ਬਹਿਬਲ ਕਲਾਂ ਦੇ ਸ਼ਹੀਦਾਂ ਸਣੇ ਸੱਤ ਸ਼ਖ਼ਸੀਅਤਾਂ ਦੇ ਚਿੱਤਰ ਕੇਂਦਰੀ ਸਿੱਖ ਅਜਾਇਬ ਘਰ ’ਚ ਲਾਏ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਨ੍ਹਾਂ ਨੇ ਗੁਰਮਤਿ ਦੀਆਂ ਪੈੜਾਂ ’ਤੇ ਚੱਲ ਕੇ ਪੰਥਕ ਸੇਵਾ ਨਿਭਾਈ ਹੈ, ਉਹ ਕੌਮ ਲਈ ਸਤਿਕਾਰਯੋਗ ਹਨ ।
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਅੱਜ ਸੱਤ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਗਈਆਂ। ਇਨ੍ਹਾਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਤੋਂ ਪਰਦਾ ਹਟਾਉਣ ਦੀ ਰਸਮ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ ਨੇ ਨਿਭਾਈ।
ਕੇਂਦਰੀ ਸਿੱਖ ਅਜਾਇਬ ਘਰ ਵਿੱਚ ਬਹਿਬਲ ਕਲਾਂ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਤੇ ਭਾਈ ਗੁਰਜੀਤ ਸਿੰਘ ਸਰਾਵਾਂ, ਜੋਧਪੁਰ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਯਤਨ ਕਰਨ ਵਾਲੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਹਰਬੰਸ ਸਿੰਘ ਘੁੰਮਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਨੱਕਾਸ਼ੀ ’ਚ ਯੋਗਦਾਨ ਪਾਉਣ ਵਾਲੇ ਜੀਐਸ ਸੋਹਨ ਸਿੰਘ, ਸੰਤ ਪ੍ਰਿਥੀਪਾਲ ਸਿੰਘ ਸੱਯਦ, ਇੰਜੀ: ਡਾ. ਜਸਵੰਤ ਸਿੰਘ ਗਿੱਲ, ਬ੍ਰਗੇਡੀਅਰ ਸ. ਸਿੰਘ ਦੇ ਚਿੱਤਰ ਲਾਏ ਗਏ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜਿਨ੍ਹਾਂ ਨੇ ਗੁਰਮਤਿ ਦੀਆਂ ਪੈੜਾਂ ’ਤੇ ਚੱਲ ਕੇ ਪੰਥਕ ਸੇਵਾ ਨਿਭਾਈ ਹੈ, ਉਹ ਕੌਮ ਲਈ ਸਤਿਕਾਰਯੋਗ ਹਨ ਤੇ ਪੰਥਕ ਸਨਮਾਨ ਵਜੋਂ ਉਨ੍ਹਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸ਼ਖ਼ਸੀਅਤਾਂ ਕੌਮ ਲਈ ਪ੍ਰੇਰਣਾ ਸਰੋਤ ਹਨ, ਜਿਨ੍ਹਾਂ ਬਾਰੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਜਾਣਕਾਰੀ ਮਿਲ ਸਕੇਗੀ। ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖਾਂ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਪੰਥਕ ਸੇਵਾ ਕਰਨ ਵਾਲੇ ਹਰ ਸ਼ਖ਼ਸ ਦਾ ਦਿਲੋਂ ਸਤਿਕਾਰ ਕਰਦੀ ਹੈ ਤੇ ਕਰਦੀ ਰਹੇਗੀ।
ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਕਿਹਾ ਕਿ ਕੇਂਦਰੀ ਸਿੱਖ ਅਜਾਇਬ ਘਰ ਸਿੱਖ ਇਤਿਹਾਸ ਦਾ ਸੋਮਾ ਹੈ। ਇਥੇ ਸਿੱਖੀ ਲਈ ਸੇਵਾਵਾਂ ਨਿਭਾਉਣ ਵਾਲੀਆਂ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਾ ਕੇ ਸਨਮਾਨ ਦਿੱਤਾ ਜਾਂਦਾ ਹੈ। ਸ਼੍ਰੋਮਣੀ ਕਮੇਟੀ ਪੰਥਕ ਸੇਵਾਵਾਂ ਵਾਲਿਆਂ ਨੂੰ ਯਾਦ ਕਰਦੀ ਹੈ ਤੇ ਇਸੇ ਤਹਿਤ ਹੀ ਅੰਤ੍ਰਿੰਗ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਸੱਤ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਮੌਕੇ ਇਨ੍ਹਾਂ ਸ਼ਖ਼ਸੀਅਤਾਂ ਦੇ ਪਰਿਵਾਰਕ ਮੈਂਬਰ ਨੂੰ ਗੁਰੂ ਬਖ਼ਸ਼ਿਸ ਸਿਰੋਪਾਓ ਵੀ ਦਿੱਤੇ ਗਏ।