History of Fort Gobindgarh: ਸਿੱਖ ਤੇ ਅੰਗਰੇਜ਼ ਰਾਜ ਦੇ ਗਵਾਹ ਕਿਲ੍ਹਾ ਗੋਬਿੰਦਗੜ੍ਹ ਦਾ ਜਾਣੋ ਇਤਿਹਾਸ
ਇਹ ਕਿਲ੍ਹਾ 1760 ਈ ਵਿੱਚ ਉਸਾਰਿਆ ਗਿਆ। ਉਸ ਸਮੇਂ ਮਹਿਜ਼ ਮਿੱਟੀ ਦਾ ਬਣਿਆ ਹੋਣ ਕਰਕੇ ਇਹ ਕਿਲ੍ਹਾ ਮਿੱਟੀ ਦੇ ਕਿਲ੍ਹੇ ਜਾਂ ਭੰਗੀਆਂ ਦੁਆਰਾ ਬਣਾਏ ਜਾਣ ਕਰਕੇ ਭੰਗੀਆਂ ਦੇ ਕਿਲ੍ਹੇ ਵਜੋਂ ਜਾਣਿਆ ਜਾਣ ਲੱਗਾ।
ਲੇਖਕ: ਪਰਮਜੀਤ ਸਿੰਘ
ਬੇਸ਼ਕੀਮਤੀ ਇਤਿਹਾਸਕ ਜ਼ਖੀਰਿਆਂ ਨਾਲ ਭਰੀ ਪੰਜਾਬ ਦੀ ਧਰਤੀ 'ਤੇ ਮਾਹਾਰਾਜਾ ਰਣਜੀਤ ਸਿੰਘ ਦੇ ਰਾਜ ਮੌਕੇ ਉਹ ਰੰਗ ਭਾਗ ਲੱਗੇ ਜੋ ਅੱਜ ਤੱਕ ਪੰਜਾਬ ਦੀ ਸ਼ਾਨ ਦਾ ਪ੍ਰਤੀਕ ਬਣੇ ਹੋਏ ਹਨ। ਇਨ੍ਹਾਂ ਹੀ ਸ਼ਾਨਦਾਰ ਇਤਿਹਾਸਕ ਜ਼ਖੀਰਿਆਂ ਵਿੱਚ ਸ਼ਾਮਲ ਕਿਲ੍ਹਾ ਗੋਬਿੰਦਗੜ੍ਹ ਹੈ।
ਸੂਬੇ ਦੀਆਂ 12 ਸਿੱਖ ਮਿਸਲਾਂ ਵਿੱਚੋਂ ਇੱਕ ਭੰਗੀ ਮਿਸਲ ਦੇ ਆਗੂ ਗੁੱਜਰ ਸਿੰਘ ਭੰਗੀ ਸਨ ਜਿਨ੍ਹਾਂ ਦੀ ਅਗਵਾਈ ਹੇਠ ਇਹ ਕਿਲ੍ਹਾ 1760 ਈ ਵਿੱਚ ਉਸਾਰਿਆ ਗਿਆ। ਉਸ ਸਮੇਂ ਮਹਿਜ਼ ਮਿੱਟੀ ਦਾ ਬਣਿਆ ਹੋਣ ਕਰਕੇ ਇਹ ਕਿਲ੍ਹਾ ਮਿੱਟੀ ਦੇ ਕਿਲ੍ਹੇ ਜਾਂ ਭੰਗੀਆਂ ਦੁਆਰਾ ਬਣਾਏ ਜਾਣ ਕਰਕੇ ਭੰਗੀਆਂ ਦੇ ਕਿਲ੍ਹੇ ਵਜੋਂ ਜਾਣਿਆ ਜਾਣ ਲੱਗਾ।
ਸਮਾਂ ਬੀਤਿਆ, 1788 ਨੂੰ ਗੁੱਜਰ ਸਿੰਘ ਭੰਗੀ ਦੀ ਮੌਤ ਤੋਂ ਬਾਅਦ ਮਾਹਾਰਾਜਾ ਰਣਜੀਤ ਸਿੰਘ ਨੇ 1805 ਈਸਵੀ ਨੂੰ 49 ਸਾਲ ਤੱਕ ਰਾਜ ਕਰ ਚੁੱਕੀ ਭੰਗੀ ਮਿਸਲ ਤੋਂ ਇਹ ਕਿਲ੍ਹਾ ਆਪਣੇ ਅਧੀਨ ਲੈ ਲਿਆ। ਮਾਹਾਰਾਜੇ ਨੇ ਆਹਲੂਵਾਲੀਆ ਗੇਟ ਤੋਂ ਸ਼ਹਿਰ ‘ਚ ਦਾਖਲ ਹੋ ਕੇ ਕਿਲ੍ਹੇ ਤੇ ਜ਼ਮਜ਼ਮਾਂ ਤੋਪ ਸਣੇ ਪੂਰੇ ਅੰਮ੍ਰਿਤਸਰ ਨੂੰ ਫਤਹਿ ਕਰ ਲਿਆ। ਮੰਨਿਆ ਇਹ ਵੀ ਜਾਂਦਾ ਹੈ ਕਿ ਆਵਾਮ ਨੇ ਭੰਗੀਆਂ ਦੇ ਰਾਜ ਤੋਂ ਤੰਗ ਆ ਜਾਣ ਤੇ ਸ਼ਹਿਰ ਦੇ ਦਰਵਾਜ਼ੇ ਮਾਹਾਰਾਜੇ ਲਈ ਹਮਲਾ ਕਰਨ ਲਈ ਖੋਲ੍ਹੇ।
1805 ਤੋਂ ਲੈ ਕੇ 1809 ਈਸਵੀ ਤੱਕ ਦਾ ਸਮਾਂ ਕਿਲ੍ਹੇ ਦੀ ਮੁਰੰਮਤ 'ਤੇ ਬੀਤਿਆ ਜੋ ਨਵੀਆਂ ਤਕਨੀਕਾਂ ਦੀ ਮਦਦ ਨਾਲ ਅੰਮ੍ਰਿਤਸਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੱਖਿਆ ਨੂੰ ਮੁੱਖ ਰੱਖਦੇ ਹੋਏ ਮਾਹਾਰਾਜੇ ਨਾਲ ਜੁੜੇ ਫਰਾਂਸੀਸੀ ਜਰਨੈਲਾਂ, ਆਰਕੀਟੈਕਟਾਂ ਜਾਂ ਸਿਰਜਣਹਾਰਿਆਂ ਦੀ ਬਦੌਲਤ ਕੀਤਾ ਗਿਆ। ਕਿਲ੍ਹੇ ਵਿੱਚ ਟਕਸਾਲ, ਤੋਪਖਾਨਾ ਤੋਂ ਇਲਾਵਾ ਚੂਨੇ ਦੇ ਪਲੱਸਤਰ ਤੋਂ ਬਣੀਆਂ ਨਾਨਕਸ਼ਾਹੀ ਇੱਟਾਂ ਨਾਲ ਇੱਕ ਤੋਪਖਾਨਾ ਬਣਾਇਆ ਗਿਆ, ਜਿਸ ਵਿੱਚ ਕੋਹੇਨੂਰ ਹੀਰੇ ਸਣੇ 30 ਲੱਖ ਦਾ ਖਜ਼ਾਨਾ ਵੀ ਰੱਖਿਆ ਗਿਆ।
ਇਸ ਦੀ ਰਾਖੀ ਲਈ ਹਰ ਵੇਲੇ 2000 ਸਿਪਾਹੀ ਤਾਇਨਾਤ ਰਹਿੰਦੇ ਸਨ। ਮੁੜ ਉਸਾਰੀ ਤੋਂ ਬਾਅਦ ਮਿੱਟੀ ਦੇ ਕਿਲ੍ਹੇ ਤੋਂ ਬਦਲ ਇਹ ਆਲੀਸ਼ਾਨ ਕਿਲ੍ਹੇ ‘ਚ ਤਬਦੀਲ ਹੋ ਗਿਆ ਤੇ ਇਸ ਕਿਲ੍ਹੇ ‘ਚ ਹੀ ਮਾਹਾਰਾਜੇ ਦੀ ਪਲੇਠੀ ਔਲਾਦ ਖੜਕ ਸਿੰਘ ਦੇ ਸਪੁੱਤਰ ਕੰਵਰ ਨੌਨਿਹਾਲ ਸਿੰਘ ਦਾ ਵਿਆਹ ਕੀਤਾ ਗਿਆ।
27 ਜੂਨ, 1839 ਮਾਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੇ ਕਈ ਉਰਾਧਿਕਾਰੀ ਬਣੇ ਤੇ ਆਖਰ ਸਤੰਬਰ 1843 ਨੂੰ ਮਾਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਰਾਣੀ ਜਿੰਦ ਕੌਰ ਦੇ ਇਕਲੌਤੇ ਪੁੱਤਰ ਦਲੀਪ ਸਿੰਘ ਨੇ ਆਪਣੀ ਪੰਜਾਂ ਵਰ੍ਹਿਆਂ ਦੀ ਉਮਰ ‘ਚ ਗੱਦੀ ਸੰਭਾਲੀ। ਮਾਹਾਰਾਜਾ ਦਲੀਪ ਸਿੰਘ ਦੀ ਉਮਰ ਨਿਆਣੀ ਸੀ, ਇਸ ਲਈ ਰਾਣੀ ਜਿੰਦਾ ਦਾ ਹੀ ਰਾਜ ਭਾਗ ਸੰਭਾਲਣਾ ਸੁਭਾਵਿਕ ਗੱਲ ਸੀ।
ਉਹ ਰਾਜ ਭਾਗ ਸੰਭਾਲਣ ‘ਚ ਕਮਜ਼ੋਰ ਸਾਬਤ ਹੋਏ, ਨਤੀਜੇ ਵਜੋਂ ਮੌਕਾ ਸੰਭਾਲਦਿਆਂ ਅੰਗ੍ਰੇਜ਼ਾਂ ਨੇ ਕੁਝ ਗੱਦਾਰਾਂ ਦੀ ਮਦਦ ਨਾਲ ਦੂਜੇ ਐਂਗਲੋਂ ਸਿੱਖ ਯੁੱਧ ‘ਚ ਸਿੱਖਾਂ ਨੂੰ ਹਰਾ 29 ਮਾਰਚ 1849 ਨੂੰ ਪੰਜਾਬ ਰਾਜ ਖਤਮ ਕਰਕੇ ਅੰਗ੍ਰੇਜ਼ੀ ਸਾਮਰਾਜ ‘ਚ ਸ਼ਾਮਲ ਕਰ ਲਿਆ ਗਿਆ। ਮਾਹਾਰਾਜੇ ਤੋਂ ਬਾਅਦ ਵਾਰੀ ਆਈ ਅੰਗ੍ਰੇਜ ਹੁਕਮਰਾਨਾਂ ਦੀ। ਅੰਗ੍ਰੇਜ਼ਾ ਨੇ ਆਪਣੀ ਲੋੜ ਮੁਤੱਲਕ ਕਿਲ੍ਹੇ ਦੀ ਰੂਪ ਰੇਖਾ ‘ਚ ਤਬਦੀਲੀ ਕੀਤੀ। ਕਿਲ੍ਹੇ ‘ਚ ਫਾਂਸੀ ਘਰ, ਦਰਬਾਰ ਹਾਲ, ਕਲੋਰੋਨੋਮ ਘਰ, ਡਾਇਰ ਬੰਗਲੋ ਜਿਹੀਆਂ ਇਮਾਰਤਾਂ ਨੂੰ ਸ਼ਾਮਲ ਕੀਤਾ।
ਅੰਗ੍ਰੇਜ਼ਾਂ ਨੇ ਜਦੋਂ ਭਾਰਤ ਨੂੰ ਛੱਡਿਆ ਤਾਂ ਦੇਸ਼ ਦੀ ਆਜ਼ਾਦੀ ਦੇ ਨਾਲ ਇਸ ਕਿਲ੍ਹੇ ਨੂੰ ਵੀ ਆਜ਼ਾਦੀ ਨਸੀਬ ਹੋਈ। ਸਾਲ 1947 ਜਦੋਂ ਵੰਡ ਦੇ ਕਤਲ-ਏ-ਆਮ ਸਮੇਂ ਕਿਲ੍ਹਾ ਗੋਬਿੰਦਗੜ੍ਹ ਨੇ ਮੁਹਾਜ਼ਰਾਂ ਦੀ ਸ਼ਰਨਾਗਤ ਦਾ ਕੰਮ ਵੀ ਬਾਖੂਬੀ ਨਿਭਾਇਆ। ਅੰਗ੍ਰੇਜ਼ਾਂ ਦੇ ਚਲੇ ਜਾਣ ਨਾਲ ਉਨ੍ਹਾਂ ਨਾਲ ਜੁੜੀਆਂ ਥਾਂਵਾਂ ਵੀ ਇਤਿਹਾਸ ‘ਚ ਜੁੜ ਗਈਆਂ। ਉਨ੍ਹਾਂ ਹੀ ਥਾਂਵਾਂ ਵਿੱਚੋਂ ਇੱਕ ਡਾਇਰ ਬੰਗਲਾ ਹੈ। ਗੋਬਿੰਦਗੜ੍ਹ ਕਿਲ੍ਹੇ ‘ਚ ਮੌਜੂਦ ਡਾਇਰ ਬੰਗਲਾ ਉਹ ਥਾਂ ਸੀ ਜਿੱਥੇ ਜਨਰਲ ਅਡਵਾਇਰ ਨਿਵਾਸ ਕਰਦਾ ਸੀ ਤੇ ਉਸ ਦੇ ਆਲਾ ਅਧਿਕਾਰੀ ਵੀ ਇੱਥੇ ਹੀ ਰੁਕਿਆ ਕਰਦੇ ਸਨ।
ਡਾਇਰ ਬੰਗਲੇ ਨੂੰ ਹੁਣ ਬਦਲ ਅਜਾਇਬ ਘਰ ‘ਚ ਤਬਦੀਲ ਕਰ ਦਿੱਤਾ ਗਿਆ ਜਿਸ ਵਿੱਚ ਸਿਲੀਕੋਨ ਦੇ ਬੁੱਤ ਰੱਖੇ ਗਏ ਹਨ ਜੋ ਅੱਜ ਵੀ ਸੰਜੀਵ ਜਾਪਦੇ ਹਨ। ਆਜ਼ਾਦੀ ਤੋਂ ਬਾਅਦ ਕਿਲ੍ਹਾ ਗੋਬਿੰਦਗੜ੍ਹ ਭਾਰਤੀ ਫੌਜ ਦੇ ਅਧੀਨ ਕੀਤਾ ਗਿਆ ਪਰ ਇਸ ਦੌਰਾਨ ਆਮ ਲੋਕਾਂ ਨੂੰ ਅੰਦਰ ਜਾਣ ਦੀ ਮਨਾਹੀ ਸੀ। 2017 ‘ਚ ਇਸ ਕਿਲ੍ਹੇ ਨੂੰ ਮੁੜ ਤਿਆਰ ਕਰਕੇ ਇਸ ਦੇ ਦਰਵਾਜੇ ਆਮ ਜਨਤਾ ਲਈ ਖੋਲ੍ਹ ਦਿੱਤੇ ਗਏ।
ਕਿਲ੍ਹੇ ਵਿੱਚ ਪ੍ਰਵੇਸ਼ ਕਰਦਿਆਂ ਨਲੂਆ ਗੇਟ ਦਾ ਪਹਿਲਾ ਭਾਗ ਤਿੰਨ ਮੀਟਰ ਚੌੜੇ ਰਸਤੇ ਵਿੱਚ ਦਾਖਲ ਕਰਵਾਉਂਦਾ ਹੈ ਜੋ ਕਿਲ੍ਹੇਬੰਦੀ ਦੀਆਂ ਦੋਹਰੀਆਂ ਦੀਵਾਰਾਂ ਵਿਚਕਾਰ ਹੈ। ਇਸ ਰਸਤੇ ਨੇ ਕਿਲ੍ਹੇ ਨੂੰ ਵਲਿਆ ਹੋਇਆ ਹੈ। ਇਸ ਦੇ ਦੂਸਰੇ ਹਿੱਸੇ ‘ਚ ਵਿਚਕਾਰਲੇ ਰਸਤੇ ਦੇ ਦੋਹੀਂ ਪਾਸੀਂ ਤਹਿਖਾਨੇ ਬਣੇ ਹੋਏ ਹਨ। ਇਸ ਦਰਵਾਜ਼ੇ ਤੋਂ ਸੜਕ, ਅੰਦਰੂਨੀ ਦਰਵਾਜ਼ੇ ਵੱਲ ਇੱਕ ਤਿੱਖਾ ਮੋੜ ਕੱਟਦੀ ਹੈ ਤੇ ਇੱਥੇ ਹੀ ਮੌਜੂਦ ਤਹਿਖਾਨਾ ਹੈ।
ਇਸ ਦੇ ਨਾਲ ਹੀ ਕਿਲ੍ਹਾ ਗੋਬਿੰਦਗੜ੍ਹ ਵਿੱਚ ਮੌਜੂਦ ਜ਼ਮਜ਼ਮਾਂ ਤੋਪ ਦੀ ਵੀ ਇਤਿਹਾਸਕ ਮਹੱਤਤਾ ਹੈ। ਇਸ ਦੀ ਮਿਸਾਲ ਹੋਰ ਕਿੱਧਰੇ ਨਹੀਂ ਮਿਲਦੀ। ਸੋ ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਕਿਲ੍ਹਾ ਗੋਬਿੰਦਗੜ੍ਹ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਦੀ ਮੂੰਹ ਬੋਲਦੀ ਤਸਵੀਰ ਹੈ। ਕਿਲ੍ਹਾ ਗੋਬਿੰਦਗੜ੍ਹ ਵਿੱਚ ਪੁਰਾਣੀ ਬਣਤਰ ਨੂੰ ਬਰਕਰਾਰ ਰੱਖਦੇ ਹੋਏ ਤੋਸ਼ਾਖਾਨਾ ਜਿਸ ਵਿੱਚ ਪੁਰਾਣੇ ਸਮੇਂ ਦੇ ਸਿਕਿੱਆਂ ਤੇ ਕੋਹਿਨੂਰ ਹੀਰੇ ਦੀ ਹੂਬਹੂ ਨਕਲ ਨੂੰ ਸ਼ੁਮਾਰ ਕੀਤਾ ਗਿਆ ਹੈ।
ਤੋਸ਼ੇਖਾਨੇ ਦੇ ਅੰਦਰ ਪ੍ਰਵੇਸ਼ ਕਰਦਿਆਂ ਇੱਕ ਵੱਖਰਾ ਹੀ ਅਨੁਭਵ ਮਹਿਸੂਸ ਹੁੰਦਾ ਹੈ। ਇਸ ਦੇ ਨਾਲ ਹੀ ਕਿਲ੍ਹੇ ਦੇ ਵਿੱਚ ਇੱਕ ਪਗੜੀ ਮਿਉਜ਼ੀਅਮ ਵੀ ਆਏ ਹੋਏ ਸੈਲਾਨੀਆਂ ਦਾ ਮਨ ਮੋਂਹਦਾ ਹੈ, ਜਿੱਥੇ ਵੱਖ ਵੱਖ ਤਰੀਕੇ ਦੀਆਂ ਪਗੜੀਆਂ ਨੂੰ ਬੁੱਤਾਂ ਤੇ ਸਜ਼ਾ ਕੇ ਉਨ੍ਹਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਨਵੀਂ ਤਕਨੀਕ ਦੇ ਸੱਤ ਡੀ ਸ਼ੋਅ ‘ਚ ਮਾਹਾਰਾਜਾ ਰਣਜੀਤ ਸਿੰਘ ਦੇ ਜੀਵਨ ਤੋਂ ਜਾਣੂ ਕਰਵਾਇਆ ਜਾਂਦਾ ਤੇ ਰਾਤ ਵੇਲੇ ਤਾਂ ਇਸ ਥਾਂ ਦਾ ਨਜ਼ਾਰਾ ਵੇਖਣਯੋਗ ਹੁੰਦਾ ਹੈ। ਡਾਇਰ ਬੰਗਲੇ ਦੇ ਉੱਪਰ ਕੰਧਾਂ ਬੋਲਦੀਆਂ ਨਾਮੀ ਲੇਜ਼ਰ ਸ਼ੋਅ ਲੋਕਾਂ ਨੂੰ ਪੁਰਾਣੇ ਇਤਿਹਾਸ ‘ਚ ਲਿਜਾ ਇਤਿਹਾਸ ਨਾਲ ਤਾਰੁੱਖ ਕਰਵਾਉਂਦਾ ਹੈ।
ਕਿਲ੍ਹੇ ਦੇ ਵਿਹੜੇ ‘ਚ ਬਣੇ ਮੰਚ ਤੇ ਪੰਜਾਬ ਦੇ ਲੋਕ ਨਾਚ ਗਿੱਧਾ ਤੇ ਭੰਗੜੇ ਦੀਆਂ ਪੇਸ਼ਕਾਰੀਆਂ ਸੈਲਾਨੀਆਂ ਦਾ ਮਨ ਮੋਹ ਲੈਂਦੀਆਂ ਹਨ। ਨਿਹੰਗ ਸਿੰਘਾਂ ਵਲੋਂ ਖੇਡਿਆ ਜਾਂਦਾ ਗੱਤਕਾ ਵਿਰਾਸਤੀ ਪੱਖ ਪੇਸ਼ ਕਰਦਾ ਹੈ। ਅੰਮ੍ਰਿਤਸਰੀ ਲਾਜ਼ੀਜ਼ ਖਾਣਿਆ ਦੀ ਭਰਮਾਰ ਵਾਲਾ ਅੰਮ੍ਰਿਤਸਰੀ ਜ਼ਾਇਕਾ, ਪੰਜਾਬੀ ਪਹਿਰਾਵਿਆਂ ਦਾ ਹਾਟ ਬਜ਼ਾਰ, ਵੱਖੋ-ਵੱਖ ਖੇਡਾਂ, ਊਠ ਤੇ ਘੋੜੇ ਦੀ ਸਵਾਰੀ ਪੰਜਾਬ ਦੇ ਬਹੁਰੰਗਾਂ ਦੀ ਤਸਵੀਰ ਪੇਸ਼ ਕਰਦੀ ਹੈ।
ਇਹ ਵੀ ਪੜ੍ਹੋ: Punbus Contract Workers Union: ਪੂਰੇ ਪੰਜਾਬ 'ਚ ਦੋ ਘੰਟਿਆਂ ਲਈ ਬੱਸ ਸਟੈਂਡ ਬੰਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904