ਦੁਨੀਆ ਭਰ 'ਚੋਂ ਵਿਰੋਧ ਮਗਰੋਂ ਤਾਲਿਬਾਨ ਨੇ ਕੀਤਾ ਵੱਡਾ ਐਲਾਨ
ਬਰਾਦਰ ਨੇ ਆਪਣੇ ਟਵੀਟ ’ਚ ਕਿਹਾ,‘‘ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਸਾਰੇ ਮੁਲਕਾਂ, ਖਾਸ ਕਰਕੇ ਅਮਰੀਕਾ ਨਾਲ ਕੂਟਨਤੀਕ ਤੇ ਵਾਪਰਕ ਰਿਸ਼ਤੇ ਬਣਾਉਣਾ ਚਾਹੁੰਦਾ ਹੈ।
ਕਾਬੁਲ: ਦੁਨੀਆ ਭਰ 'ਚੋਂ ਵਿਰੋਧ ਮਗਰੋਂ ਤਾਲਿਬਾਨ ਨੇ ਵੱਡਾ ਐਲਾਨ ਕੀਤਾ ਹੈ। ਤਾਲਿਬਾਨ ਦੇ ਸਿਆਸੀ ਮੁਖੀ ਮੁੱਲ੍ਹਾ ਅਬਦੁੱਲ ਗ਼ਨੀ ਬਰਾਦਰ ਨੇ ਕਿਹਾ ਹੈ ਕਿ ਉਹ ਅਮਰੀਕਾ ਸਮੇਤ ਸਾਰੇ ਮੁਲਕਾਂ ਨਾਲ ਆਰਥਿਕ ਤੇ ਵਪਾਰਕ ਸਬੰਧ ਬਣਾਉਣਾ ਚਾਹੁੰਦੇ ਹਨ। ਤਾਲਿਬਾਨ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਅਮਰੀਕਾ ਤੇ ਕੈਨੇਡਾ ਸਣੇ ਦੁਨੀਆ ਦੇ ਕਈ ਦੇਸ਼ਾਂ ਨੇ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਬਰਾਦਰ ਨੇ ਆਪਣੇ ਟਵੀਟ ’ਚ ਕਿਹਾ,‘‘ਇਸਲਾਮਿਕ ਅਮੀਰਾਤ ਆਫ਼ ਅਫ਼ਗਾਨਿਸਤਾਨ ਸਾਰੇ ਮੁਲਕਾਂ, ਖਾਸ ਕਰਕੇ ਅਮਰੀਕਾ ਨਾਲ ਕੂਟਨਤੀਕ ਤੇ ਵਾਪਰਕ ਰਿਸ਼ਤੇ ਬਣਾਉਣਾ ਚਾਹੁੰਦਾ ਹੈ।’’ ਉਸ ਨੇ ਕਿਹਾ ਕਿ ਤਾਲਿਬਾਨ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਉਹ ਕਿਸੇ ਮੁਲਕ ਨਾਲ ਵਪਾਰਕ ਸਬੰਧ ਨਹੀਂ ਚਾਹੁੰਦਾ। ਸਿਰਫ਼ ਪ੍ਰਚਾਰ ਲਈ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਇਸ ’ਚ ਕੁਝ ਵੀ ਸੱਚਾਈ ਨਹੀਂ ਹੈ।
ਉਧਰ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਕਾਬੁਲ ਤੋਂ ਵੱਡੇ ਪੱਧਰ ’ਤੇ ਲੋਕਾਂ ਨੂੰ ਕੱਢਣ ਦੌਰਾਨ ਕਈ ਜਾਨਾਂ ਜਾਣ ਦਾ ਜੋਖਿਮ ਹੈ। ਉਨ੍ਹਾਂ ਕਾਬੁਲ ਤੋਂ ਉਡਾਣਾਂ ਰਾਹੀਂ ਵੱਡੇ ਪੱਧਰ ’ਤੇ ਲੋਕਾਂ ਨੂੰ ਕੱਢਣ ਦੇ ਕੰਮ ਨੂੰ ਇਤਿਹਾਸ ਦੀ ਸਭ ਤੋਂ ਮੁਸ਼ਕਲ ਮੁਹਿੰਮ ਕਰਾਰ ਦਿੱਤਾ ਹੈ।
ਉਂਜ ਬਾਇਡਨ ਨੇ ਅਹਿਦ ਲਿਆ ਹੈ ਕਿ ਉਹ ਅਮਰੀਕੀਆਂ ਅਤੇ ਸਹਿਯੋਗੀ ਮੁਲਕਾਂ ਦੇ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਵਤਨ ਵਾਪਸ ਲੈ ਕੇ ਆਉਣਗੇ। ਵ੍ਹਾਈਟ ਹਾਊਸ ’ਚ ਬਾਇਡਨ ਨੇ ਕਿਹਾ ਕਿ ਅਮਰੀਕਾ ਨੇ ਜੁਲਾਈ ਤੋਂ ਹੁਣ ਤੱਕ 18 ਹਜ਼ਾਰ ਲੋਕਾਂ ਨੂੰ ਅਫ਼ਗਾਨਿਸਤਾਨ ਤੋਂ ਬਾਹਰ ਕੱਢਿਆ ਹੈ। ਬਾਇਡਨ ਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਵਾਪਸ ਸੱਦਣ ਦੇ ਫ਼ੈਸਲੇ ਨੂੰ ਮੁੜ ਜਾਇਜ਼ ਠਹਿਰਾਇਆ ਹੈ।