(Source: ECI/ABP News/ABP Majha)
ਅਗਰਬੱਤੀਆਂ ਵਾਲੀ ਕੰਪਨੀ ਨੇ ਪਾਵਨ ਗੁਰਬਾਣੀ ਦਾ ਹਿੰਦੀ 'ਚ ਗੁਟਕਾ ਸਾਹਿਬ ਛਾਪ ਕੇ ਉੱਪਰ ਛਾਪਿਆ ਇਸ਼ਤਿਹਾਰ, ਸ਼੍ਰੋਮਣੀ ਕਮੇਟੀ ਨੇ ਲਿਆ ਐਕਸ਼ਨ
ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਮਾਮਲਾ ਸਾਹਮਣੇ ਆਉਣ 'ਤੇ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਪੜਤਾਲ ਵਿਭਾਗ ਨੂੰ ਮਾਮਲੇ ਦੀ ਜਾਂਚ ਲਈ ਟੀਮ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ।
ਅੰਮ੍ਰਿਤਸਰ: ਚੰਡੀਗੜ੍ਹ ਦੀ ਅਗਰਬੱਤੀਆਂ ਬਣਾਉਣ ਵਾਲੀ ਕੰਪਨੀ ਵੱਲੋਂ ਜਪੁਜੀ ਸਾਹਿਬ ਦੀ ਪਾਵਨ ਗੁਰਬਾਣੀ ਦਾ ਹਿੰਦੀ 'ਚ ਗੁਟਕਾ ਸਾਹਿਬ ਤਿਆਰ ਕਰਕੇ ਉਸ 'ਤੇ ਆਪਣੀ ਕੰਪਨੀ ਦੀ ਮਸ਼ਹੂਰੀ ਛਾਪੀ ਹੈ। ਇਸ ਉੱਪਰ ਹੁਣ ਵਿਵਾਦ ਛਿੜ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ ਦਾ ਸਖਤ ਨੋਟਿਸ ਲਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਚੰਡੀਗੜ੍ਹ ਦੀ ਅਗਰਬੱਤੀਆਂ ਬਣਾਉਣ ਵਾਲੀ ਇੱਕ ਕੰਪਨੀ ਵੱਲੋਂ ਜਪੁਜੀ ਸਾਹਿਬ ਦੀ ਪਾਵਨ ਗੁਰਬਾਣੀ ਦਾ ਹਿੰਦੀ 'ਚ ਗੁਟਕਾ ਸਾਹਿਬ ਤਿਆਰ ਕਰਕੇ ਉਸ 'ਤੇ ਆਪਣੀ ਕੰਪਨੀ ਦੀ ਮਸ਼ਹੂਰੀ ਛਾਪਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਇਹ ਗੰਭੀਰ ਮਾਮਲਾ ਹੈ ਜਿਸ ਦੀ ਜਾਂਚ ਕੀਤੀ ਜਾਵੇਗੀ। ਜਾਂਚ ਰਿਪੋਰਟ ਮਿਲਣ ਮਗਰੋਂ ਸਬੰਧਤ ਕੰਪਨੀ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੇ ਮਾਮਲਾ ਸਾਹਮਣੇ ਆਉਣ 'ਤੇ ਧਰਮ ਪ੍ਰਚਾਰ ਕਮੇਟੀ ਦੇ ਧਾਰਮਿਕ ਪੜਤਾਲ ਵਿਭਾਗ ਨੂੰ ਮਾਮਲੇ ਦੀ ਜਾਂਚ ਲਈ ਟੀਮ ਭੇਜਣ ਦੇ ਆਦੇਸ਼ ਜਾਰੀ ਕੀਤੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕੋਈ ਗੁਰਬਾਣੀ ਨੂੰ ਵਪਾਰਕ ਲਾਭ ਲਈ ਵਰਤੇ। ਉਨ੍ਹਾਂ ਕਿਹਾ ਕਿ ਜਾਂਚ ਪੜਤਾਲ ਦੀ ਰਿਪੋਰਟ ਮਿਲਣ ਮਗਰੋਂ ਸਬੰਧਤ ਫਰਮ ਵਿਰੁੱਧ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਇਹ ਮਾਮਲਾ ਇੱਕ ਵਿਅਕਤੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਸ ’ਤੇ ਕਾਰਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੜਤਾਲ ਕਰਵਾਉਣ ਦੇ ਆਦੇਸ਼ ਦਿੱਤੇ ਹਨ।
ਉਨ੍ਹਾਂ ਦੱਸਿਆ ਕਿ ਇਹ ਕੰਪਨੀ ਚੰਡੀਗੜ੍ਹ ਨਾਲ ਸਬੰਧਤ ਹੈ, ਜੋ ‘ਦੇਵ ਦਰਸ਼ਨ’ ਨਾਮ ਹੇਠ ਅਗਰਬੱਤੀਆਂ ਬਣਾਉਂਦੀ ਹੈ ਅਤੇ ਇਸ ਕੰਪਨੀ ਵੱਲੋਂ ਜਪੁਜੀ ਸਾਹਿਬ ਦਾ ਹਿੰਦੀ ’ਚ ਗੁਟਕਾ ਤਿਆਰ ਕਰਵਾ ਕੇ ਉਸ ਉੱਪਰ ਆਪਣੀ ਮਸ਼ਹੂਰੀ ਕੀਤੀ ਜਾ ਰਹੀ ਹੈ। ਕੰਪਨੀ ਵੱਲੋਂ ਅਗਰਬੱਤੀਆਂ ਦੇ ਡੱਬਿਆਂ ਵਿੱਚ ਗੁਟਕਾ ਪੈਕ ਕਰ ਕੇ ਵੀ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਗੁਰਬਾਣੀ ਦਾ ਵੀ ਨਿਰਾਦਰ ਹੈ, ਜਿਸ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ।