Rawalpindi Pitch: ICC ਦੇ ਫੈਸਲੇ ਖਿਲਾਫ਼ ਖੜ੍ਹਾ ਹੋਇਆ ਪਾਕਿਸਤਾਨ ਕ੍ਰਿਕਟ ਬੋਰਡ, ਜਾਣੋ ਕੀ ਹੈ ਪੂਰਾ ਮਾਮਲਾ
Rawalpindi Pitch Demerit Point: ਦਸੰਬਰ 2022 ਵਿੱਚ, ਆਈਸੀਸੀ ਨੇ ਰਾਵਲਪਿੰਡੀ ਦੀ ਪਿੱਚ ਨੂੰ ਡੀਮੈਰਿਟ ਪੁਆਇੰਟ ਦਿੱਤਾ ਸੀ। ਹੁਣ ਪੀਸੀਬੀ ਨੇ ਇਸ ਦੇ ਖਿਲਾਫ਼ ਅਪੀਲ ਕੀਤੀ ਹੈ।
PCB on Rawalpindi Pitch: ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਰਾਵਲਪਿੰਡੀ ਪਿੱਚ (Rawalpindi Pitch) ਨੂੰ ਆਈਸੀਸੀ ਦੁਆਰਾ ਦਿੱਤੇ ਗਏ ਡੀਮੈਰਿਟ ਪੁਆਇੰਟਾਂ ਦੇ ਖਿਲਾਫ ਅਪੀਲ ਕੀਤੀ ਹੈ। ਆਈਸੀਸੀ ਨੇ ਪਿਛਲੇ ਮਹੀਨੇ ਰਾਵਲਪਿੰਡੀ ਦੀ ਪਿੱਚ ਨੂੰ ਘਟੀਆ ਕਰਾਰ ਦਿੱਤਾ ਸੀ। ਪਾਕਿਸਤਾਨ ਅਤੇ ਇੰਗਲੈਂਡ ਵਿਚਾਲੇ ਰਾਵਲਪਿੰਡੀ 'ਚ ਟੈਸਟ ਮੈਚ ਖੇਡਿਆ ਗਿਆ, ਜਿੱਥੇ ਗੇਂਦਬਾਜ਼ਾਂ ਨੂੰ ਕੋਈ ਮਦਦ ਨਹੀਂ ਮਿਲ ਰਹੀ ਸੀ। ਇਸ ਕਾਰਨ ਮੈਚ ਰੈਫਰੀ ਐਂਡੀ ਪੇਕ੍ਰਾਫਟ ਨੇ ਇਸ ਵਿਕਟ ਨੂੰ ਮਾਪਦੰਡਾਂ ਮੁਤਾਬਕ ਨਹੀਂ ਐਲਾਨਿਆ।
ਇੰਗਲੈਂਡ ਨੇ ਪਹਿਲੇ ਟੈਸਟ ਦੀ ਪਹਿਲੀ ਪਾਰੀ 'ਚ ਰਾਵਲਪਿੰਡੀ ਦੇ ਵਿਕਟ 'ਤੇ 6.50 ਦੌੜਾਂ ਪ੍ਰਤੀ ਓਵਰ ਦੇ ਹਿਸਾਬ ਨਾਲ 657 ਦੌੜਾਂ ਬਣਾਈਆਂ। ਪਾਕਿਸਤਾਨ ਨੇ ਇੱਥੇ ਵੀ ਆਪਣੀ ਪਹਿਲੀ ਪਾਰੀ ਵਿੱਚ 579 ਦੌੜਾਂ ਦਾ ਵੱਡਾ ਸਕੋਰ ਬਣਾਇਆ। ਇਸ ਤੋਂ ਬਾਅਦ ਦੂਜੀ ਪਾਰੀ 'ਚ ਇੰਗਲੈਂਡ ਨੇ ਪ੍ਰਤੀ ਓਵਰ 7 ਦੌੜਾਂ ਤੋਂ ਵੱਧ ਦੀ ਔਸਤ ਨਾਲ ਦੌੜਾਂ ਬਣਾਉਂਦੇ ਹੋਏ ਪਾਕਿਸਤਾਨ ਨੂੰ 343 ਦੌੜਾਂ ਦਾ ਟੀਚਾ ਦਿੱਤਾ ਸੀ। ਇੱਥੇ ਪਾਕਿ ਟੀਮ ਨੂੰ ਰੋਮਾਂਚਕ ਤਰੀਕੇ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਤੋਂ ਬਾਅਦ, ਆਈਸੀਸੀ ਨੇ ਇਹ ਵਿਕਟ ਮਾਪਦੰਡਾਂ ਦੇ ਅਨੁਸਾਰ ਨਹੀਂ ਪਾਇਆ ਅਤੇ ਇੱਕ ਡੀਮੈਰਿਟ ਅੰਕ ਦਿੱਤਾ।
ਇਸ ਤੋਂ ਪਹਿਲਾਂ ਮਾਰਚ ਵਿੱਚ ਆਸਟਰੇਲੀਆ-ਪਾਕਿਸਤਾਨ ਟੈਸਟ ਦੌਰਾਨ ਰਾਵਲਪਿੰਡੀ ਦੀ ਵਿਕਟ ਗੇਂਦਬਾਜ਼ਾਂ ਲਈ ਕਬਰਿਸਤਾਨ ਸਾਬਤ ਹੋਈ ਸੀ। ਇਸ ਟੈਸਟ ਤੋਂ ਬਾਅਦ ਵੀ ਆਈਸੀਸੀ ਨੇ ਰਾਵਲਪਿੰਡੀ ਦੀ ਪਿੱਚ ਨੂੰ ਡੀਮੈਰਿਟ ਪੁਆਇੰਟ ਦਿੱਤਾ ਸੀ। ਇਸ ਤਰ੍ਹਾਂ ਰਾਵਲਪਿੰਡੀ ਨੂੰ ਇੱਕ ਸਾਲ ਵਿੱਚ 2 ਡੀਮੈਰਿਟ ਅੰਕ ਮਿਲੇ ਹਨ। ਜੇਕਰ ਕੋਈ ਗਰਾਊਂਡ ਪੰਜ ਸਾਲਾਂ ਵਿੱਚ 5 ਡੀਮੈਰਿਟ ਪੁਆਇੰਟ ਪ੍ਰਾਪਤ ਕਰਦਾ ਹੈ, ਤਾਂ ਉਸ ਮੈਦਾਨ ਨੂੰ 12 ਮਹੀਨਿਆਂ ਲਈ ਅੰਤਰਰਾਸ਼ਟਰੀ ਮੈਚਾਂ ਦੇ ਆਯੋਜਨ ਤੋਂ ਮੁਅੱਤਲ ਕਰ ਦਿੱਤਾ ਜਾਂਦਾ ਹੈ। ਅਜਿਹੇ 'ਚ ਰਾਵਲਪਿੰਡੀ ਦੀ ਪਿੱਚ 'ਤੇ ਮੁਅੱਤਲੀ ਦਾ ਖਤਰਾ ਮੰਡਰਾ ਰਿਹਾ ਹੈ।
ਕੀ ਹੈ PCB ਦਾ ਕਹਿਣਾ?
ਪੀਸੀਬੀ ਦੇ ਨਵੇਂ ਪ੍ਰਸ਼ਾਸਨ ਨੇ ਹੁਣ ਰਾਵਲਪਿੰਡੀ 'ਤੇ ਆਈਸੀਸੀ ਦੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਹੈ। ਰਮੀਜ਼ ਰਾਜਾ ਦੀ ਥਾਂ 'ਤੇ ਪੀਸੀਬੀ ਦੀ ਵਾਗਡੋਰ ਸੰਭਾਲ ਰਹੇ ਨਜਮ ਸੇਠੀ ਦਾ ਕਹਿਣਾ ਹੈ, 'ਇਹ ਸਾਡੇ ਲਈ ਸ਼ਰਮ ਵਾਲੀ ਗੱਲ ਹੈ। ਇਹ ਕ੍ਰਿਕਟ ਲਈ ਵੀ ਚੰਗਾ ਨਹੀਂ ਹੈ। ਅਸੀਂ ਇੱਕ ਬਿਹਤਰ ਕ੍ਰਿਕਟ ਖੇਡਣ ਵਾਲਾ ਦੇਸ਼ ਹਾਂ। ਦੱਸਿਆ ਜਾ ਰਿਹਾ ਹੈ ਕਿ ਪੀਸੀਬੀ ਨੇ ਇਸ ਅਪੀਲ ਦੇ ਪੱਖ ਵਿੱਚ ਕਈ ਸਬੂਤ ਇਕੱਠੇ ਕੀਤੇ ਹਨ। ਇਸ ਵਿੱਚ ਮੈਚ ਦੇ ਹਰ ਦਿਨ ਗੇਂਦਬਾਜ਼ਾਂ ਨੂੰ ਮਿਲ ਰਹੀ ਮਦਦ ਦੇ ਡੇਟਾ, ਵੀਡੀਓ ਅਤੇ ਸਬੂਤ ਸ਼ਾਮਲ ਹਨ।