(Source: ECI/ABP News/ABP Majha)
Sikh Genocide: ਅਮਰੀਕਾ ਦੇ ਸੂਬੇ ਟੈਕਸਸ ਵੱਲੋਂ ਚੁਰਾਸੀ ਦੇ ਦੰਗੇ ਸਿੱਖ ਨਸਲਕੁਸ਼ੀ ਕਰਾਰ
Sikh Genocide: ਅਮਰੀਕਾ ਦੇ ਹੋਰ ਕਈ ਸੂਬਿਆਂ ਵਾਂਗ ਟੈਕਸਸ ਵਿਧਾਨ ਸਭਾ ਦੇ ਨੁਮਾਇੰਦਿਆਂ ਨੇ ਵੀ ਨਵੰਬਰ 1984 ਵਿੱਚ ਭਾਰਤ ਦੇ ਦਿੱਲੀ ਸਮੇਤ ਵੱਖ ਵੱਖ ਸੂਬਿਆਂ ਵਿੱਚ ਵਾਪਰੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ।
Sikh Genocide: ਅਮਰੀਕਾ ਦੇ ਹੋਰ ਕਈ ਸੂਬਿਆਂ ਵਾਂਗ ਟੈਕਸਸ ਵਿਧਾਨ ਸਭਾ ਦੇ ਨੁਮਾਇੰਦਿਆਂ ਨੇ ਵੀ ਨਵੰਬਰ 1984 ਵਿੱਚ ਭਾਰਤ ਦੇ ਦਿੱਲੀ ਸਮੇਤ ਵੱਖ ਵੱਖ ਸੂਬਿਆਂ ਵਿੱਚ ਵਾਪਰੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਸੂਬੇ ਨਿਊਜਰਸੀ, ਪੈਨਸਿਲਵੇਨੀਆ, ਕਨੈਕਟੀਕਟ ਵਿੱਚ ’84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾ ਚੁੱਕੀ ਹੈ।
ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਡਾ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਟੈਕਸਸ ਦੇ ਵਿਧਾਨਕਾਰਾਂ ਨੇ 1984 ਵਿੱਚ ਵਾਪਰੇ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ। ਇਸ ਸਬੰਧੀ ਟੈਕਸਸ ਦੇ ਵਿਧਾਨਕਾਰ ਟੈਰੀ ਮੇਜ਼ਾ ਨੇ ਇੱਕ ਮਤਾ ਜਾਰੀ ਕੀਤਾ, ਜਿਸ ਨੂੰ ਵਿਧਾਨ ਸਭਾ ਦੇ ਨੁਮਾਇੰਦੇ ਤੇ ਕਾਂਗਰਸ ਮਹਿਲਾ ਆਗੂ ਜੈਸਮੀਨ ਕ੍ਰੋਕੇਟ ਨੇ ਸਮਰਥਨ ਦਿੱਤਾ ਹੈ।
ਮਤੇ ਵਿੱਚ ਆਖਿਆ ਗਿਆ ਕਿ ਨਵੰਬਰ, 1984 ਵਿੱਚ ਭਾਰਤ ’ਚ ਸਿੱਖ ਭਾਈਚਾਰੇ ’ਤੇ ਯੋਜਨਾਬੱਧ ਢੰਗ ਨਾਲ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਤਿੰਨ ਦਿਨਾਂ ਵਿੱਚ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਹਿੰਸਾਕਾਰੀਆਂ ਨੂੰ ਪੁਲਿਸ ਤੇ ਸਰਕਾਰ ਦੀ ਸ਼ਹਿ ਪ੍ਰਾਪਤ ਸੀ। ਮਤੇ ਅਨੁਸਾਰ ਸੰਯੁਕਤ ਰਾਸ਼ਟਰ ਦੀ ਨਸਲਕੁਸ਼ੀ ਸਬੰਧੀ ਨਿਯਮ ਦੀ ਧਾਰਾ ਦੋ ਤਹਿਤ ਇਹ ਘਟਨਾਵਾਂ ਸਿੱਖ ਨਸਲਕੁਸ਼ੀ ਹਨ।
ਮਤੇ ਵਿੱਚ ਦੱਸਿਆ ਗਿਆ ਕਿ ਇਹ ਯੋਜਨਾਬੱਧ ਹਿੰਸਕ ਘਟਨਾਵਾਂ ਦਿੱਲੀ ਤੋਂ ਇਲਾਵਾ ਝਾਰਖੰਡ, ਮੱਧ ਪ੍ਰਦੇਸ਼, ਹਰਿਆਣਾ, ਉੱਤਰਾਖੰਡ, ਬਿਹਾਰ, ਉੱਤਰ ਪ੍ਰਦੇਸ਼, ਬੰਗਾਲ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੜੀਸਾ, ਜੰਮੂ ਕਸ਼ਮੀਰ, ਛੱਤੀਸਗੜ੍ਹ ,ਤ੍ਰਿਪੁਰਾ, ਤਾਮਿਲਨਾਡੂ, ਗੁਜਰਾਤ, ਆਂਧਰਾ ਪ੍ਰਦੇਸ਼, ਕੇਰਲਾ ਤੇ ਮਹਾਰਾਸ਼ਟਰ ਵਿੱਚ ਵੀ ਵਾਪਰੀਆਂ।
ਉਨ੍ਹਾਂ ਆਖਿਆ ਕਿ ਹਰਿਆਣਾ ਵਿੱਚ ਸਿੱਖਾਂ ਦੇ ਪਿੰਡ ਹੋਦ ਚਿੱਲੜ ਅਤੇ ਪਟੌਦੀ ਪੂਰੀ ਤਰ੍ਹਾਂ ਤਬਾਹ ਕਰ ਦਿੱਤੇ ਗਏ, ਜਿਨ੍ਹਾਂ ਬਾਰੇ ਖ਼ੁਲਾਸਾ 2011 ਵਿੱਚ ਹੋਇਆ। ਦਿੱਲੀ ਦੇ ਤਿਲਕ ਵਿਹਾਰ ਵਿੱਚ ਹੋਏ ਕਤਲੇਆਮ ਕਾਰਨ ਹੁਣ ਇਸ ਨੂੰ ਵਿਧਵਾ ਕਲੋਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਵਿਧਾਨਕਾਰ ਟੈਰੀ ਮੇਜ਼ਾ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਬਾਰੇ ਜਾਣ ਕੇ ਉਹ ਬਹੁਤ ਦੁਖੀ ਹੋਏ ਸਨ ਅਤੇ ਅੱਜ ਇਹ ਮਤਾ ਜਾਰੀ ਕਰਕੇ ਉਨ੍ਹਾਂ ਸਿੱਖ ਭਾਈਚਾਰੇ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ।
ਯੂਐਨ ਗਲੋਬਲ ਕਮੇਟੀ ਦੇ ਮੈਂਬਰ ਡਾ. ਇਕਤਿਦਾਰ ਚੀਮਾ ਨੇ ਕਿਹਾ ਕਿ ਅਮਰੀਕਾ ਦੇ ਇਤਿਹਾਸ ਵਿੱਚ ਸਿੱਖ ਭਾਈਚਾਰੇ ਲਈ ਅੱਜ ਦਾ ਦਿਨ ਵਿਸ਼ੇਸ਼ ਹੈ, ਜਦੋਂ ਟੈਕਸਸ ਦੇ ਵਿਧਾਨਕਾਰਾਂ ਨੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ। ਉਨ੍ਹਾਂ ਕਿਹਾ ਕਿ 38 ਸਾਲ ਪਹਿਲਾਂ ਸਿੱਖ ਭਾਈਚਾਰੇ ਤੇ ਯੋਜਨਾਬੱਧ ਢੰਗ ਨਾਲ ਇਹ ਹਿੰਸਕ ਘਟਨਾਵਾਂ ਵਾਪਰੀਆਂ ਸਨ ਤੇ ਹੁਣ ਤੱਕ ਇਸ ਮਾਮਲੇ ਵਿਚ ਸਿੱਖ ਭਾਈਚਾਰੇ ਨੂੰ ਨਿਆਂ ਨਹੀਂ ਮਿਲਿਆ।