ਪੜਚੋਲ ਕਰੋ
ਗੁਰੂ ਹਰ ਰਾਇ ਸਾਹਿਬ ਨੇ ਇੰਝ ਨਿਭਾਇਆ ਤਾਕਤ ਦੀ ਦੁਰਵਰਤੋਂ ਨਾ ਕਰਨ ਦਾ ਉਪਦੇਸ਼

ਪਰਮਜੀਤ ਸਿੰਘ ਸ੍ਰੀ ਅਨੰਦਪੁਰ ਸਾਹਿਬ: ਸੱਤਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਹਰਰਾਇ ਸਾਹਿਬ ਦਾ ਜੀਵਨ ਸ਼ਕਤੀ ਤੇ ਕੋਮਲਤਾ ਦੀ ਮਿਸਾਲ ਹੈ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਤੇ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਸਾਹਿਬ ਸ੍ਰੀ ਗੁਰੂ ਹਰਰਾਇ ਸਾਹਿਬ ਦਾ ਪ੍ਰਕਾਸ਼ 1630 ਈ: ਨੂੰ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ। ਆਪ ਸੰਤ ਸੁਭਾਅ ਦੇ ਮਾਲਕ ਹੋਣ ਦੇ ਨਾਲ ਨਾਲ ਸਿਪਾਹੀ ਵੀ ਸਨ। ਇੱਕ ਵਾਰ ਆਪ ਕਰਤਾਰਪੁਰ ਸਾਹਿਬ ਦੇ ਬਾਗ ਵਿੱਚ ਟਹਿਲ ਰਹੇ ਸਨ ਕਿ ਆਪ ਦੇ ਜਾਮੇ ਨਾਲ ਕੁਝ ਫੁੱਲ ਟੁੱਟ ਕੇ ਡਿੱਗ ਪਏ। ਹਰ ਰਾਇ ਸਾਹਿਬ ਦੁਖੀ ਹੋ ਕੇ ਬੂਟਿਆਂ ਪਾਸ ਹੀ ਖਲੋ ਗਏ ਕਿ ਇਤਨੇ ਛੇਵੇਂ ਪਾਤਸ਼ਾਹ ਨੇ ਆਣ ਉਦਾਸੀ ਦਾ ਕਾਰਨ ਜਾਣ ਉਪਦੇਸ਼ ਦਿੱਤਾ ਜਿਸ ਦਾ ਭਾਵ ਸੀ ਕਿ ਮਨੁੱਖ ਨੂੰ ਆਪਣੀ ਤਾਕਤ ਦੀ ਸੋਚ ਸਮਝ ਕੇ ਹੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਨੂੰ ਅਜਾਈਂ ਦੁੱਖ ਤਕਲੀਫ ਨਾ ਪਹੁੰਚੇ। ਇਸ ਨੂੰ ਬਾਲਕ ਹਰ ਰਾਇ ਸਾਹਿਬ ਨੇ ਸਮਝ ਕੇ ਅੰਤ ਤਕ ਨਿਭਾਇਆ। ਛੇਵੇਂ ਪਾਤਸ਼ਾਹ ਦੀ ਆਗਿਆ ਅਨੁਸਾਰ ਆਪ ਜੀ ਆਪਣੀ ਅਰਦਲ ਵਿੱਚ 2200 ਘੋੜ ਸਵਾਰ ਹਮੇਸ਼ਾ ਰੱਖਦੇ ਸਨ। ਆਪ ਦਾ ਵਿਆਹ ਜਿਲ੍ਹਾ ਬੁਲੰਦ ਸ਼ਹਿਰ ਨਿਵਾਸੀ ਸ੍ਰੀ ਦਇਆ ਰਾਮ ਜੀ ਦੀ ਸਪੁੱਤਰੀ ਬੀਬੀ ਕ੍ਰਿਸ਼ਨ ਕੌਰ ਜੀ ਨਾਲ ਹੋਇਆ। ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋ ਦੋ ਸਪੁੱਤਰ ਬਾਬਾ ਰਾਇ ਜੀ ਤੇ ਹਰਕ੍ਰਿਸ਼ਨ ਸਾਹਿਬ ਨੇ ਜਨਮ ਲਿਆ। ਗੁਰੂ ਸਾਹਿਬ ਨੇ ਆਪਣਾ ਬਹੁਤਾ ਸਮਾਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਲਾਇਆ ਤੇ ਮਾਝੇ-ਮਾਲਵੇ ਦੀ ਪ੍ਰਚਾਰ ਯਾਤਰਾ ਕਰ ਸਿੱਖ ਸੰਗਤਾਂ ਵਿੱਚ ਨਾਮ ਬਾਣੀ ਨੂੰ ਦ੍ਰਿੜ ਕਰਵਾਇਆ ਇਸ ਤਰ੍ਹਾਂ ਆਪ ਆਪਣੀਆਂ ਪ੍ਰਚਾਰ ਯਾਤਰਾਵਾਂ ਵਿੱਚ ਕਸ਼ਮੀਰ ਤੇ ਕਾਬਲ ਤੱਕ ਗਏ। ਗੁਰੂ ਹਰ ਰਾਇ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਤਿੰਨ ਕੇਂਦਰ ਥਾਪੇ ਜਿਨ੍ਹਾਂ ਨੂੰ ਬਖਸ਼ਿਸ਼ਾਂ ਕਿਹਾ ਜਾਂਦਾ ਹੈ। ਆਪ ਦੇ ਆਸ਼ੀਰਵਾਦ ਦਾ ਸਦਕਾ ਹੀ ਫੂਲਕੀਆਂ ਰਿਆਸਤਾਂ 'ਪਟਿਆਲਾ, ਨਾਭਾ ਤੇ ਜੀਂਦ ਹੋਂਦ ਵਿੱਚ ਆਈਆਂ। ਅੱਜ ਸਮੁਚੇ ਸੰਸਾਰ ਭਰ ਵਿਚ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਦੀਆਂ ਰੌਣਕਾਂ ਹਨ ਸੰਗਤਾਂ ਗੁਰਦੁਆਰਾ ਸਾਹਿਬਾਨ 'ਚ ਨਤਮਸਕ ਹੋ ਆਪਣੀ ਹਾਜ਼ਰੀ ਲਵਾ ਰਹੀਆਂ ਹਨ। ਗੁਰੂ ਹਰਰਾਇ ਸਾਹਿਬ ਦੇ ਪਾਵਨ ਪ੍ਰਕਾਸ਼ ਪੁਰਬ ਮੌਕੇ ਏਬੀਪੀ ਸਾਂਝਾ ਵੀ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਕੋਟਾਨ ਕੋਟ ਵਧਾਈ ਦਿੰਦਾ ਹੈ।
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















