US Student F-1 Visa: ਅਮਰੀਕਾ ਦਾ ਹੁਣ ਵਿਦੇਸ਼ੀ ਵਿਦਿਆਰਥੀਆਂ ਤੇ ਐਕਸ਼ਨ, ਸੈਂਕੜੇ ਸਟੂਡੈਂਟ ਵੀਜ਼ੇ ਰੱਦ, ਤੁਰੰਤ ਦੇਸ਼ ਛੱਡਣ ਦੇ ਹੁਕਮ
ਅਮਰੀਕਾ ਨੇ ਹੁਣ ਵਿਦੇਸ਼ੀ ਵਿਦਿਆਰਥੀਆਂ ਉਪਰ ਸ਼ਿਕੰਜਾ ਕੱਸ ਦਿੱਤਾ ਹੈ। ਅਮਰੀਕਾ ਵਿੱਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਅਚਾਨਕ ਉਨ੍ਹਾਂ ਦੇ F-1 ਵੀਜ਼ਾ ਯਾਨੀ ਵਿਦਿਆਰਥੀ ਵੀਜ਼ਾ ਰੱਦ ਕਰਨ ਸਬੰਧੀ ਈਮੇਲ ਪ੍ਰਾਪਤ ਹੋਈ ਹੈ।

US Student F-1 Visa Controversy: ਅਮਰੀਕਾ ਨੇ ਹੁਣ ਵਿਦੇਸ਼ੀ ਵਿਦਿਆਰਥੀਆਂ ਉਪਰ ਸ਼ਿਕੰਜਾ ਕੱਸ ਦਿੱਤਾ ਹੈ। ਅਮਰੀਕਾ ਵਿੱਚ ਪੜ੍ਹ ਰਹੇ ਸੈਂਕੜੇ ਵਿਦੇਸ਼ੀ ਵਿਦਿਆਰਥੀਆਂ ਨੂੰ ਅਚਾਨਕ ਉਨ੍ਹਾਂ ਦੇ F-1 ਵੀਜ਼ਾ ਯਾਨੀ ਵਿਦਿਆਰਥੀ ਵੀਜ਼ਾ ਰੱਦ ਕਰਨ ਸਬੰਧੀ ਈਮੇਲ ਪ੍ਰਾਪਤ ਹੋਈ ਹੈ। ਇਹ ਮੇਲ ਅਮਰੀਕੀ ਵਿਦੇਸ਼ ਵਿਭਾਗ (DOS) ਦੁਆਰਾ ਮਾਰਚ ਦੇ ਆਖਰੀ ਹਫ਼ਤੇ ਭੇਜੀ ਗਈ ਹੈ। ਇਸ ਨਾਲ ਵਿਦਿਆਰਥੀਆਂ ਵਿੱਚ ਹਾਹਾਕਾਰ ਮੱਚ ਗਈ ਹੈ।
ਸੂਤਰਾਂ ਮੁਤਾਬਕ ਇਹ ਈਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੀ ਗਈ ਹੈ ਜੋ ਕੈਂਪਸ ਐਕਟੀਵਿਜ਼ਮ ਯਾਨੀ ਕੈਂਪਸ ਵਿੱਚ ਹੋ ਰਹੇ ਪ੍ਰਦਰਸ਼ਨਾਂ ਵਿੱਚ ਸ਼ਾਮਲ ਸਨ। ਰਿਪੋਰਟਾਂ ਅਨੁਸਾਰ ਅਜਿਹੇ ਈਮੇਲ ਉਨ੍ਹਾਂ ਵਿਦਿਆਰਥੀਆਂ ਨੂੰ ਵੀ ਭੇਜੇ ਗਏ ਹਨ ਜੋ ਕੈਂਪਸ ਐਕਟੀਵਿਜ਼ਮ ਵਿੱਚ ਸ਼ਾਮਲ ਨਹੀਂ ਸਨ ਪਰ ਸੋਸ਼ਲ ਮੀਡੀਆ 'ਤੇ 'ਇਜ਼ਰਾਈਲ ਵਿਰੋਧੀ' ਪੋਸਟਾਂ ਨੂੰ ਸ਼ੇਅਰ, ਲਾਈਕ ਜਾਂ ਕੁਮੈਂਟ ਕੀਤੀ ਸੀ।
ਇਸ ਈਮੇਲ ਵਿੱਚ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਦੇ F-1 ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਵਿਦਿਆਰਥੀਆਂ ਨੂੰ ਸੈਲਫ ਡਿਪੋਰਟ ਯਾਨੀ ਅਮਰੀਕਾ ਛੱਡਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਹੈ। ਅਮਰੀਕੀ ਸਰਕਾਰ 'ਕੈਚ ਐਂਡ ਰਿਵੋਕ' ਐਪ ਦੀ ਮਦਦ ਨਾਲ ਅਜਿਹੇ ਵਿਦਿਆਰਥੀਆਂ ਦੀ ਪਛਾਣ ਕਰ ਰਹੀ ਹੈ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਨੁਸਾਰ 26 ਮਾਰਚ ਤੱਕ 300 ਤੋਂ ਵੱਧ 'ਹਮਾਸ-ਸਮਰਥਕ' ਵਿਦਿਆਰਥੀਆਂ ਦੇ F-1 ਵੀਜ਼ੇ ਰੱਦ ਕਰ ਦਿੱਤੇ ਗਏ। ਇਸ ਵਿੱਚ ਬਹੁਤ ਸਾਰੇ ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ।
ਇਹ ਮੇਲ ਕਈ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਭੇਜੀ ਗਈ ਹੈ। ਇਸ ਵਿੱਚ ਹਾਰਵਰਡ ਯੂਨੀਵਰਸਿਟੀ, ਕੋਲੰਬੀਆ ਯੂਨੀਵਰਸਿਟੀ, ਯੇਲ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ, ਮਿਸ਼ੀਗਨ ਯੂਨੀਵਰਸਿਟੀ ਵਰਗੇ ਮਸ਼ਹੂਰ ਸੰਸਥਾਨ ਸ਼ਾਮਲ ਹਨ। ਹਾਲਾਂਕਿ, ਇਹ ਮੇਲ ਕਿੰਨੀਆਂ ਯੂਨੀਵਰਸਿਟੀਆਂ ਦੇ ਕਿੰਨੇ ਵਿਦਿਆਰਥੀਆਂ ਨੂੰ ਭੇਜੀ ਗਈ, ਇਸ ਬਾਰੇ ਸਹੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ।
ਈਮੇਲ ਵਿੱਚ ਵਿਦਿਆਰਥੀਆਂ ਨੂੰ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ F-1 ਵੀਜ਼ੇ ਅਮਰੀਕੀ ਇਮੀਗ੍ਰੇਸ਼ਨ ਤੇ ਰਾਸ਼ਟਰੀਅਤਾ ਐਕਟ ਦੀ ਧਾਰਾ 221(i) ਤਹਿਤ ਰੱਦ ਕਰ ਦਿੱਤੇ ਗਏ ਹਨ। ਹੁਣ ਜੇਕਰ ਉਹ ਅਮਰੀਕਾ ਵਿੱਚ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਜੁਰਮਾਨਾ ਲਾਇਆ ਜਾ ਸਕਦਾ ਹੈ, ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਜਾਂ ਦੇਸ਼ ਨਿਕਾਲਾ ਦਿੱਤਾ ਜਾ ਸਕਦਾ ਹੈ। ਈਮੇਲ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਆਪਣੇ ਦੇਸ਼ਾਂ ਤੋਂ ਇਲਾਵਾ ਹੋਰ ਦੇਸ਼ਾਂ ਵਿੱਚ ਵੀ ਭੇਜਿਆ ਜਾ ਸਕਦਾ ਹੈ। ਇਸ ਲਈ ਬਿਹਤਰ ਹੈ ਕਿ ਉਹ ਇਸ ਤੋਂ ਪਹਿਲਾਂ ਹੀ ਅਮਰੀਕਾ ਨੂੰ ਆਪਣੇ ਆਪ ਛੱਡ ਦੇਣ।
ਈਮੇਲ ਵਿੱਚ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਭਵਿੱਖ ਵਿੱਚ ਅਮਰੀਕਾ ਦੀ ਯਾਤਰਾ ਕਰਨ ਦਾ ਇਰਾਦਾ ਰੱਖਦੇ ਹੋ ਤਾਂ ਤੁਹਾਨੂੰ ਇੱਕ ਹੋਰ ਅਮਰੀਕੀ ਵੀਜ਼ਾ ਲਈ ਅਰਜ਼ੀ ਦੇਣ ਦੀ ਲੋੜ ਹੋਵੇਗੀ। ਇਸ ਤੋਂ ਬਾਅਦ ਤੁਹਾਡੀ ਅਰਜ਼ੀ 'ਤੇ ਫੈਸਲਾ ਲਿਆ ਜਾਵੇਗਾ। ਇਸ ਵਿੱਚ ਵਿਦਿਆਰਥੀਆਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਰੱਦ ਕੀਤੇ ਵੀਜ਼ੇ ਦੀ ਵਰਤੋਂ ਨਾ ਕਰਨ। ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਅਮਰੀਕਾ ਛੱਡਣ ਵੇਲੇ ਆਪਣਾ ਪਾਸਪੋਰਟ ਅਮਰੀਕੀ ਦੂਤਾਵਾਸ ਵਿੱਚ ਜਮ੍ਹਾ ਕਰਵਾਉਣਾ ਪਵੇਗਾ।
ਅਜੇ ਤੱਕ ਇਹ ਪਤਾ ਨਹੀਂ ਲੱਗਾ ਕਿ ਹੁਣ ਤੱਕ ਕਿੰਨੇ ਵਿਦਿਆਰਥੀ ਅਮਰੀਕਾ ਛੱਡ ਕੇ ਜਾ ਚੁੱਕੇ ਹਨ। ਬਹੁਤ ਸਾਰੇ ਵਿਦਿਆਰਥੀ ਬਿਨਾਂ ਰਸਮੀ ਦੇਸ਼ ਨਿਕਾਲੇ ਦੇ ਆਪਣੇ ਆਪ ਦੇਸ਼ ਛੱਡ ਰਹੇ ਹਨ, ਜਦੋਂ ਕਿ ਕੁਝ ਨੇ ਇਸ ਫੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਕੁਝ ਭਾਰਤੀ ਵਿਦਿਆਰਥੀਆਂ ਨੂੰ ਮੇਲ ਵੀ ਭੇਜੇ ਗਏ ਹਨ। ਇੰਡੀਆ ਟੂਡੇ ਅਨੁਸਾਰ ਭਾਰਤੀ ਵਿਦਿਆਰਥੀਆਂ ਨੂੰ ਹਮਾਸ ਦਾ ਸਮਰਥਨ ਕਰਨ ਵਾਲੀਆਂ ਕੁਝ ਸੋਸ਼ਲ ਮੀਡੀਆ ਪੋਸਟਾਂ ਨੂੰ ਲਾਈਕ ਕਰਨ ਕਰਕੇ ਈਮੇਲ ਪ੍ਰਾਪਤ ਹੋਏ ਹਨ। ਹਾਲਾਂਕਿ, ਉਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਐਫ-1 ਵੀਜ਼ਾ ਰੱਦ ਕਰਨ ਵਾਲੀ ਈਮੇਲ ਬਾਰੇ ਕਿਹਾ ਕਿ 300 ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਹ ਗਿਣਤੀ ਹੋਰ ਵੀ ਵੱਧ ਹੋ ਸਕਦੀ ਹੈ। ਅਸੀਂ ਇਹ ਹਰ ਰੋਜ਼ ਕਰ ਰਹੇ ਹਾਂ। ਹਰ ਵਾਰ ਜਦੋਂ ਕੋਈ 'ਸਿਰਫਿਰਿਆ' ਮਿਲਦਾ ਹੈ ਤਾਂ ਉਸ ਦਾ ਵੀਜ਼ਾ ਰੱਦ ਕਰ ਦਿੱਤਾ ਜਾਂਦਾ ਹੈ। ਰੂਬੀਓ ਨੇ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਅਮਰੀਕਾ ਪੜ੍ਹਨ ਲਈ ਆਉਣ ਦੀ ਇਜਾਜ਼ਤ ਦਿੱਤੀ ਗਈ ਹੈ, ਕੈਂਪਸ ਐਕਟੀਵਿਜ਼ਮ ਵਿੱਚ ਸ਼ਾਮਲ ਹੋ ਕੇ ਸਾਡੀਆਂ ਯੂਨੀਵਰਸਿਟੀਆਂ ਨੂੰ ਬਰਬਾਦ ਕਰਨ ਲਈ ਨਹੀਂ। ਜੇਕਰ ਤੁਸੀਂ ਇੱਥੇ ਵੀਜ਼ਾ ਲੈ ਕੇ ਆਉਂਦੇ ਹੋ ਤੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੁੰਦੇ ਹੋ, ਤਾਂ ਤੁਹਾਡਾ ਵੀਜ਼ਾ ਖੋਹ ਲਿਆ ਜਾਵੇਗਾ।
ਰੂਬੀਓ ਨੇ ਕਿਹਾ ਕਿ ਵੀਜ਼ਾ ਜਨਮ ਸਿੱਧ ਅਧਿਕਾਰ ਨਹੀਂ। ਜੇਕਰ ਕੋਈ ਸਾਡੇ ਦੇਸ਼ ਵਿੱਚ ਆ ਕੇ ਅਰਾਜਕਤਾ ਫੈਲਾਉਂਦਾ ਹੈ ਤਾਂ ਉਸ ਨੂੰ ਇੱਥੋਂ ਜਾਣਾ ਪਵੇਗਾ। ਅਸੀਂ ਉਨ੍ਹਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਾਂਗੇ ਜੋ ਸਾਡੀਆਂ ਯੂਨੀਵਰਸਿਟੀਆਂ ਵਿੱਚ ਗੜਬੜ ਪੈਦਾ ਕਰਦੇ ਹਨ। ਇਜ਼ਰਾਈਲ-ਹਮਾਸ ਯੁੱਧ ਤੋਂ ਬਾਅਦ ਅਮਰੀਕਾ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ। ਕੋਲੰਬੀਆ ਤੇ ਹਾਰਵਰਡ ਵਿਖੇ ਫਲਸਤੀਨ ਦੇ ਸਮਰਥਨ ਵਿੱਚ ਹੋਏ ਪ੍ਰਦਰਸ਼ਨ ਨੂੰ ਲੈ ਕੇ ਬਹੁਤ ਵਿਵਾਦ ਹੋਇਆ। ਇਨ੍ਹਾਂ ਨੂੰ ਹਮਾਸ ਦੇ ਸਮਰਥਨ ਵਜੋਂ ਦੇਖਿਆ ਗਿਆ।






















