੱਟਿਆ
ਖ਼ਬਰਾਂ ਮੁਤਾਬਕ ਮੰਗਲਵਾਰ ਹੋਏ ਇਸ ਵਿਰੋਧ ਮਾਰਚ ਨੂੰ ਕਵਰ ਕਰਨ ਵਾਲੇ ਕੁਝ ਪੱਤਰਕਾਰਾਂ ਨੂੰ ਤਾਲਿਬਾਨ ਗਾਰਡਾਂ ਨੇ ਕਾਫੀ ਪਰੇਸ਼ਾਨ ਕੀਤਾ ਤੇ ਕੁੱਟਿਆ। ਉੱਥੇ ਹੀ ਵਿਰੋਧ ਪ੍ਰਦਰਸ਼ਨ ਦੇ ਜਵਾਬ 'ਚ ਕੰਧਾਰ ਦੇ ਰਾਜਪਾਲ ਨੇ ਅਸਥਾਈ ਤੌਰ 'ਤੇ ਕਿਸੇ ਵੀ ਨਿਕਾਸੀ 'ਤੇ ਰੋਕ ਲਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਾਈਚਾਰੇ ਦੇ ਬਜ਼ੁਰਗਾਂ ਨਾਲ ਇਸ ਮਾਮਲੇ 'ਤੇ ਚਰਚਾ ਕੀਤੀ ਜਾਵੇਗੀ। ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।