ਅੱਜ ਦਾ ਹੁਕਮਨਾਮਾ ਸਾਹਿਬ
ਸਲੋਕੁ ਮਃ ੪ ॥ ਅੰਤਰਿ ਅਗਿਆਨੁ ਭਈ ਮਤਿ ਮਧਿਮ ਸਤਿਗੁਰ ਕੀ ਪਰਤੀਤਿ ਨਾਹੀ ॥ ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥ ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥
ਅਰਥ :- (ਮਨਮੁਖ ਦੇ) ਹਿਰਦੇ ਵਿਚ ਅਗਿਆਨ ਹੈ, (ਉਸ ਦੀ) ਅਕਲਿ ਹੋਛੀ ਹੁੰਦੀ ਹੈ ਤੇ ਸਤਿਗੁਰੂ ਉਤੇ ਉਸ ਨੂੰ ਸਿਦਕ ਨਹੀਂ ਹੁੰਦਾ; ਮਨ ਵਿਚ ਧੋਖਾ (ਹੋਣ ਕਰਕੇ ਸੰਸਾਰ ਵਿਚ ਭੀ) ਉਹ ਸਾਰਾ ਧੋਖਾ ਹੀ ਧੋਖਾ ਵਰਤਦਾ ਸਮਝਦਾ ਹੈ। (ਮਨਮੁਖ ਬੰਦੇ ਆਪ) ਦੁਖੀ ਹੁੰਦੇ ਹਨ (ਤੇ ਹੋਰਨਾਂ ਨੂੰ) ਦੁਖੀ ਕਰਦੇ ਹਨ; ਸਤਿਗੁਰੂ ਦਾ ਹੁਕਮ ਉਹਨਾਂ ਦੇ ਚਿੱਤ ਵਿਚ ਨਹੀਂ ਆਉਂਦਾ (ਭਾਵ, ਭਾਣਾ ਨਹੀਂ ਮੰਨਦੇ) ਤੇ ਆਪਣੀ ਗ਼ਰਜ਼ ਦੇ ਪਿਛੇ ਭਟਕਦੇ ਫਿਰਦੇ ਹਨ; ਹੇ ਨਾਨਕ ਜੀ! ਜੇ ਹਰੀ ਆਪਣੀ ਮੇਹਰ ਕਰੇ, ਤਾਂ ਹੀ ਉਹ ਗੁਰੂ ਦੇ ਸ਼ਬਦ ਵਿਚ ਲੀਨ ਹੁੰਦੇ ਹਨ ॥੧॥ ਮਾਇਆ ਦੇ ਮੋਹ ਵਿਚ ਗ੍ਰਸੇ ਹੋਏ ਮਨਮੁਖਾਂ ਦਾ ਮਨ ਮਾਇਆ ਦੇ ਪਿਆਰ ਵਿਚ ਇਕ ਥਾਂ ਨਹੀਂ ਟਿਕਦਾ। ਹਰ ਵੇਲੇ ਦਿਨ ਰਾਤ (ਮਾਇਆ ਵਿਚ) ਸੜਦੇ ਰਹਿੰਦੇ ਹਨ। ਅਹੰਕਾਰ ਵਿਚ ਆਪ ਦੁਖੀ ਹੁੰਦੇ ਹਨ, ਹੋਰਨਾਂ ਨੂੰ ਦੁਖੀ ਕਰਦੇ ਹਨ। ਉਹਨਾਂ ਦੇ ਅੰਦਰ ਲੋਭ-ਰੂਪ ਵੱਡਾ ਹਨੇਰਾ ਹੁੰਦਾ ਹੈ, ਕੋਈ ਮਨੁੱਖ ਉਹਨਾਂ ਦੇ ਨੇੜੇ ਨਹੀਂ ਢੁਕਦਾ। ਉਹ ਆਪਣੇ ਆਪ ਹੀ ਦੁਖੀ ਰਹਿੰਦੇ ਹਨ, ਕਦੇ ਸੁਖੀ ਨਹੀਂ ਹੁੰਦੇ, ਸਦਾ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ। ਹੇ ਨਾਨਕ ਜੀ! ਜੇ ਉਹ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਨ, ਤਾਂ ਸੱਚਾ ਹਰੀ ਉਹਨਾਂ ਨੂੰ ਬਖ਼ਸ਼ ਲਏ ॥੨॥ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਹਨ, ਉਹ ਸੰਤ ਹਨ, ਭਗਤ ਹਨ ਉਹੀ ਕਬੂਲ ਹਨ। ਉਹੋ ਮਨੁੱਖ ਸਿਆਣੇ ਹਨ ਜੋ ਹਰੀ-ਨਾਮ ਸਿਮਰਦੇ ਹਨ। ਆਤਮਕ ਜੀਵਨ ਦੇਣ ਵਾਲਾ ਨਾਮ ਖ਼ਜ਼ਾਨਾ-ਰੂਪ ਭੋਜਨ ਖਾਂਦੇ ਹਨ, ਤੇ ਸੰਤਾਂ ਦੀ ਚਰਨ-ਧੂੜ ਆਪਣੇ ਮੱਥੇ ਤੇ ਲਾਂਦੇ ਹਨ। ਹੇ ਨਾਨਕ ਜੀ! (ਇਹੋ ਜਿਹੇ ਮਨੁੱਖ) ਹਰੀ (ਦੇ ਭਜਨ-ਰੂਪ) ਤੀਰਥ ਤੇ ਨ੍ਹਾਉਂਦੇ ਹਨ ਤੇ ਪਵਿੱਤ੍ਰ ਹੋ ਜਾਂਦੇ ਹਨ ॥੨੬॥