ਬਾਇਡਨ ਨੇ ਕੈਨੇਡੀਅਨ ਪੀਐਮ ਟਰੂਡੋ ਨੂੰ ਕੀਤਾ ਫ਼ੋਨ ਕੀਤਾ, ਦੋਵਾਂ ਵਿਚਾਲੇ ਇਸ ਮੁੱਦੇ ਨੂੰ ਲੈ ਕੇ ਹੋਈ ਗੱਲਬਾਤ
Joe Biden calls Justin Trudeau: ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ "ਵਾਧੂ ਤੋਪਖਾਨੇ, ਰਡਾਰ ਅਤੇ ਹੋਰ ਸਾਜ਼ੋ-ਸਾਮਾਨ" ਦੇ ਰੂਪ ਵਿੱਚ ਯੂਕਰੇਨ ਨੂੰ ਵਾਧੂ ਸੁਰੱਖਿਆ ਸਹਾਇਤਾ ਦਾ ਐਲਾਨ ਕੀਤਾ।
Russia-Ukraine War: ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਫ਼ੋਨ ਕਾਲ ਵਿੱਚ ਯੂਕਰੇਨ ਨੂੰ ਸੁਰੱਖਿਆ ਮਦਦ ਪ੍ਰਦਾਨ ਕਰਨ ਦੀਆਂ ਕੋਸ਼ਿਸਾਂ 'ਤੇ ਚਰਚਾ ਕੀਤੀ। ਦੱਸ ਦਈਏ ਕਿ ਵ੍ਹਾਈਟ ਹਾਊਸ ਨੇ ਇੱਕ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੱਤੀ। ਦੋਹਾਂ ਨੇਤਾਵਾਂ ਨੇ ਯੂਕਰੇਨ 'ਤੇ ਹਮਲੇ ਲਈ ਰੂਸ ਨੂੰ ਜਵਾਬਦੇਹ ਠਹਿਰਾਉਣ ਦੀ ਆਪਣੀ ਵਚਨਬੱਧਤਾ 'ਤੇ ਜ਼ੋਰ ਦਿੱਤਾ। ਬਿਆਨ ਮੁਤਾਬਕ ਬਾਇਡਨ ਅਤੇ ਟਰੂਡੋ ਨੇ ਜੂਨ ਵਿੱਚ ਲੌਸ ਏਂਜਲਸ ਵਿੱਚ ਅਮਰੀਕੀ ਸੰਮੇਲਨ 'ਚ ਆਪਣੀ ਆਉਣ ਵਾਲੀ ਭਾਗੀਦਾਰੀ ਬਾਰੇ ਵੀ ਚਰਚਾ ਕੀਤੀ।
ਰਾਸ਼ਟਰਪਤੀ ਜੋਅ ਬਾਇਡਨ ਨੇ ਸ਼ੁੱਕਰਵਾਰ ਨੂੰ "ਵਾਧੂ ਤੋਪਖਾਨੇ, ਰਡਾਰ ਅਤੇ ਹੋਰ ਸਾਜ਼ੋ-ਸਾਮਾਨ" ਦੇ ਰੂਪ ਵਿੱਚ ਯੂਕਰੇਨ ਨੂੰ ਵਾਧੂ ਸੁਰੱਖਿਆ ਮਦਦ ਦੇਣ ਦਾ ਐਲਾਨ ਕੀਤਾ। ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਨਵੀਨਤਮ ਪੈਕੇਜ 150 ਮਿਲੀਅਨ ਡਾਲਰ ਦੇ ਸਾਜ਼ੋ-ਸਾਮਾਨ ਲਈ ਹੈ, ਜਿਸ ਵਿੱਚ 25,000 155 ਮਿਲੀਮੀਟਰ ਤੋਪਖਾਨੇ, ਕਾਊਂਟਰ-ਆਰਟੀਲਰੀ ਰਾਡਾਰ, ਜੈਮਿੰਗ ਉਪਕਰਣ ਅਤੇ ਫੀਲਡ ਉਪਕਰਣ ਅਤੇ ਸਪੇਅਰ ਪਾਰਟਸ ਸ਼ਾਮਲ ਹਨ।
ਅਮਰੀਕਾ ਨੇ ਯੂਕਰੇਨ ਨੂੰ ਅਰਬਾਂ ਡਾਲਰ ਦੀ ਦਿੱਤੀ ਮਦਦ
ਨਵਾਂ ਸੁਰੱਖਿਆ ਮਦਦ ਪੈਕੇਜ ਰੂਸ ਦੇ ਹਮਲੇ ਦੌਰਾਨ ਯੂਕਰੇਨ ਦਾ ਸਮਰਥਨ ਕਰਨ ਲਈ ਪਿਛਲੇ ਹਫ਼ਤੇ ਕਾਂਗਰਸ ਨੂੰ ਰਾਸ਼ਟਰਪਤੀ ਦੇ $ 33 ਬਿਲੀਅਨ ਦੇ ਪ੍ਰਸਤਾਵ ਤੋਂ ਬਾਅਦ ਹੈ। ਅਮਰੀਕਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਯੂਕਰੇਨ ਨੂੰ ਲੰਬੇ ਸਮੇਂ ਦੀ ਸਹਾਇਤਾ ਪ੍ਰਦਾਨ ਕਰਨ ਦਾ ਇਰਾਦਾ ਰੱਖਦਾ ਹੈ ਅਤੇ ਪਹਿਲਾਂ ਹੀ ਦੇਸ਼ ਨੂੰ ਅਰਬਾਂ ਡਾਲਰ ਦੀ ਫੌਜੀ ਅਤੇ ਮਨੁੱਖੀ ਸਹਾਇਤਾ ਪ੍ਰਦਾਨ ਕਰ ਚੁੱਕਾ ਹੈ।
ਜ਼ੇਲੇਂਸਕੀ ਨੇ ਕਿਹਾ ਕਿ ਯੂਕਰੇਨ ਵਿੱਚ ਦਵਾਈਆਂ ਦੀ ਕਮੀ
ਇਸ ਤੋਂ ਪਹਿਲਾਂ, ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਰਵਾਰ ਰਾਤ ਨੂੰ ਰਾਸ਼ਟਰ ਨੂੰ ਆਪਣੇ ਵੀਡੀਓ ਸੰਬੋਧਨ ਵਿੱਚ ਦੇਸ਼ ਦੇ ਉਨ੍ਹਾਂ ਹਿੱਸਿਆਂ ਵਿੱਚ ਦਵਾਈਆਂ ਅਤੇ ਡਾਕਟਰੀ ਸਹੂਲਤਾਂ ਦੀ ਗੰਭੀਰ ਘਾਟ ਦਾ ਜ਼ਿਕਰ ਕੀਤਾ। ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਖੇਤਰਾਂ ਵਿਚ ਕੈਂਸਰ ਦੇ ਮਰੀਜ਼ਾਂ ਲਈ ਇਲਾਜ ਦੀਆਂ ਸਹੂਲਤਾਂ ਦੀ ਲਗਭਗ ਪੂਰੀ ਘਾਟ ਹੈ, ਜਦੋਂ ਕਿ ਸ਼ੂਗਰ ਦੇ ਮਰੀਜ਼ਾਂ ਲਈ 'ਇਨਸੁਲਿਨ' ਜਾਂ ਤਾਂ ਉਪਲਬਧ ਨਹੀਂ ਹੈ ਜਾਂ ਹਾਸਲ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਨੇ ‘ਐਂਟੀਬਾਇਓਟਿਕਸ’ ਦੀ ਸਪਲਾਈ ਵਿੱਚ ਵੱਡੀ ਕਮੀ ਦਾ ਵੀ ਦਾਅਵਾ ਕੀਤਾ।