ਅਮਰੀਕਾ ’ਚ ਵੱਸਦੇ ਭਾਰਤੀਆਂ ਲਈ ਧਰਮ ਅਹਿਮ ਪਰ ਉਹ ਨਹੀਂ ਕਰਦੇ ਦਿਖਾਵਾ, ਸਰਵੇਖਣ 'ਚ ਖੁਲਾਸਾ
ਇਸ ਸਰਵੇਖਣ ਰਾਹੀਂ ਭਾਰਤੀ ਮੂਲ ਦੇ ਅਮਰੀਕਨਾਂ ਦੀਆਂ ਸਮਾਜਕ ਸੱਚਾਈਆਂ ਸਾਹਮਣੇ ਲਿਆਂਦੀਆਂ ਹਨ। ਇਸ ਦੇ ਨਤੀਜਿਆਂ ਤੋਂ ਸਹਿਜੇ ਹੀ ਪਤਾ ਲਾਇਆ ਜਾ ਸਕਦਾ ਹੈ ਕਿ ਸਾਲ 2020 ਦੌਰਾਨ ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਦਾ ਕਿਹੋ ਜਿਹਾ ਵਤੀਰਾ ਹੈ।
ਮਹਿਤਾਬ-ਉਦ-ਦੀਨ
ਚੰਡੀਗੜ੍ਹ: ਅਮਰੀਕਾ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਤੇ ਐਨਆਰਆਈਜ਼ ਦੀ ਗਿਣਤੀ ਹੁਣ 42 ਲੱਖ ਤੋਂ ਵੀ ਜ਼ਿਆਦਾ ਹੋ ਗਈ ਹੈ। ਮੈਕਸੀਕੋ ਦੇਸ਼ ਤੋਂ ਬਾਅਦ ਭਾਰਤ ਹੀ ਦੂਜੇ ਨੰਬਰ ਦਾ ਅਜਿਹਾ ਦੇਸ਼ ਹੈ, ਜਿੱਥੋਂ ਦੇ ਲੋਕ ਅਮਰੀਕਾ ’ਚ ਇੰਨੀ ਵੱਡੀ ਗਿਣਤੀ ਵਿੱਚ ਰਹਿ ਰਹੇ ਹਨ। ਭਾਰਤੀ ਮੂਲ ਦੇ ਖੋਜਕਾਰਾਂ ਸੁਮਿੱਤਰਾ ਬਦਰੀਨਾਥਨ, ਦੇਵੇਸ਼ ਕਪੂਰ, ਜੋਨਾਥਨ ਕੇਅ, ਮਿਲਨ ਵੈਸ਼ਨਵ ਨੇ ਭਾਰਤੀ ਮੂਲ ਦੇ ਅਮਰੀਕਨਾਂ ਉੱਤੇ ਇੱਕ ਵਿਲੱਖਣ ਕਿਸਮ ਦਾ ਸਰਵੇਖਣ ਕਰ ਕੇ ਬੜੇ ਦਿਲਚਸਪ ਨਤੀਜੇ ਸਾਹਮਣੇ ਲਿਆਂਦੇ ਹਨ। ਇਸ ਸਰਵੇਖਣ ਨੂੰ ਨੇਪਰੇ ਚਾੜ੍ਹਨ ਵਿੱਚ ਕਾਰਨੇਗੀ, ਜੌਨਸ ਹੌਪਕਿਨਜ਼ ਤੇ ਪੈੱਨ ਜਿਹੇ ਸੰਸਥਾਨਾਂ ਨੇ ਆਪਣਾ ਆਰਥਿਕ ਯੋਗਦਾਨ ਪਾਇਆ ਹੈ।
ਇਸ ਸਰਵੇਖਣ ਰਾਹੀਂ ਭਾਰਤੀ ਮੂਲ ਦੇ ਅਮਰੀਕਨਾਂ ਦੀਆਂ ਸਮਾਜਕ ਸੱਚਾਈਆਂ ਸਾਹਮਣੇ ਲਿਆਂਦੀਆਂ ਹਨ। ਇਸ ਦੇ ਨਤੀਜਿਆਂ ਤੋਂ ਸਹਿਜੇ ਹੀ ਪਤਾ ਲਾਇਆ ਜਾ ਸਕਦਾ ਹੈ ਕਿ ਸਾਲ 2020 ਦੌਰਾਨ ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਦਾ ਕਿਹੋ ਜਿਹਾ ਵਤੀਰਾ ਹੈ। ਇਹ ਆਨਲਾਈਨ ਸਰਵੇਖਣ ਭਾਰਤੀ ਮੂਲ ਦੇ 1,200 ਅਮਰੀਕਨਾਂ (ਇੱਥੇ ਇਸ ਖ਼ਬਰ ਵਿੱਚ ਇਨ੍ਹਾਂ ਨੂੰ ‘ਭਾਰਤੀ-ਅਮਰੀਕਨ’ ਕਿਹਾ ਜਾਵੇਗਾ) ਉੱਤੇ ਕੀਤਾ ਗਿਆ ਹੈ। ਇਸ ਲਈ YouGov ਦੀ ਸਹਾਇਤਾ ਵੀ ਲਈ ਗਈ ਹੈ, ਜਿਸ ਦੇ 18 ਲੱਖ ਅਮਰੀਕਨ ਮੈਂਬਰ ਹਨ। ਕਾਰਨੇਗੀ ‘ਐਂਡਾਓਮੈਂਟ ਫ਼ਾਰ ਇੰਟਰਨੈਸ਼ਨਲ ਪੀਸ’ (Endowment For International Peace) ਨੇ ਇਸ ਸਰਵੇਖਣ ਦੇ ਨਤੀਜੇ ਜੱਗ-ਜ਼ਾਹਿਰ ਕੀਤੇ ਹਨ।
ਇਸ ਦਿਲਚਸਪ ਸਰਵੇਖਣ ਦੇ ਕੁਝ ਨਤੀਜੇ ਇਸ ਪ੍ਰਕਾਰ ਹਨ:
- ਭਾਰਤੀ ਮੂਲ ਦੇ 80 ਫ਼ੀਸਦੀ ਅਮਰੀਕੀ ਨਾਗਰਿਕ (ਨੌਜਵਾਨ) ਭਾਰਤੀ ਮੂਲ ਦੇ ਹੀ ਕਿਸੇ ਵਿਅਕਤੀ ਨਾਲ ਵਿਆਹ ਰਚਾਉਣਾ ਪਸੰਦ ਕਰਦੇ ਹਨ ਪਰ ਸ਼ਰਤ ਇਹ ਵੀ ਹੈ ਕਿ ਉਨ੍ਹਾਂ ਦਾ ਬਣਨ ਵਾਲਾ ਜੀਵਨ-ਸਾਥੀ ਵੀ ਅਮਰੀਕਾ ’ਚ ਹੀ ਪੈਦਾ ਹੋਇਆ ਹੋਵੇ।
- ਤਿੰਨ-ਚੌਥਾਈ ਭਾਰਤੀ-ਅਮਰੀਕਨਾਂ ਲਈ ਜੀਵਨ ਵਿੱਚ ਧਰਮ ਦੀ ਵੱਡੀ ਮਹੱਤਤਾ ਹੈ ਪਰ ਉਹ ਇਸ ਦਾ ਕੋਈ ਬਹੁਤਾ ਦਿਖਾਵਾ ਨਹੀਂ ਕਰਦੇ। 40 ਫ਼ੀਸਦੀ ਵਿਅਕਤੀ ਦਿਨ ’ਚ ਇੱਕ ਵਾਰ ਅਰਦਾਸ ਕਰਦੇ ਹਨ ਤੇ 27 ਫ਼ੀਸਦੀ ਹਫ਼ਤੇ ’ਚ ਇੱਕ ਵਾਰ।
- ਇੱਕ ਧਰਮ ਦੇ ਲੋਕਾਂ ਵਿਚਾਲੇ ਮਜ਼ਬੂਤ ਅੰਦਰੂਨੀ ਤਾਲਮੇਲ ਅਤੇ ਨੈੱਟਵਰਕ ਬਣਿਆ ਹੁੰਦਾ ਹੈ।
- ਲਗਭਗ 50 ਫ਼ੀਸਦੀ ਹਿੰਦੂ ਭਾਰਤੀ-ਅਮਰੀਕਨ ਆਪਣੇ ਨਾਂਅ ਨਾਲ ਆਪਣੀ ਜਾਤ ਜਾਂ ਗੋਤ ਆਦਿ ਲਾਉਣਾ ਪਸੰਦ ਕਰਦੇ ਹਨ।
- ਸਿਰਫ਼ 40 ਫ਼ੀ ਸਦੀ ਵਿਅਕਤੀ ਚਾਹੁੰਦੇ ਹਨ ਕਿ ਸਭ ਨੂੰ ਉਨ੍ਹਾਂ ਦੇ ਭਾਰਤੀ ਮੂਲ ਦੇ ਹੋਣ ਬਾਰੇ ਜਾਣਕਾਰੀ ਹੋਵੇ ਪਰ 60 ਫ਼ੀਸਦੀ ਖ਼ੁਦ ਨੂੰ ਸਿਰਫ਼ ‘ਅਮਰੀਕਨ’ ਆਖਦੇ ਹਨ।
- ਜ਼ਿਆਦਾਤਰ ਭਾਰਤੀ-ਅਮਰੀਕਨ ਸਮਾਜਕ ਤੇ ਸਿਆਸੀ ਮਾਮਲਿਆਂ ਨਾਲ ਜੁੜਨਾ ਪਸੰਦ ਕਰਦੇ ਹਨ।
- ਜਿਹੜੇ ਭਾਰਤੀ-ਅਮਰੀਕਨ ਇਸ ਦੇਸ਼ ਦੀ ਡੈਮੋਕ੍ਰੈਟ ਪਾਰਟੀ ਨੂੰ ਆਪਣੀ ਹਮਾਇਤ ਦਿੰਦੇ ਹਨ, ਉਹ ਛੇਤੀ ਕਿਤੇ ਰੀਪਬਲਿਕਨ ਪਾਰਟੀ ਨਾਲ ਜੁੜੇ ਵਿਅਕਤੀ ਨੂੰ ਆਪਣਾ ਦੋਸਤ ਨਹੀਂ ਬਣਾਉਂਦੇ, ਭਾਵੇਂ ਉਹ ਭਾਰਤੀ ਮੂਲ ਦਾ ਹੀ ਕਿਉਂ ਨਾ ਹੋਵੇ। ਭਾਰਤ ’ਚ ਵੀ ਇਵੇਂ ਹੀ ਹੈ; ਭਾਜਪਾ ਨਾਲ ਜੁੜਿਆ ਵਿਅਕਤੀ ਸਹਿਜ ਸੁਭਾਵਕ ਤੌਰ ਉੱਤੇ ਕਿਸੇ ਕਾਂਗਰਸੀ ਨਾਲ ਬਹੁਤੀ ਨੇੜਤਾ ਨਹੀਂ ਬਣਾਉਂਦਾ।
- ਲਗਪਗ 50% ਭਾਰਤੀ ਅਮਰੀਕਨਾਂ ਨਾਲ ਸੰਯੁਕਤ ਰਾਜ ਅਮਰੀਕਾ ਵਿੱਚ ਕਿਸੇ ਨਾ ਕਿਸੇ ਸਮੇਂ ਵਿਤਕਰਾ ਜਾਂ ਪੱਖਪਾਤ ਜ਼ਰੂਰ ਹੁੰਦਾ ਹੈ।
ਇਹ ਵੀ ਪੜ੍ਹੋ: Ranjit Bawa ਹੁਣ ‘ਪ੍ਰਾਹੁਣਾ 2’ ਨਾਲ ਕਰਨਗੇ ਦਰਸ਼ਕਾਂ ਦਾ ਮਨੋਰੰਜਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin