ਪੜਚੋਲ ਕਰੋ
Amritsar News: ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਬਣੇ SGPC ਦੇ ਪ੍ਰਧਾਨ, ਪਈਆਂ 137 ਵੋਟਾਂ, ਵੇਖੋ ਸ਼ਾਨਦਾਰ ਤਸਵੀਰਾਂ
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੀਜੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਬਣ ਗਏ ਹਨ। ਜਨਰਲ ਇਜਲਾਸ ਵਿੱਚ 137 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਜਿਸ ਵਿੱਚੋਂ ਐਡਵੋਕੇਟ ਧਾਮੀ ਨੂੰ 118 ਵੋਟਾਂ ਪਈਆਂ।

HARJINDER SINGH DHAMI
1/5

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਹੋਈ ਸਾਲਾਨਾ ਚੋਣ ਦੌਰਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲਗਾਤਾਰ ਤੀਸਰੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਹੋਏ ਜਨਰਲ ਇਜਲਾਸ ਦੌਰਾਨ ਹੋਈ ਚੋਣ ਮੌਕੇ ਕੁੱਲ ਪਈਆਂ 137 ਵੋਟਾਂ ਵਿੱਚੋਂ 118 ਵੋਟਾਂ ਪ੍ਰਾਪਤ ਕਰਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕੀਤੀ।
2/5

ਉਨ੍ਹਾਂ ਦੇ ਮੁਕਾਬਲੇ ਪ੍ਰਧਾਨਗੀ ਦੀ ਚੋਣ ਲੜਨ ਲਈ ਖੜੇ ਸ. ਬਲਬੀਰ ਸਿੰਘ ਘੁੰਨਸ ਨੂੰ 17 ਵੋਟਾਂ ਪਈਆਂ, ਜਦਕਿ 2 ਵੋਟਾਂ ਰੱਦ ਹੋਈਆਂ। ਇਜਲਾਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ 137 ਮੈਂਬਰ ਮੌਜੂਦ ਰਹੇ।
3/5

ਐਡਵੋਕੇਟ ਧਾਮੀ ਨੇ ਪ੍ਰਧਾਨ ਚੁਣੇ ਜਾਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਨਾਲ ਉਨ੍ਹਾਂ ਨੂੰ ਇਹ ਸੇਵਾ ਤੀਜੀ ਵਾਰ ਮਿਲੀ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਸਮੁੱਚੇ ਹਾਊਸ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਤੇ ਦਲ ਦੇ ਸੀਨੀਅਰ ਆਗੂਆਂ ਦਾ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਉਹ ਯਤਨ ਕਰਨਗੇ ਕਿ ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਦੀਆਂ ਸੇਵਾਵਾਂ ਕੌਮੀ ਭਾਵਨਾਵਾਂ ਅਨੁਸਾਰ ਕੀਤੀਆਂ ਜਾਣ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਸਮਾਂ ਕੌਮ ਲਈ ਚੁਣੌਤੀਆਂ ਵਾਲਾ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਸਾਹਮਣੇ ਹੋਣ ਦੇ ਨਾਲ-ਨਾਲ ਕਈ ਪੰਥਕ ਮਸਲੇ ਵੀ ਦਰਪੇਸ਼ ਹਨ। ਉਨ੍ਹਾਂ ਕਿਹਾ ਕਿ ਚਾਹੇ ਕੇਂਦਰ ਜਾਂ ਪੰਜਾਬ ਦੀ ਸਰਕਾਰ ਹੋਵੇ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਵਿਚ ਦਖ਼ਲਅੰਦਾਜ਼ੀ ਕਰ ਰਹੀਆਂ ਹਨ।
4/5

ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਦੀਆਂ ਭਵਿੱਖੀ ਯੋਜਨਾਵਾਂ ਅਤੇ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਤਰਜੀਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਧਰਮ ਪ੍ਰਚਾਰ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਨਵੀਆਂ ਸੋਧਾਂ ਅਤੇ ਸੇਧਾਂ ਤਹਿਤ ਅੱਗੇ ਵਧਿਆ ਜਾਵੇਗਾ। ਇਸ ਤੋਂ ਇਲਾਵਾ ਸ੍ਰੀ ਦਰਬਾਰ ਸਾਹਿਬ ਪੁੱਜਦੀ ਸੰਗਤ ਲਈ ਨਵੀਆਂ ਸਰਾਵਾਂ ਸਥਾਪਤ ਕਰਨਾ ਵੀ ਏਜੰਡੇ ’ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਹੋਰ ਵੀ ਕਈ ਕੌਮੀ ਕਾਰਜ ਕੀਤੇ ਜਾਣ ਵਾਲੇ ਹਨ, ਜਿਨ੍ਹਾਂ ’ਤੇ ਕੌਮ ਦੇ ਵਿਦਵਾਨਾਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਰਾਇ ਮਸ਼ਵਰੇ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜ ਅਨੁਸਾਰ ਪ੍ਰਬੰਧਕੀ ਸੁਧਾਰਾਂ ਵੱਲ ਵੀ ਵਧਿਆ ਜਾਵੇਗਾ।
5/5

ਸ਼੍ਰੋਮਣੀ ਕਮੇਟੀ ਦੇ ਤੀਸਰੀ ਵਾਰ ਲਗਾਤਾਰ ਪ੍ਰਧਾਨ ਚੁਣੇ ਗਏ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਲੰਮੇ ਅਰਸੇ ਤੋਂ ਸਿੱਖ ਸੰਸਥਾ ਨਾਲ ਜੁੜੇ ਹੋਏ ਹਨ। 1956 ਵਿਚ ਜਨਮੇ ਐਡਵੋਕੇਟ ਹਰਜਿੰਦਰ ਸਿੰਘ ਬੀਏ, ਐਲਐਲਬੀ ਪਾਸ ਹਨ ਅਤੇ ਚਾਰ ਦਹਾਕਿਆਂ ਤੋਂ ਵਕਾਲਤ ਦੇ ਪੇਸ਼ੇ ਨਾਲ ਜੁੜੇ ਹੋਏ ਹਨ। ਉਹ 1996 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣੇ ਅਤੇ ਉਦੋਂ ਤੋਂ ਹੁਣ ਤੱਕ ਲਗਾਤਾਰ ਮੈਂਬਰ ਬਣਦੇ ਰਹੇ। ਉਹ ਧਰਮ ਪ੍ਰਚਾਰ ਦੇ ਮੈਂਬਰ ਵੀ ਰਹੇ ਅਤੇ ਅੰਤ੍ਰਿੰਗ ਮੈਂਬਰ ਵੀ ਬਣੇ। ਐਡਵੋਕੇਟ ਧਾਮੀ 2019 ਵਿਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ, ਜਿਸ ਮਗਰੋਂ 2020 ਵਿਚ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਪ੍ਰਬੰਧਕੀ ਅਹੁਦੇ ’ਤੇ ਸੇਵਾ ਨਿਭਾਈ। ਉਸ ਮਗਰੋਂ ਨਵੰਬਰ 2021 ਵਿਚ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਅਤੇ ਹੁਣ ਇਸ ਅਹੁਦੇ ਉੱਤੇ ਲਗਾਤਾਰ ਤੀਸਰੀ ਵਾਰ ਚੁਣੇ ਗਏ ਹਨ। ਉਹ ਸਿੱਖ ਸਰੋਕਾਰਾਂ ਦੀ ਡੂੰਘੀ ਪਕੜ ਰੱਖਦੇ ਹਨ ਅਤੇ ਇਕ ਦਿਆਨਤਦਾਰ ਆਗੂ ਵਜੋਂ ਜਾਣੇ ਜਾਂਦੇ ਹਨ। ਸਿੱਖ ਸੰਘਰਸ਼ ਦੇ ਯੋਧਿਆਂ ਦੇ ਕੇਸਾਂ ਦੀ ਪੈਰਵਾਈ ਵੀ ਕਰਦੇ ਰਹੇ ਹਨ। ਐਡਵੋਕੇਟ ਧਾਮੀ ਦੇ ਮੁੱਖ ਸਕੱਤਰ ਅਤੇ ਪ੍ਰਧਾਨ ਹੁੰਦਿਆਂ ਕਈ ਸ਼ਤਾਬਦੀਆਂ ਵੀ ਮਨਾਈਆਂ ਗਈਆਂ ਹਨ।
Published at : 08 Nov 2023 07:28 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਪੰਜਾਬ
ਪੰਜਾਬ
ਚੰਡੀਗੜ੍ਹ
Advertisement
ਟ੍ਰੈਂਡਿੰਗ ਟੌਪਿਕ
