ਅਮਰੀਕੀ ਚੋਣਾਂ ਬਾਰੇ ਵੱਡਾ ਖੁਲਾਸਾ! ਮੁਸਲਿਮ ਵੋਟਰਾਂ ਨੇ ਬਦਲੀਆਂ ਸਾਰੀਆਂ ਗਿਣਤੀਆਂ-ਮਿਣਤੀਆਂ
US Elections: ਸੰਗਠਨ ਨੇ ਮੰਗਲਵਾਰ ਰਾਤੀਂ ਪੋਲ ਦੇ ਨਤੀਜੇ ਐਲਾਨੇ। ਇਸ ਮੁਤਾਬਕ ਕੁੱਲ 89% ਮੁਸਲਿਮਾਂ ਨੇ ਚੋਣਾਂ ਵਿੱਚ ਵੋਟਾਂ ਪਾਈਆਂ। ਉਨ੍ਹਾਂ ਵਿੱਚੋਂ 69% ਨੇ ਜੋਅ ਬਾਇਡੇਨ ਨੂੰ ਵੋਟ ਪਾਈ।
ਵਾਸ਼ਿੰਗਟਨ: ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਇਸ ਵਾਰ ਮੁਸਲਿਮ ਵੋਟਰਾਂ ਨੇ ਰਿਕਾਰਡ ਤੋੜ ਵੋਟਿੰਗ ਕੀਤੀ। ਜ਼ਿਆਦਾਤਰ ਦੀ ਪਹਿਲੀ ਪਸੰਦ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਰਹੇ। ‘ਕਾਊਂਸਿਲ ਆਨ ਅਮੈਰਿਕਨ-ਇਸਲਾਮਿਕ ਰਿਲੇਸ਼ਨ’ (CAIR) ਦੇ ਐਗਜ਼ਿਟ ਪੋਲ ਵਿੱਚ ਇਹ ਦਾਅਵਾ ਕੀਤਾ ਗਿਆ ਹੈ।
ਸੰਗਠਨ ਨੇ ਮੰਗਲਵਾਰ ਰਾਤੀਂ ਪੋਲ ਦੇ ਨਤੀਜੇ ਐਲਾਨੇ। ਇਸ ਮੁਤਾਬਕ ਕੁੱਲ 89% ਮੁਸਲਿਮਾਂ ਨੇ ਚੋਣਾਂ ਵਿੱਚ ਵੋਟਾਂ ਪਾਈਆਂ। ਉਨ੍ਹਾਂ ਵਿੱਚੋਂ 69% ਨੇ ਜੋਅ ਬਾਇਡੇਨ ਨੂੰ ਵੋਟ ਪਾਈ। ਸਿਰਫ਼ 17% ਨੇ ਡੋਨਾਲਡ ਟਰੰਪ ’ਤੇ ਭਰੋਸਾ ਪ੍ਰਗਟਾਇਆ। ਇਸ ਪੋਲ ਵਿੱਚ ਕੁੱਲ 844 ਰਜਿਸਟਰਡ ਮੁਸਲਿਮ ਵੋਟਰਾਂ ਨੇ ਹਿੱਸਾ ਲਿਆ।
Breaking News: CAIR Exit Poll Shows American Muslims Vote in Record Numbers, 69% Voted for #JoeBiden https://t.co/O8Qf8nS5PX#Trump #ElectionNight #Election2020 #ElectionDay pic.twitter.com/Rn3729VKid
— CAIR National (@CAIRNational) November 4, 2020
2016 ਦੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਟਰੰਪ ਨੂੰ 4 ਫ਼ੀਸਦੀ ਵੱਧ ਹਮਾਇਤ ਮਿਲੀ ਹੈ। ਚਾਰ ਵਰ੍ਹੇ ਪਹਿਲਾਂ ਉਨ੍ਹਾਂ ਨੂੰ 13 ਫ਼ੀਸਦੀ ਮੁਸਲਿਮ ਵੋਟਾਂ ਮਿਲੀਆਂ ਸਨ। CAIR ਦੇ ਨੈਸ਼ਨਲ ਐਗਜ਼ੀਕਿਊਟਿਵ ਡਾਇਰੈਕਟਰ ਨਿਹਾਦ ਅਵਾਦ ਨੇ ਕਿਹਾ ਕਿ ਸੰਗਠਨ ਅਮਰੀਕਾ ਦੇ ਇੱਕ ਲੱਖ ਤੋਂ ਵੱਧ ਮੁਸਲਮਾਨਾਂ ਦਾ ਸ਼ੁਕਰੀਆ ਅਦਾ ਕਰਦਾ ਹੈ। ਉਨ੍ਹਾਂ ਇਨ੍ਹਾਂ ਚੋਣਾਂ ’ਚ ਰਿਕਾਰਡ ਤੋੜ ਵੋਟਿੰਗ ਕੀਤੀ ਹੈ। ਮੁਸਲਿਮ ਭਾਈਚਾਰਾ ਸਮੁੱਚੇ ਦੇਸ਼ ਵਿੱਚ ਚੋਣ ਨਤੀਜਿਆਂ ਉੱਤੇ ਅਸਰ ਪਾਉਣ ਦੀ ਸਮਰੱਥਾ ਰੱਖਦਾ ਹੈ। ਇਸੇ ਲਈ ਇਸ ਨੂੰ ਉਮੀਦਵਾਰਾਂ ਤੇ ਮੀਡੀਆ ਵਿੱਚ ਕਾਫ਼ੀ ਤਵੱਜੋ ਮਿਲੀ।
CAIR ਦੇ ਡਾਇਰੈਕਟਰ ਆੱਫ਼ ਗਵਰਨਮੈਂਟ ਅਫ਼ੇਅਰਜ਼ ਰਾਬਰਟ ਐਸ. ਮੈਕਾਅ ਦਾ ਕਹਿਣਾ ਹੈ ਕਿ ਮੁਸਲਿਮ ਵੋਟ ਦਿੰਦੇ ਹਨ। ਲੋਕਲ, ਸਟੇਟ ਤੇ ਰਾਸ਼ਟਰੀ ਪੱਧਰ ਦੀ ਸਿਆਸਤ ਵਿੱਚ ਸਾਡੇ ਭਾਈਚਾਰੇ ਦੀ ਭੂਮਿਕਾ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਜਿਹੜੇ ਆਗੂਆਂ ਨੂੰ ਚੁਣਦੇ ਹਾਂ, ਉਨ੍ਹਾਂ ਨੂੰ ਸਾਰੇ ਅਮਰੀਕਾ ਦੇ ਨਾਗਰਿਕ ਤੇ ਧਾਰਮਿਕ ਅਧਿਕਾਰਾਂ ਨੂੰ ਬਰਕਰਾਰ ਤੇ ਸੁਰੱਖਿਅਤ ਰੱਖਣ ਲਈ ਜ਼ਿੰਮੇਵਾਰ ਠਹਿਰਾਇਆ ਜਾਵੇ।
CAIR ਅਮਰੀਕਾ ’ਚ ਮੁਸਲਮਾਨਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਸਭ ਤੋਂ ਵੱਡੀ ਜਥੇਬੰਦੀ ਹੈ। ਇਸ ਦਾ ਉਦੇਸ਼ ਇਸਲਾਮ ਦੀ ਸਮਝ ਨੂੰ ਵਧਾਉਣਾ, ਨਾਗਰਿਕ ਅਧਿਕਾਰਾਂ ਦੀ ਰਾਖੀ ਕਰਨਾ, ਨਿਆਂ ਨੂੰ ਉਤਸ਼ਾਹਿਤ ਕਰਨਾ ਤੇ ਅਮਰੀਕੀ ਮੁਸਲਮਾਨਾਂ ਨੂੰ ਮਜ਼ਬੂਤ ਬਣਾਉਣਾ ਹੈ।