Bhai Jaita Ji: ਜਨਮ ਦਿਹਾੜੇ 'ਤੇ ਵਿਸ਼ੇਸ਼: ਸਿੱਖ ਕੌਮ ਦੇ ਮਹਾਨ ਯੋਧੇ ਭਾਈ ਜੈਤਾ 322 ਮੀਲ ਦਾ ਜੰਗਲੀ ਪੈਂਡਾ ਤੈਅ ਕਰ ਲਿਆਏ ਸੀ ਗੁਰੂ ਸਾਹਿਬ ਦਾ ਸੀਸ
Bhai Jaita Ji: ਅੱਜ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਪੰਜਾਬ ਭਰ ਵਿੱਚ ਵੱਡੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮੁੱਖ ਸਮਾਗਮ ਹੋ ਰਹੇ ਹਨ।

Bhai Jaita Ji: ਅੱਜ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਪੰਜਾਬ ਭਰ ਵਿੱਚ ਵੱਡੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਮੁੱਖ ਸਮਾਗਮ ਹੋ ਰਹੇ ਹਨ। ਇਸ ਮੌਕੇ ਪੰਥਕ ਹਸਤੀਆਂ, ਤਖ਼ਤ ਸਾਹਿਬਾਨ ਦੇ ਜਥੇਦਾਰ, ਸੰਤ ਮਹਾਂਪੁਰਸ਼ ਤੇ ਵੱਖ-ਵੱਖ ਸੰਪਰਦਾਵਾਂ ਦੇ ਮੁਖੀ ਸਾਹਿਬਾਨ ਸ਼ਿਰਕਤ ਕਰ ਰਹੇ ਹਨ।
ਸਿੱਖ ਪੰਥ ਦੇ ਸ਼੍ਰੋਮਣੀ ਜਰਨੈਲ ਭਾਈ ਜੈਤਾ ਜੀ, ਉਹ ਮਹਾਨ ਯੋਧੇ ਸੀ ਜੋ ਸਿੱਖਾਂ ਦੇ ਨੌਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਿੰਦੂ ਧਰਮ ਖਾਤਰ ਦਿੱਲੀ ਵਿਖੇ ਦਿੱਤੀ ਕੁਰਬਾਨੀ ਵੇਲੇ ਉਨ੍ਹਾਂ ਦੇ ਨਾਲ ਸਨ। ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਦਿੱਲੀ ਤੋਂ ਤਿਆਗ ਤੇ ਬੈਰਾਗ ਦੀ ਸਾਕਾਰ ਮੂਰਤ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚੇ ਸਨ।
ਅੱਜ ਉਨ੍ਹਾਂ ਦਾ ਜਨਮ ਦਿਹਾੜਾ ਜਿੱਥੇ ਦੇਸ਼-ਵਿਦੇਸ਼ ’ਚ ਪੂਰੀ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਭਾਈ ਜੈਤਾ ਜੀ ਦਾ ਜਨਮ ਦਿਹਾੜੇ ਦੀਆਂ ਰੌਣਕਾਂ ਵੇਖਿਆਂ ਹੀ ਬਣਦੀਆਂ ਹਨ। ਇਸ ਦੌਰਾਨ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਪੰਜ ਨਿਸ਼ਾਨਚੀ ਸਿੰਘਾਂ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਨਗਰ ਕੀਰਤਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਰਹੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਪੂਰਨ ਤੌਰ ’ਤੇ ਨਗਰ ਕੀਰਤਨਾਂ ਦੀ ਆਮਦ ਨੂੰ ਲੈ ਕੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਗੌਰਤਲਬ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਨਾਲ ਭਾਈ ਜੈਤਾ ਜੀ ਦਾ ਵੱਡਮੁਲਾ ਇਤਿਹਾਸ ਜੁੜਦਾ ਹੈ। ਉਨ੍ਹਾਂ ਦਾ ਅਸਥਾਨ ਗੁਰਦੁਆਰਾ ਤਪ ਅਸਥਾਨ ਸਾਹਿਬ ਅੱਜ ਵੀ ਕਿਲਾ ਅਨੰਦਗੜ੍ਹ ਸਾਹਿਬ ਦੇ ਨਾਲ ਸੁਸ਼ੋਬਿਤ ਹੈ। ਇੱਥੇ ਉਨ੍ਹਾਂ ਦੀਆਂ ਕਈ ਨਿਸ਼ਾਨੀਆਂ ਉਸੇ ਰੂਪ ਵਿੱਚ ਮੌਜੂਦ ਹਨ। ਇਸ ਅਸਥਾਨ 'ਤੇ ਵੀ ਭਾਈ ਜੈਤਾ ਜੀ ਦਾ ਜਨਮ ਦਿਹਾੜਾ ਹਰ ਸਾਲ ਬਹੁਤ ਹੀ ਵੱਡੇ ਪੱਧਰ 'ਤੇ ਮਨਾਇਆ ਜਾਦਾ ਹੈ। ਕਰੀਬ ਤਿੰਨ ਦਿਨ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਵਿੱਚ ਦੇਸ਼-ਵਿਦੇਸ਼ ਤੋਂ ਜਿੱਥੇ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰੀ ਭਰਦੀਆਂ ਹਨ, ਉੱਥੇ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਵੀ ਇਨ੍ਹਾਂ ਗੁਰਮਤਿ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੀਆਂ ਹਨ।
ਇਤਿਹਾਸ ਦੱਸਦਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਚਾਂਦਨੀ ਚੌਕ ਕੋਤਵਾਲੀ ਵਿੱਚ ਸਨ ਤਾਂ ਜੈਤਾ ਜੀ ਨੇ ਹੀ ਬਾਲ ਗੋਬਿੰਦ ਰਾਏ ਨੂੰ ਆ ਕੇ ਦੱਸਿਆ ਸੀ ਕਿ ਨੌਵੇਂ ਗੁਰੂ ਦੀ ਸ਼ਹੀਦੀ ਹੋਣੀ ਅਟੱਲ ਹੈ। ਜਦੋਂ ਬਾਲ ਗੋਬਿੰਦ ਰਾਏ ਨੇ ਕਿਹਾ ਕਿ ਕੋਈ ਐਸਾ ਯੋਧਾ ਨਿੱਤਰੇ ਜਿਹੜਾ ਗੁਰੂ ਪਿਤਾ ਦਾ ਸੀਸ ਲੈ ਕੇ ਆਵੇ ਤਾਂ ਭਾਈ ਜੈਤਾ ਨੇ ਇਹ ਸੇਵਾ ਪ੍ਰਵਾਨ ਕੀਤੀ ਤੇ ਨਿਪੁੰਨ ਵਿਉਂਤਬੰਦੀ ਨਾਲ 322 ਮੀਲ ਦਾ ਜੰਗਲੀ ਪੈਂਡਾ ਤੈਅ ਕਰਦਿਆਂ ਗੁਰੂ ਸੀਸ ਲੈ ਕੇ ਆਨੰਦਪੁਰ ਸਾਹਿਬ ਬਾਲ ਗੋਬਿੰਦ ਰਾਏ ਕੋਲ ਪਹੁੰਚੇ।
ਉਨ੍ਹਾਂ ਦੀ ਯੋਗਤਾ ਤੇ ਬਹਾਦਰੀ ਦੇਖਦਿਆਂ ਦਸਵੇਂ ਗੁਰੂ ਨੇ ਜੈਤਾ ਜੀ ਨੂੰ ਗਲਵੱਕੜੀ ਵਿੱਚ ਲੈ ਕੇ ‘ਰੰਘਰੇਟਾ ਗੁਰੂ ਕਾ ਬੇਟਾ’ ਸ਼ਬਦਾਂ ਨਾਲ ਨਿਵਾਜਿਆ ਤੇ ਫੌਜਾਂ ਦੇ ਮੁੱਖ ਜਰਨੈਲ ਬਣਾ ਕੇ ਉਨ੍ਹਾਂ ਦੀ ਰਿਹਾਇਸ਼ ਅਨੰਦਗੜ੍ਹ ਕਿਲ੍ਹੇ ਵਿੱਚ ਆਪਣੇ ਨੇੜੇ ਹੀ ਰੱਖੀ ਸੀ। ਫਿਰ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਵੇਲੇ ਗੁਰੂ ਜੀ ਨੇ ਉਨ੍ਹਾਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਦਾ ਨਾਮ ਜੈਤਾ ਤੋਂ ਜੀਵਨ ਸਿੰਘ ਰੱਖਿਆ ਸੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
