Sarovar of Sri Harmandir Sahib: ਸ਼੍ਰੀ ਹਰਿਮੰਦਰ ਸਾਹਿਬ ਸਾਹਿਬ ਦੇ ਸਰੋਵਰ 'ਚ ਕਿੱਥੋਂ ਆਉਂਦਾ ਜਲ, ਪੜ੍ਹੋ ਦਿਲਚਸਪ ਤੇ ਹੈਰਾਨ ਕਰ ਦੇਣ ਵਾਲੇ ਤੱਥ
ਦੱਸ ਦਈਏ ਕਿ 1783 ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਵਿੱਚ ਬਾਰਸ਼ ਦਾ ਪਾਣੀ ਜਮ੍ਹਾਂ ਕਰ ਲਿਆ ਜਾਂਦਾ ਸੀ ਜਾਂ ਔੜ ਸਮੇਂ ਹਰਟਾਂ ਰਾਹੀਂ ਖੂਹਾਂ ਦੇ ਪਾਣੀ ਨਾਲ ਇਸ ਪਾਵਨ ਸਰੋਵਰ ਨੂੰ ਭਰਿਆ ਜਾਂਦਾ ਸੀ ਜਿਸ ਵਿੱਚ ਸਿੱਖ ਸੰਗਤਾਂ ਇਸ਼ਨਾਨ ਕਰਕੇ ਜਨਮ ਸਫਲ ਕਰਦੀਆਂ।
ਪਰਮਜੀਤ ਸਿੰਘ
ਸਿੱਖਾਂ ਦੇ ਦਿਲ ‘ਚ ਹਰਿਮੰਦਰ ਸਾਹਿਬ ਤੇ ਇਸ ਦੇ ਅੰਮ੍ਰਿਤ ਸਰੋਵਰ ਪ੍ਰਤੀ ਜੋ ਨਿਸ਼ਠਾ, ਸਤਿਕਾਰ ਤੇ ਸ਼ਰਧਾ ਹੈ, ਉਸ ਨੂੰ ਕੋਈ ਵੀ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ। ਸਿੱਖ ਤਾਂ ਇਸ ਅਸਥਾਨ ਦੇ ਦਰਸ਼ਨ ਦੀਦਾਰਿਆਂ ਤੇ ਇਸ਼ਨਾਨ ਲਈ ਨਿੱਤ ਅਰਦਾਸਾਂ, ਅਰਜ਼ੋਈਆਂ ਕਰਦੇ ਹਨ। ਉਹ ਆਪਣੀ ਜਾਨ ਵਾਰ ਕੇ ਵੀ ਇਸ ਵਿੱਚ ਇਸ਼ਨਾਨ ਕਰਨ ‘ਚ ਪ੍ਰਮਾਤਮਾ ਦੀ ਮਿਹਰ ਸਮਝਦੇ ਹਨ।
ਜਿਸ ਅੰਮ੍ਰਿਤ ਜਲ ਨਾਲ ਪਿੰਗਲੇ ਵੀ ਚੱਲਣ ਲੱਗ ਪਏ, ਦੁਖੀਆਂ ਦੇ ਦੁੱਖ ਦੂਰ ਹੋਏ...ਆਖਰ ਉਸ ਪਾਵਨ ਸਰੋਵਰ 'ਚ ਜਲ ਆਉਂਦਾ ਕਿਥੋਂ ਹੈ? ਇਸ ਬਾਰੇ ਸਾਡੇ ਵਿੱਚੋਂ ਬਹੁਤਿਆਂ ਨੂੰ ਨਹੀਂ ਪਤਾ ਪਰ ਇਸ ਪਿਛਲਾ ਇਤਿਹਾਸ ਵੀ ਕਾਫ਼ੀ ਅਹਿਮ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਚਾਰ ਸਦੀਆਂ ਬਾਅਦ ਵੀ ਪਾਵਨ ਸਰੋਵਰ ‘ਚ ਜਲ ਪਹੁੰਚਾਉਣ ਦੀ ਵਿਧੀ ਬਹੁਤ ਹੀ ਵਿਸ਼ੇਸ਼ ਹੈ।
ਦੱਸ ਦਈਏ ਕਿ 1783 ਤੋਂ ਪਹਿਲਾਂ ਅੰਮ੍ਰਿਤਸਰ ਸਰੋਵਰ ਵਿੱਚ ਬਾਰਸ਼ ਦਾ ਪਾਣੀ ਜਮ੍ਹਾਂ ਕਰ ਲਿਆ ਜਾਂਦਾ ਸੀ ਜਾਂ ਔੜ ਸਮੇਂ ਹਰਟਾਂ ਰਾਹੀਂ ਖੂਹਾਂ ਦੇ ਪਾਣੀ ਨਾਲ ਇਸ ਪਾਵਨ ਸਰੋਵਰ ਨੂੰ ਭਰਿਆ ਜਾਂਦਾ ਸੀ ਜਿਸ ਵਿੱਚ ਸਿੱਖ ਸੰਗਤਾਂ ਇਸ਼ਨਾਨ ਕਰਕੇ ਜਨਮ ਸਫਲ ਕਰਦੀਆਂ। ਸੰਨ 1783 ਵਿੱਚ ਬਰਸਾਤ ਦੇ ਮੌਸਮ ਸਾਉਣ-ਭਾਦਰੋਂ ਦੇ ਦਿਨਾਂ ਵਿੱਚ ਵੀ ਵਰਖਾ ਨਾ ਹੋਣ ਕਰਕੇ ਅਜਿਹੀ ਔੜ ਲੱਗੀ ਕਿ ਸਰੋਵਰ ਦਾ ਜਲ ਬਿਲਕੁੱਲ ਸੁੱਕ ਗਿਆ।
ਖੂਹਾਂ ਦਾ ਪਾਣੀ ਵੀ ਹੇਠਾਂ ਉੱਤਰ ਗਿਆ, ਜਿਸ ਕਾਰਨ ਹਰਟਾਂ ਰਾਹੀਂ ਵੀ ਸਰੋਵਰ ‘ਚ ਜਲ ਨਾ ਪਾਇਆ ਜਾ ਸਕਿਆ ਤੇ ਇਸ ਕਾਰਨ ਉਸ ਸਮੇਂ ਸੰਗਤਾਂ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਤੋਂ ਵਾਝੀਆਂ ਹੋ ਗਈਆਂ। ਫਿਰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਤੇ ਸ਼ਹਿਰ ਦੇ ਮੁਖੀ ਸੱਜਣਾਂ ਨੇ ਇਕੱਠੇ ਹੋ ਉਦਾਸੀਨ ਮਹਾਂਪੁਰਸ਼ ਮਹੰਤ ਸੰਤੋਖ ਦਾਸ ਜੀ ਨਿਰਬਾਣ ਤੇ ਮਹੰਤ ਪ੍ਰੀਤਮ ਦਾਸ ਜੀ ਨਿਰਬਾਣ ਜੋ ਉਸ ਸਮੇਂ ਉਦਾਸੀ ਸੰਪ੍ਰਦਾਇ ਦੇ ਮੁਖੀ ਸੀ, ਤੇ ਜਿਨ੍ਹਾਂ ਨੂੰ ਸਮੁੱਚੇ ਪੰਥ ‘ਚ ਬਹੁਤ ਹੀ ਕਰਨੀ ਵਾਲੇ ਪੂਰਨ ਸਾਧੂ ਮੰਨਿਆ ਜਾਂਦਾ ਸੀ, ਉਨ੍ਹਾਂ ਨੂੰ ਮਿਲ ਕੇ ਬੇਨਤੀ ਕੀਤੀ ਕਿ ਅੰਮ੍ਰਿਤਸਰ ਸਰੋਵਰ ਲਈ ਪਾਣੀ ਦਾ ਕੋਈ ਪੱਕਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਸਰੋਬਰ ਪਾਣੀ ਨਾਲ ਅੱਠੇ ਪਹਿਰ ਤੇ ਬਾਰ੍ਹਾਂ ਮਹੀਨੇ ਭਰਿਆ ਰਿਹਾ ਕਰੇ।
ਸੋ ਦੋਹਾਂ ਮਹਾਂਪੁਰਖਾਂ ਨੇ ਇਸ ਨੂੰ ਧਾਰਮਿਕ ਤੇ ਸਭ ਲਈ ਕਲਿਆਣਕਾਰੀ ਕਾਰਜ ਸਮਝ ਕੇ 500 ਉਦਾਸੀ ਸਾਧੂਆਂ ਨੂੰ ਨਾਲ ਲੈ ਕੇ ਉਸ ਸਮੇਂ ਦੇ ਪਠਾਨਕੋਟ ਦੇ ਹਾਕਮ ਭੰਗੀ ਸਰਦਾਰ ਦੇਸਾ ਸਿੰਘ ਪਾਸ ਜਾ ਉਨ੍ਹਾਂ ਨੂੰ ਇਸ ਗੁਰੂ ਦੇ ਕਾਰਜ ਲਈ ਰਾਵੀ ਦਰਿਆ ਵਿੱਚੋਂ ਮਾਧੋਪੁਰ ਤੋਂ ਹੰਸਲੀ ਭਾਵ ਛੋਟੀ ਨਹਿਰ ਕੱਢ ਕੇ ਜਲ ਅੰਮ੍ਰਿਤ ਸਰੋਵਰ ‘ਚ ਪਾਉਣ ਲਈ ਕਿਹਾ।
ਉਨ੍ਹਾਂ ਦੇ ਕਹਿਣ ਮੁਤਾਬਕ ਆਪਣੇ ਇਲਾਕੇ ‘ਚ ਆਪਣੇ ਖ਼ਰਚ ਨਾਲ ਹੰਸਲੀ ਪੁਟਵਾ ਕੇ ਜਲ ਅੱਗੇ ਤੋਰਿਆ ਗਿਆ। ਇਸ ਤਰ੍ਹਾਂ ਇਹ ਹੰਸਲੀ ਦਾ ਜਲ ਦਰਿਆ ਰਾਵੀ ਵਿੱਚੋਂ ਨਿਕਲ ਕੇ ਸੰਮਤ 1842 ਬਿਕਰਮੀ ਭਾਵ 1785 ਈ ਵਿੱਚ ਅੰਮ੍ਰਿਤਸਰ ਤੇ ਤਰਨ ਤਾਰਨ ਦੇ ਸਾਰੇ ਸਰੋਵਰਾਂ ‘ਚ ਪੈਣ ਲੱਗ ਪਿਆ।
ਸਿਰਫ ਇਹੀ ਨਹੀਂ ਹੰਸਲੀ ਦੇ ਨਿਰਮਾਣ ਦਾ ਇਤਿਹਾਸ ਵੀ ਬਹੁਤ ਰੌਚਕ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਹੰਸਲੀ ਬਣਵਾਉਣਾ ਕੋਈ ਛੋਟੀ ਗੱਲ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੱਕ ਤੇ ਅੰਗਰੇਜ਼ ਰਾਜ ਆਉਣ ਤੱਕ ਸਰੋਵਰਾਂ ਦੇ ਜਲ ਦਾ ਮਾਮਲਾ ਮੁਆਫ ਸੀ ਪਰ ਅੰਗਰੇਜ਼ਾਂ ਦੇ ਰਾਜ ਵਿੱਚ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਆ ਜਾਣ ਸਮੇਂ 1930-31 ‘ਚ ਸਰੋਵਰਾਂ ਨੂੰ ਹੰਸਲੀ ਦਾ ਜਿਹੜਾ ਪਾਣੀ ਮਿਲਦਾ ਸੀ, ਉਸ 'ਤੇ ਨਹਿਰੀ ਮਹਕਿਮਾ ਪਾਣੀ ਦਾ ਆਬਿਆਨਾ ਮਿਉਂਸੀਪਲ ਕਮੇਟੀ ਅੰਮ੍ਰਿਤਸਰ ਕੋਲੋਂ 3,000 ਰੁਪਏ ਸਾਲਾਨਾ ਵਸੂਲ ਕਰਦੇ ਸੀ, ਕਿਉਂਕਿ ਸਰੋਵਰਾਂ ਵਿੱਚੋਂ ਜਿਹੜਾ ਵਾਧੂ ਜਲ ਬਾਹਰ ਜਾਂਦਾ ਸੀ ਮਿਉਂਸੀਪਲ ਕਮੇਟੀ ਉਸ ਨੂੰ ਸਿੰਜਾਈ ਲਈ ਜ਼ਿੰਮੀਦਾਰਾਂ ਨੂੰ ਦੇ ਕੇ ਉਨ੍ਹਾਂ ਪਾਸੋਂ ਮਾਮਲਾ ਵਸੂਲ ਕਰਦੀ ਸੀ।
ਸੂਏ ਦੇ ਮੋਘੇ ਤੋਂ ਲੈ ਕੇ ਸ਼ਹਿਰ ਪਨਾਹ ਤੱਕ ਹੰਸਲੀ ਤਿੰਨਾਂ ਪਾਸਿਆਂ ਤੋਂ ਕੱਚੀ ਤੇ ਉੱਪਰੋਂ ਖੁੱਲ੍ਹੀ ਹੋਣ ਕਰਕੇ ਜਿੱਥੇ ਜਲ ਨਾਲ ਵਧੇਰੇ ਮਾਤਰਾ ਵਿੱਚ ਮਿੱਟੀ ਤੇ ਗਾਰ ਮਿਲ ਕੇ ਸਰੋਵਰ ਵਿੱਚ ਪਹੁੰਚਦੀ ਸੀ, ਉੱਥੇ ਹੰਸਲੀ ਵਿੱਚ ਵੱਗਦੇ ਜਲ ਵਿੱਚ ਕਈ ਕੁਝ ਡਿੱਗਣ ਦੇ ਨਾਲ ਪਵਿੱਤਰਤਾ ਭੰਗ ਹੁੰਦੀ ਸੀ। ਇਸ ਲਈ 1919 ਈ ਨੂੰ ਮਾਰਸ਼ਲ ਲਾਅ ਦੇ ਦਿਨਾਂ ‘ਚ ਸ੍ਰੀ ਮਾਨ ਸੰਤ ਗੁਰਮੁੱਖ ਸਿੰਘ ਜੀ ਤੇ ਸੰਤ ਸਾਧੂ ਸਿੰਘ ਜੀ ਪਟਿਆਲੇ ਵਾਲਿਆਂ ਨੇ ਸੰਤੋਖਸਰ, ਰਾਮਸਰ ਤੇ ਬਿਬੇਕਸਰ ਦੇ ਸਰੋਵਰਾਂ ਨੂੰ ਜਲ ਪਹੁੰਚਾਉਣ ਵਾਲੀਆਂ ਹੰਸਲੀਆਂ ਪੱਕੀਆਂ ਕਰਨ ਦੀ ਸੇਵਾ ਦਾ ਬੀੜਾ ਚੁੱਕਿਆ।
ਪਾਵਨ ਸਰੋਵਰ ਨੂੰ ਜਲ ਪਹੁੰਚਾਉਣ ਵਾਲੀਆਂ ਹੰਸਲੀਆਂ ਜਦੋਂ ਪੱਕੀਆਂ ਹੋ ਗਈਆਂ ਤਾਂ ਫਿਰ ਤਰਨ ਤਾਰਨ ਸਾਹਿਬ ਦੀ ਹੰਸਲੀ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੰਸਲੀ ਦੇ ਨਿਰਮਾਣ ਸਮੇਂ ਮੋਘੇ ਦੇ ਨੇੜੇ ਤਾਲ ਬਣਾਏ ਗਏ ਤੇ ਇਨ੍ਹਾ ਵਿੱਚ ਸੱਤ ਸਾਈਫਨ ਤਿਆਰ ਕਰਵਾਏ ਗਏ। ਤਾਲ ਬਣਾਉਣ ਦਾ ਮੁੱਖ ਕਾਰਨ ਇਹ ਸੀ ਕਿ ਜਲ ਵਿੱਚ ਰਲੀ ਮਿੱਟੀ ਤੇ ਰੇਤ ਉੱਥੇ ਹੀ ਬੈਠ ਜਾਏ। ਹੰਸਲੀ ਵਿੱਚ ਕੁਝ ਫਾਸਲੇ ਤੇ ਸਫਾਈ ਆਦਿ ਕਰਨ ਲਈ ਪੇਚਾਂ ਵਾਲੇ ਮੁੱਘ ਬਣਾਏ ਗਏ ਜਿਨ੍ਹਾਂ ਰਾਹੀਂ ਹੰਸਲੀ ਵਿੱਚ ਉੱਤਰ ਕੇ ਸਫਾਈ ਤੇ ਮੁਰੰਮਤ ਆਦਿ ਕੀਤੀ ਜਾ ਸਕਦੀ ਹੈ।
ਇਸ ਦੀ ਛੱਤ ਇੰਨੀ ਉੱਚੀ ਹੈ ਕਿ ਆਦਮੀ ਤੁਰ ਫਿਰ ਕੇ ਸਫਾਈ ਤੇ ਮੁਰੰਮਤ ਆਦਿ ਬਹੁਤ ਹੀ ਅਸਾਨੀ ਨਾਲ ਕਰ ਸਕਦਾ ਹੈ। ਸੇਵਾ ਦੇ ਇਸ ਮਹਾਨ ਕਾਰਜ ਨੂੰ ਸ਼ਲਾਘਾਯੋਗ ਉਦਮ ਪ੍ਰੇਮ ਭਾਵ ਤੇ ਸੰਗਤਾਂ ਦੇ ਸਹਿਯੋਗ ਨੇ ਹੀ ਸਿਰੇ ਚੜ੍ਹਾਇਆ ਜਾ ਸਕਿਆ। ਸੰਗਤਾਂ ਨੇ ਵੀ ਮਾਇਆ ਦੇ ਖੁੱਲ੍ਹੇ ਗੱਫੇ ਅਰਦਾਸ ਕਰਵਾਏ, ਉੱਥੇ ਹੀ ਹੱਥੀ ਸੇਵਾ ਕਰਕੇ ਜਨਮ ਸਫਲ ਕੀਤਾ। ਦਰਬਾਰ ਸਾਹਿਬ ਦੀ ਕਮੇਟੀ ਵੱਲੋਂ ਵੀ ਇੱਕ ਹਜ਼ਾਰ ਰੁਪਏ ਮਾਹਵਾਰ ਖ਼ਰਚ ਕੀਤਾ ਜਾਂਦਾ ਰਿਹਾ।
ਸ਼ਹਿਰ ਪਨਾਹ ਤੋਂ ਬਾਹਰ ਹੰਸਲੀ ਦੇ ਦੋਹੀਂ ਪਾਸੀ ਪਟੜੀਆਂ ਸੀ। ਜਿਨ੍ਹਾਂ ਉਤੇ ਕਾਫੀ ਰੁੱਖ ਲੱਗੇ ਸੀ ਤੇ ਇਹ ਰੁੱਖ ਹੰਸਲੀ ਪੱਕੀ ਹੋਣ ‘ਚ ਰੋਕ ਸਮਝੇ ਪਰ ਉਨ੍ਹਾਂ ਰੁੱਖਾਂ ਨੂੰ ਕੱਟਵਾ ਕੇ ਉਨ੍ਹਾਂ ਦੀ ਥਾਂ ਹੋਰ ਨਵੇਂ ਬੁੱਟੇ ਲਗਾਏ ਗਏ। ਸ਼ਹਿਰ ਵਿੱਚ ਹੰਸਲੀ ਦੇ ਆਲੇ ਦੁਆਲੇ ਦੀ ਜ਼ਮੀਨ ਖਾਲੀ ਹੈ ਤੇ ਇਸ ਉੱਪਰ ਕੋਈ ਗਵਾਂਢੀ ਮਕਾਨ, ਛੱਜਾ ਤੇ ਪਨਾਲਾ ਆਦਿ ਨਹੀਂ ਵਧਾ ਸਕਦਾ। ਨਾ ਹੀ ਕਿਸੇ ਹੋਰ ਕਾਰਜ ਦੇ ਲਈ ਇਸ ਦੀ ਵਰਤੋਂ ਕਰ ਸਕਦਾ ਹੈ।
ਮਾਲ ਦੇ ਕਾਗਜ਼ਾਂ ਵਿੱਚ ਹੰਸਲੀ ਤੇ ਇਸ ਦੇ ਇਰਦ-ਗਿਰਦ ਦੀ ਜ਼ਮੀਨ ਦੀ ਮਾਲਕੀ ਦਾ ਇੰਦਰਾਜ ਸ੍ਰੀ ਦਰਬਾਰ ਸਾਹਿਬ ਦੇ ਨਾਂ ਬਦਸਤੂਰ ਦਰਜ ਹੈ। ਇਸ ਦੇ ਨੇੜਲੀ ਜ਼ਮੀਨ ਸਣੇ ਲੱਗੇ ਸਾਰੇ ਦਰਖਤਾਂ ਦੀ ਮਾਲਕੀ ਵੀ ਸ੍ਰੀ ਦਰਬਾਰ ਸਾਹਿਬ ਦੀ ਹੀ ਹੈ।
1983 ‘ਚ ਪੰਜਾਬ ਸਰਕਾਰ ਨੇ 36 ਲੱਖ ਰੁਪਏ ਖ਼ਰਚ ਕੇ ਸੂਏ ਦੀ ਬਜਾਏ ਵੱਡੀ ਨਹਿਰ ਵਿੱਚੋਂ ਨਵੀਂ ਹੰਸਲੀ ਬਣਾ ਕੇ ਅੰਮ੍ਰਿਤਸਰ ਜਲੰਧਰ ਜੀਟੀ ਰੋਡ ਦੇ ਖੱਬੇ ਪਾਸੇ ਨਹਿਰ ਦੇ ਪੁੱਲ ਤੋਂ ਨੇੜੇ ਉੱਪਰਲੇ ਪਾਸੇ ਨਹਿਰ ਵਿੱਚ ਮੋਘਾ ਲਾ ਕੇ ਪਾਣੀ ਹੰਸਲੀ ਵਿੱਚ ਛੱਡਿਆ।
ਇਸ 'ਤੇ ਲੱਗਣ ਵਾਲਾ ਸੀਮਿੰਟ, ਬਜ਼ਰੀ, ਰੇਤ ਤੇ ਲੋਹਾ ਆਦਿ ਦਾ ਖ਼ਰਚ ਪੰਜਾਬ ਸਰਕਾਰ ਨੇ ਕੀਤਾ। ਇਸ 'ਤੇ ਵਿਸ਼ੇਸ਼ ਤੌਰ 'ਤੇ ਬਾਬਾ ਖੜਕ ਸਿੰਘ ਜੀ, ਬਾਬਾ ਦਰਸ਼ਨ ਸਿੰਘ ਜੀ ਨੇ ਹੱਥੀਂ ਸੇਵਾ ਸੰਗਤਾਂ ਕੋਲੋਂ ਕਰਵਾਈ। 1984 ਦੇ ਘਲੂਘਾਰੇ ਮਗਰੋਂ ਕਰੀਬ 12 ਅਕਤੂਬਰ 1984 ਤੋਂ ਸ਼ੁਰੂ ਹੋਈ ਕਾਰ ਸੇਵਾ ਤੋਂ ਬਾਅਦ 17 ਅਕਤੂਬਰ ਨੂੰ ਨਵੀਂ ਹੰਸਲੀ ਰਾਹੀਂ ਅੰਮ੍ਰਿਤਸਰ ਸਰੋਵਰ ‘ਚ ਜਲ ਪਾਉਣਾ ਦਾ ਕੰਮ ਆਰੰਭਿਆ ਗਿਆ।
ਪਾਵਨ ਸਰੋਵਰ 'ਚ ਜਲ ਪਹੁੰਚਾਉਣ ਕਰਕੇ ਹੀ ਉਪਰੋਕਤ ਨਹਿਰ ਦਾ ਨਾਂ ਸਿੱਖਾਂ ਵਾਲੀ ਨਹਿਰ ਜਾਂ ਹੰਸਲੀ ਪੈ ਗਿਆ। ਮਹੰਤ ਸੰਤੋਖ ਦਾਸ ਨੇ ਅਪਣੇ ਖ਼ਰਚ 'ਤੇ ਹੰਸਲੀ ਪੱਕੀ ਬਣਵਾਈ। ਪਠਾਨਕੋਟ ਤੋਂ ਅੰਮ੍ਰਿਤਸਰ ਤੱਕ ਜਿੱਥੋਂ-ਜਿੱਥੋਂ ਹੰਸਲੀ ਲੰਘੀ ਉੱਥੋ-ਉੱਥੋ ਦੇ ਮਿਸਲੀ ਸਰਦਾਰਾਂ ਨੇ ਆਪੋ ਆਪਣੇ ਇਲਾਕੇ ‘ਚ ਹੰਸਲੀ ਪੁਟਵਾਉਣ ਦੀ ਸੇਵਾ ਕਰ ਕੇ ਖੂਬ ਜਸ ਖੱਟਿਆ।
ਮਿਸਲ ਘਨੱਈਆ ਵੱਲੋਂ ਅਮਰ ਸਿੰਘ ਬੱਗਾ, ਪਰਗਨਾ ਵੱਲੋਂ ਸੁਜਾਨਪੁਰ ਧਰਮਕੋਟ ਤੇ ਬ੍ਰਹਮਪੁਰ ਦੇ ਰਸਤਿਓਂ, ਜੈ ਸਿੰਘ ਘਨੱਈਆ ਪਰਗਨਾ ਵੱਲੋਂ ਗੁਰਦਾਸਪੁਰ ਬਟਾਲਾ ਤੇ ਫਤਿਹਗੜ੍ਹ, ਦੇਸਾ ਸਿੰਘ ਪਰਗਨਾ ਵੱਲੋਂ ਸੁਜਾਨਪੁਰ ਦੇ ਕੁਝ ਪਿੰਡਾਂ ਵਿੱਚੋਂ ਤੇ ਮਿਰਜ਼ਾ ਸਿੰਘ ਪਰਗਨਾ ਵੱਲੋਂ ਰਤਨਗੜ੍ਹ ਰਾਮਪੁਰ ਤੇ ਅਜਨਾਲਾ ਦੇ ਰਾਹ ‘ਚ ਸੇਵਾ ਨਿਭਾਈ ਗਈ।
ਇਸੇ ਤਰ੍ਹਾਂ ਰਾਮਗੜੀਆ ਮਿਸਲ ਵਿੱਚੋਂ ਮਿਸਲ ਦੇ ਮੋਢੀ ਜੱਸਾ ਸਿੰਘ ਰਾਮਗੜੀਆ ਨੇ ਕਾਦੀਆ ਬਟਾਲਾ ਤੇ ਕਲਾਨੌਰ ਦੇ ਪਿੰਡਾਂ ਦੀ ਸੇਵਾ ਸੰਭਾਲੀ। ਮਿਸਲ ਭੰਗੀਆਂ ਵਿੱਚੋਂ ਸ. ਦੇਸਾ ਸਿੰਘ ਆਦਿ ਸਰਦਾਰਾਂ ਨੇ ਪਰਗਨਾ ਪਠਾਨਕੋਟ ਦੇ ਕੁਝ ਪਿੰਡ ਕੋਹਾਲੀ ਤੇ ਮਜੀਠਾ ਇਲਾਕੇ ‘ਚ ਸੇਵਾ ਨਿਭਾਈ।
ਦੱਸ ਦਈਏ ਕਿ ਅੰਗਰੇਜ਼ ਸਰਕਾਰ ਆਉਣ 'ਤੇ ਉਨ੍ਹਾਂ ਇਸ ਹੰਸਲੀ ਦਾ ਮੁੱਢਲਾ ਹਿੱਸਾ ਵਰਤੋਂ ਵਿੱਚ ਲਿਆ ਕਿ ਇਸ ਦੀਆਂ ਦੋ ਸ਼ਾਖਾਂ ਉਪਰ ਬਾਰੀ ਦੁਆਬ ਲਾਹੋਰ ਬ੍ਰਾਂਚ ਤੇ ਦੂਜੀ ਲੋਇਰ ਬਾਰੀ ਦੁਆਬ ਕਸੂਰ ਸਭਰਾਉ ਬ੍ਰਾਂਚ ਕੱਢੀਆਂ ਜਿਸ ਦਾ ਨਾਂ ਜੇਠੂ ਵਾਲਾ ਰਜਵਾਹਾ ਹੈ।
ਤੁੰਗ ਪਿੰਡ ਕੋਲ ਇਸ ਸੂਏ ਵਿੱਚ ਮੋਘਾ ਲਾ ਕੇ ਪਾਣੀ ਹੰਸਲੀ ਰਾਹੀਂ ਅੰਮ੍ਰਿਤਸਰ ਸਰੋਵਰ ਵਿੱਚ ਪਾਇਆ ਗਿਆ। ਪਹਿਲਾਂ ਹੰਸਲੀ ਵਿੱਚੋਂ ਕਿਸੇ ਦੀ ਜ਼ਮੀਨ ਨੂੰ ਪਾਣੀ ਨਹੀਂ ਸੀ ਦਿੱਤਾ ਜਾਂਦਾ ਪਰ ਬਾਅਦ ‘ਚ ਸਰਬਰਾਹਾਂ ਦੀ ਰਜ਼ਾਮੰਦੀ ਨਾਲ ਆਲੇ-ਦੁਆਲੇ ਦੀਆਂ ਜ਼ਮੀਨਾਂ ਤੇ ਬਾਗਾਂ ਵਾਲਿਆਂ ਨੇ ਇਸ ਹੰਸਲੀ ਦਾ ਪਾਣੀ ਵਰਤੋਂ 'ਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ।
ਪਹਿਲਾਂ ਇਹ ਹੰਸਲੀ ਸੂਏ ਤੋਂ ਸ਼ਹਿਰ ਪਨਾਹ ਤਕ ਕੱਚੀ ਸੀ ਪਰ ਉੱਪਰੋਂ ਖੁੱਲ੍ਹੀ ਸੀ। ਨਾਲ ਹੀ ਪਹਿਲਾਂ ਇਕੋ ਸ਼ਾਖਾ ਸੀ ਮਗਰੋਂ ਘਿਉ ਮੰਡੀ ਕੋਲੋਂ ਇਸ ਦੀਆਂ ਤਿੰਨ ਸ਼ਾਖਾ ਹੋ ਗਈਆਂ ਜਿਨ੍ਹਾਂ ਵਿੱਚੋਂ ਪਹਿਲੀ ਦਰਬਾਰ ਸਾਹਿਬ ਸ਼ਾਖ, ਦੂਸਰੀ ਸੰਤੋਖਸਰ ਤੇ ਤੀਸਰੀ ਬਿਬੇਕਸਰ ਰਾਮਸਰ ਸ਼ਾਖ ਬਣ ਗਈ।
ਇਹ ਵੀ ਪੜ੍ਹੋ: Mohali Lockdown Photos: ਮੁਹਾਲੀ 'ਚ ਇੰਝ ਰਿਹਾ ਮੁਕੰਮਲ ਲੌਕਡਾਊਨ, ਤਸਵੀਰਾਂ ਬੋਲਦੀਆਂ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904