ਨਨਕਾਣਾ ਸਾਹਿਬ ਪੁੱਜੇ ਸਿੱਖ ਜਥੇ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ, ਭਲਕੇ ਚੱਲੇਗਾ ਅੰਤਰਰਾਸ਼ਟਰੀ ਨਗਰ ਕੀਰਤਨ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਦਾ ਸ੍ਰੀ ਨਨਕਾਣਾ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜਾ ਮਨਸੂਰ ਅਹਿਮਦ ਸਮੇਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।
ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਅਗਸਤ ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਣ ਵਾਲੇ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋਇਆ ਜਥਾ ਬਾਅਦ ਦੁਪਹਿਰ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਪੁੱਜ ਗਿਆ। ਜਥੇ ਵਿੱਚ ਲਗਪਗ ਪੰਜ ਸੌ ਸਿੱਖ ਸ਼ਰਧਾਲੂ ਸ਼ਾਮਲ ਸਨ, ਜਿਨ੍ਹਾਂ ਨੂੰ ਪਹਿਲੀ ਵਾਰ ਕਰਤਾਰਪੁਰ ਲਾਂਘਾ ਟੱਪਣ ਦਾ ਸੁਭਾਗ ਪ੍ਰਾਪਤ ਹੋਇਆ।
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਸ਼ਰਧਾਲੂਆਂ ਦਾ ਸ੍ਰੀ ਨਨਕਾਣਾ ਸਾਹਿਬ ਦੇ ਡਿਪਟੀ ਕਮਿਸ਼ਨਰ ਰਾਜਾ ਮਨਸੂਰ ਅਹਿਮਦ ਸਮੇਤ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਤੋਂ ਪਹਿਲਾਂ ਅਟਾਰੀ ਸਰਹੱਦ ਤੋਂ ਪਾਕਿਸਤਾਨ ’ਚ ਪੈਂਦੇ ਵਾਹਗਾ ਵਿਖੇ ਪਹੁੰਚਣ ‘ਤੇ ਭਾਈ ਲੌਂਗੋਵਾਲ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ, ਸ. ਮਨਜਿੰਦਰ ਸਿੰਘ ਸਿਰਸਾ, ਬਾਬਾ ਬਲਬੀਰ ਸਿੰਘ ਨਿਹੰਗ ਮੁਖੀ ਦਾ ਸਵਾਗਤ ਕੀਤਾ ਗਿਆ
ਸੰਗਤਾਂ ਦੇ ਸਵਾਗਤ ਲਈ ਫੁੱਲਾਂ ਦੀ ਭਰਵੀਂ ਵਰਖਾ ਕੀਤੀ ਗਈ। ਇਸੇ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਿੰਘ ਸਾਹਿਬਾਨ ਅਤੇ ਸੰਗਤਾਂ ਨੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਥੇ ਸੰਗਤ ਦੀ ਆਮਦ ’ਤੇ ਸਥਾਨਕ ਸਿੱਖ ਸੰਗਤ ਵੱਲੋਂ ਗੁਰਦੁਆਰੇ ਵਿਚ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਹੋਈ ਸੀ।