Donald Trump on India Tariff: ਭਾਰਤ 'ਤੇ ਫਿਰ ਲੱਗੇਗਾ ਨਵਾਂ ਟੈਰਿਫ਼! ਟਰੰਪ ਨੇ ਦਿੱਤੀ ਚੇਤਾਵਨੀ; ਬਿਆਨ ਤੋਂ ਬਾਅਦ ਮੱਚਿਆ ਹਾਹਾਕਾਰ...
Donald Trump on India Tariff: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੈਨੇਜ਼ੁਏਲਾ ਵਿਰੁੱਧ ਆਪਣੇ ਐਕਸ਼ਨ ਤੋਂ ਬਾਅਦ ਖ਼ਬਰਾਂ ਵਿੱਚ ਹਨ। ਇਸ ਦੌਰਾਨ, ਉਨ੍ਹਾਂ ਨੇ ਭਾਰਤ ਬਾਰੇ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ...

Donald Trump on India Tariff: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੈਨੇਜ਼ੁਏਲਾ ਵਿਰੁੱਧ ਆਪਣੇ ਐਕਸ਼ਨ ਤੋਂ ਬਾਅਦ ਖ਼ਬਰਾਂ ਵਿੱਚ ਹਨ। ਇਸ ਦੌਰਾਨ, ਉਨ੍ਹਾਂ ਨੇ ਭਾਰਤ ਬਾਰੇ ਇੱਕ ਮਹੱਤਵਪੂਰਨ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਟੈਰਿਫ ਹੋਰ ਵਧਾਏ ਜਾ ਸਕਦੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਭਾਰਤ ਸਮੇਤ ਕਈ ਦੇਸ਼ਾਂ 'ਤੇ ਟੈਰਿਫ ਲਗਾਏ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਉਨ੍ਹਾਂ ਨੇ ਭਾਰਤ 'ਤੇ 50 ਪ੍ਰਤੀਸ਼ਤ ਟੈਰਿਫ ਲਗਾਇਆ ਸੀ।
ਦੱਸ ਦੇਈਏ ਕਿ ਵੈਨੇਜ਼ੁਏਲਾ 'ਤੇ ਕੀਤੀ ਏਅਰਸਟ੍ਰਾਈਕ ਮਗਰੋਂ ਜਿੱਥੇ ਅਮਰੀਕਾ ਦੀ ਕਈ ਦੇਸ਼ਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ, ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਭਾਰਤ ਨੂੰ ਟੈਰਿਫ਼ ਵਧਾਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਰੂਸ ਤੋਂ ਤੇਲ ਖਰੀਦਣ ਦੇ ਮੁੱਦੇ 'ਤੇ ਅਮਰੀਕਾ ਦਾ ਸਹਿਯੋਗ ਨਾ ਦਿੱਤਾ ਤਾਂ ਉਹ ਭਾਰਤ 'ਤੇ ਟੈਰਿਫ ਹੋਰ ਵਧਾ ਸਕਦੇ ਹਨ। ਵ੍ਹਾਈਟ ਹਾਊਸ ਦੁਆਰਾ ਜਾਰੀ ਇੱਕ ਆਡੀਓ ਵਿੱਚ ਟਰੰਪ ਨੇ ਕਿਹਾ ਕਿ ਉਹ ਭਾਰਤ 'ਤੇ ਬਹੁਤ ਜਲਦੀ ਨਵੇਂ ਟੈਰਿਫ ਲਗਾ ਸਕਦੇ ਹਨ।
ਟਰੰਪ ਇਸ ਕਾਰਨ ਭਾਰਤ ਤੋਂ ਨਾਖੁਸ਼
ਆਪਣੀ ਇਸ ਚਿਤਾਵਨੀ ਦੇ ਬਾਵਜੂਦ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰਦਿਆਂ ਉਨ੍ਹਾਂ ਨੂੰ ਇੱਕ ਬਹੁਤ ਚੰਗਾ ਇਨਸਾਨ ਦੱਸਿਆ। ਟਰੰਪ ਨੇ ਦਾਅਵਾ ਕੀਤਾ ਕਿ ਮੋਦੀ ਜਾਣਦੇ ਸਨ ਕਿ ਮੈਂ ਭਾਰਤ ਦੁਆਰਾ ਰੂਸ ਤੋਂ ਤੇਲ ਖਰੀਦਣ ਕਾਰਨ ਖੁਸ਼ ਨਹੀਂ ਸੀ, ਅਤੇ ਉਹ ਮੈਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਰੂਸ ਤੋਂ ਕੱਚਾ ਤੇਲ ਖਰੀਦਣ ਕਾਰਨ ਭਾਰਤ 'ਤੇ ਪਹਿਲਾਂ ਹੀ 50 ਫ਼ੀਸਦੀ ਟੈਰਿਫ ਲਗਾਇਆ ਹੋਇਆ ਹੈ, ਜਿਸ ਵਿੱਚ 25 ਫ਼ੀਸਦੀ ਟੈਰਿਫ਼ ਪੇਨਾਲਟੀ ਵਜੋਂ ਲਾਇਆ ਗਿਆ ਹੈ। ਇਹ ਟੈਰਿਫ ਪਿਛਲੇ ਸਾਲਾਂ ਵਿੱਚ 10 ਫ਼ੀਸਦੀ ਤੋਂ ਵਧ ਕੇ 50 ਫ਼ੀਸਦੀ ਤੱਕ ਪਹੁੰਚ ਗਿਆ ਹੈ।
ਅਮਰੀਕਾ ਵੱਲੋਂ ਲਗਾਈਆਂ ਗਈਆਂ ਵਪਾਰਕ ਪਾਬੰਦੀਆਂ ਅਤੇ ਟੈਰਿਫ ਕਾਰਨ ਭਾਰਤ ਦੇ ਨਿਰਯਾਤ ਵਿੱਚ ਵੱਡੀ ਕਮੀ ਆਈ ਹੈ। ਮਈ ਤੋਂ ਸਤੰਬਰ 2025 ਦੇ ਵਿਚਕਾਰ ਭਾਰਤ ਦਾ ਅਮਰੀਕਾ ਨੂੰ ਨਿਰਯਾਤ 37.5 ਫ਼ੀਸਦੀ ਘਟ ਕੇ 8.8 ਅਰਬ ਡਾਲਰ ਤੋਂ 5.5 ਅਰਬ ਡਾਲਰ ਰਹਿ ਗਿਆ ਹੈ।
ਅਮਰੀਕੀ ਸੈਨੇਟਰ ਲਿੰਡਸੇ ਗ੍ਰਾਹਮ ਅਨੁਸਾਰ, ਅਜਿਹਾ ਕਾਨੂੰਨ ਲਿਆਂਦਾ ਜਾ ਰਿਹਾ ਹੈ ਜੋ ਰਾਸ਼ਟਰਪਤੀ ਨੂੰ ਰੂਸੀ ਤੇਲ ਖਰੀਦਣ ਵਾਲੇ ਦੇਸ਼ਾਂ 'ਤੇ 500 ਫ਼ੀਸਦੀ ਤੱਕ ਟੈਰਿਫ ਲਗਾਉਣ ਦਾ ਅਧਿਕਾਰ ਦੇਵੇਗਾ। ਗ੍ਰਾਹਮ ਨੇ ਦਾਅਵਾ ਕੀਤਾ ਕਿ ਅਮਰੀਕੀ ਦਬਾਅ ਕਾਰਨ ਹੁਣ ਭਾਰਤ ਨੇ ਰੂਸ ਤੋਂ ਤੇਲ ਦੀ ਖਰੀਦ ਕਾਫੀ ਘਟਾ ਦਿੱਤੀ ਹੈ।
ਟਰੰਪ ਨੇ ਪਿਛਲੀ ਬਾਈਡਨ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਜਿੱਥੇ ਪਹਿਲਾਂ ਅਮਰੀਕਾ ਪੈਸੇ ਦੇ ਰਿਹਾ ਸੀ, ਹੁਣ ਉਨ੍ਹਾਂ ਦੀਆਂ ਨੀਤੀਆਂ ਕਾਰਨ ਅਮਰੀਕਾ ਨੂੰ ਪੈਸਾ ਮਿਲ ਰਿਹਾ ਹੈ। ਭਾਰਤ ਅਤੇ ਅਮਰੀਕਾ ਇਸ ਵੇਲੇ ਇੱਕ ਵਿਆਪਕ ਦੁਵੱਲੇ ਵਪਾਰ ਸਮਝੌਤੇ (BTA) 'ਤੇ ਵੀ ਕੰਮ ਕਰ ਰਹੇ ਹਨ, ਜਿਸ ਦਾ ਪਹਿਲਾ ਪੜਾਅ ਜਲਦੀ ਪੂਰਾ ਹੋਣ ਦੀ ਉਮੀਦ ਹੈ।






















