ਵਿਦਿਆਰਥੀਆਂ ਨੂੰ ਸਪਰਮ ਦਾਨ ਕਰਨ ਲਈ ਕਿਉਂ ਕਿਹਾ ਜਾ ਰਿਹਾ? ਬੈਂਕ ਦੇ ਰਹੇ ਬੰਪਰ ਪੈਸਾ, ਜਾਣੋ ਕੀ ਕਾਰਨ?
ਵਿਦਿਆਰਥੀਆਂ ਨੂੰ ਸ਼ੁਕਰਾਣੂ ਦਾਨ ਲਈ ਅਪੀਲ ਕਰਨ ਵਾਲੇ ਸਭ ਤੋਂ ਪਹਿਲਾਂ ਦੱਖਣ-ਪੱਛਮੀ ਚੀਨ 'ਚ ਯੂਨਾਨ ਹਿਊਮਨ ਸਪਰਮ ਬੈਂਕ ਸੀ। ਇਹ ਅਪੀਲ 2 ਫਰਵਰੀ ਨੂੰ ਕੀਤੀ ਗਈ ਸੀ।
Why is China asking students to donate sperm? : ਚੀਨ ਹੁਣ ਆਪਣੇ ਵਿਦਿਆਰਥੀਆਂ ਨੂੰ ਸ਼ੁਕਰਾਣੂ (ਸਪਰਮ) ਦਾਨ ਕਰਨ ਲਈ ਕਹਿ ਰਿਹਾ ਹੈ। ਇਸ ਦਾ ਕਾਰਨ ਲਗਾਤਾਰ ਘਟਦੀ ਆਬਾਦੀ ਨੂੰ ਦੱਸਿਆ ਜਾ ਰਿਹਾ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸਪਰਮ ਦਾਨ ਕਰਕੇ ਪੈਸੇ ਕਮਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਵਿਦਿਆਰਥੀਆਂ ਨੂੰ ਕਿਹਾ ਜਾ ਰਿਹਾ ਹੈ ਕਿ ਅਜਿਹਾ ਕਰਕੇ ਉਹ ਚੀਨ ਦੀ ਘਟਦੀ ਪ੍ਰਜਨਨ ਦਰ ਨਾਲ ਮੁਕਾਬਲੇ 'ਚ ਯੋਗਦਾਨ ਪਾ ਸਕਦੇ ਹਨ। ਬੀਜਿੰਗ ਅਤੇ ਸ਼ੰਘਾਈ ਸਮੇਤ ਪੂਰੇ ਚੀਨ 'ਚ ਕਈ ਸ਼ੁਕਰਾਣੂ ਦਾਨ ਕਲੀਨਿਕਾਂ ਨੇ ਹਾਲ ਹੀ 'ਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸ਼ੁਕਰਾਣੂ ਦਾਨ ਕਰਨ ਦੀ ਅਪੀਲ ਕੀਤੀ ਹੈ।
ਚੀਨ ਦੀ ਟਵਿੱਟਰ ਵਰਗੀ ਮਾਈਕ੍ਰੋ-ਬਲੌਗਿੰਗ ਸਾਈਟ ਵੇਈਬੋ 'ਤੇ ਸ਼ੁਕਰਾਣੂ ਦਾਨ ਕਰਨ ਦੀ ਦੇਸ਼ ਪੱਧਰੀ ਅਪੀਲ ਇੱਕ ਟ੍ਰੈਂਡਿੰਗ ਟੌਪਿਕ ਬਣ ਗਈ ਹੈ। ਯੂਜ਼ਰਸ ਇਸ ਮੁੱਦੇ 'ਤੇ ਚਰਚਾ ਕਰ ਰਹੇ ਹਨ। ਸਰਕਾਰੀ ਮੀਡੀਆ ਰਿਪੋਰਟਾਂ ਦਾ ਦਾਅਵਾ ਹੈ ਕਿ ਸ਼ੁਕਰਾਣੂ ਦਾਨ ਦੇ ਵਿਸ਼ੇ ਨੂੰ ਇਸ ਹਫ਼ਤੇ 240 ਮਿਲੀਅਨ ਤੋਂ ਵੱਧ ਵਿਯੂਜ਼ ਪ੍ਰਾਪਤ ਹੋਏ ਹਨ। ਵਿਦਿਆਰਥੀਆਂ ਨੂੰ ਸ਼ੁਕਰਾਣੂ ਦਾਨ ਲਈ ਅਪੀਲ ਕਰਨ ਵਾਲੇ ਸਭ ਤੋਂ ਪਹਿਲਾਂ ਦੱਖਣ-ਪੱਛਮੀ ਚੀਨ 'ਚ ਯੂਨਾਨ ਹਿਊਮਨ ਸਪਰਮ ਬੈਂਕ ਸੀ। ਇਹ ਅਪੀਲ 2 ਫਰਵਰੀ ਨੂੰ ਕੀਤੀ ਗਈ ਸੀ। ਇਸ ਤੋਂ ਬਾਅਦ ਚੀਨ ਦੇ ਹੋਰ ਸੂਬਿਆਂ ਅਤੇ ਸ਼ਹਿਰਾਂ 'ਚ ਸ਼ੁਕਰਾਣੂ ਦਾਨ ਕਰਨ ਦੀ ਅਪੀਲ ਸ਼ੁਰੂ ਹੋ ਗਈ।
ਸਰਕਾਰੀ ਅਖਬਾਰ ਗਲੋਬਲ ਟਾਈਮਜ਼ ਨੇ ਸ਼ੁੱਕਰਵਾਰ ਨੂੰ ਇਕ ਰਿਪੋਰਟ ਵਿਚ ਕਿਹਾ, "ਉੱਤਰ-ਪੱਛਮੀ ਚੀਨ 'ਚ ਸ਼ਾਨਕਸੀ (ਸੂਬਾ) ਸਮੇਤ ਹੋਰ ਥਾਵਾਂ 'ਤੇ ਸਪਰਮ ਬੈਂਕਾਂ ਨੇ ਵੀ ਇਸੇ ਤਰ੍ਹਾਂ ਦੀਆਂ ਅਪੀਲਾਂ ਜਾਰੀ ਕੀਤੀਆਂ ਹਨ। ਜਨਤਾ ਦਿਲਚਸਪੀ ਦਿਖਾ ਰਹੀ ਹੈ। ਇਸ ਮੁੱਦੇ 'ਤੇ ਚਰਚਾ ਅੰਸ਼ਕ ਤੌਰ 'ਤੇ ਗਰਮ ਹੋ ਗਈ, ਕਿਉਂ 2022 'ਚ ਚੀਨ ਦੀ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ। ਇਹ ਛੇ ਦਹਾਕਿਆਂ 'ਚ ਪਹਿਲੀ ਗਿਰਾਵਟ ਦਰਜ ਕੀਤੀ ਗਈ ਸੀ।"
ਵੱਖ-ਵੱਖ ਸ਼ੁਕਰਾਣੂ ਬੈਂਕਾਂ ਨੇ ਦਾਨ ਕਰਨ ਵਾਲਿਆਂ ਲਈ ਵੱਖ-ਵੱਖ ਲੋੜਾਂ ਰੱਖੀਆਂ ਹਨ। ਯੂਨਾਨ ਦੇ ਸਪਰਮ ਬੈਂਕ ਦੇ ਅਨੁਸਾਰ ਸ਼ੁਕਰਾਣੂ ਦਾਨ ਕਰਨ ਦੀ ਉਮਰ 20 ਤੋਂ 40 ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਚਾਈ 165 ਸੈਂਟੀਮੀਟਰ ਤੋਂ ਵੱਧ ਹੋਣੀ ਚਾਹੀਦੀ ਹੈ। ਕੋਈ ਛੂਤਕਾਰੀ ਜਾਂ ਜੈਨੇਟਿਕ ਬਿਮਾਰੀਆਂ ਨਹੀਂ ਹੋਣੀ ਚਾਹੀਦੀ ਅਤੇ ਇੱਕ ਡਿਗਰੀ ਹੋਣੀ ਚਾਹੀਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ, "ਸ਼ੁਕ੍ਰਾਣੂ ਦਾਨ ਕਰਨ ਵਾਲਿਆਂ ਨੂੰ ਸਿਹਤ ਜਾਂਚ ਕਰਵਾਉਣ ਦੀ ਲੋੜ ਹੁੰਦੀ ਹੈ ਅਤੇ ਯੋਗ ਵਿਅਕਤੀ 4500 ਯੂਆਨ (664 ਡਾਲਰ) ਦੀ ਸਬਸਿਡੀ ਦੇ ਭੁਗਤਾਨ ਨਾਲ 8-12 ਵਾਰ ਦਾਨ ਕਰਨ ਦੇ ਯੋਗ ਹੋਣਗੇ।"
ਸ਼ਾਨਕਸੀ ਸਪਰਮ ਬੈਂਕ ਚਾਹੁੰਦਾ ਸੀ ਕਿ ਦਾਨ ਕਰਨ ਵਾਲੇ ਘੱਟੋ-ਘੱਟ 168 ਸੈਂਟੀਮੀਟਰ ਹੋਣ ਅਤੇ ਪੂਰੇ ਦਾਨ ਲਈ ਸਬਸਿਡੀ 5000 ਯੂਆਨ (734 ਡਾਲਰ) ਹੋਵੇਗੀ। ਸ਼ੰਘਾਈ ਸਪਰਮ ਬੈਂਕ ਨੇ 7000 ਯੂਆਨ (1000 ਡਾਲਰ) ਦੀ ਸਭ ਤੋਂ ਵੱਧ ਸਬਸਿਡੀ ਦੀ ਪੇਸ਼ਕਸ਼ ਕੀਤੀ। ਚੀਨ ਦੀ ਆਬਾਦੀ ਨੇ 61 ਸਾਲਾਂ 'ਚ ਪਹਿਲੀ ਵਾਰ ਨੈਗੇਟਿਵ ਗ੍ਰੋਥ ਦਰਜ ਕੀਤੀ, ਜੋ 2022 'ਚ 8,50,000 ਤੱਕ ਘੱਟ ਗਈ।