Shubaman Records: ਇੰਗਲੈਂਡ 'ਚ ਛਾਅ ਗਿਆ ਪੰਜਾਬੀ ਸ਼ੇਰ! ਸ਼ੁਭਮਨ ਗਿੱਲ ਨੇ ਤੋੜੇ ਗਾਵਸਕਰ, ਤੇਂਦੁਲਕਰ ਤੇ ਵਿਰਾਟ ਕੋਹਲੀ ਦੇ ਰਿਕਾਰਡ
ਭਾਰਤ ਨੇ ਇੰਗਲੈਂਡ ਵਿਰੁੱਧ ਬਰਮਿੰਘਮ ਟੈਸਟ ਵਿੱਚ 587 ਸ਼ਾਨਦਾਰ ਦੌੜਾਂ ਬਣਾਈਆਂ। ਇਸ ਦੌਰਾਨ ਪੰਜਾਬੀ ਮੁੰਡਾ ਕਪਤਾਨ ਸ਼ੁਭਮਨ ਗਿੱਲ ਛਾਇਆ ਰਿਹਾ। ਸ਼ੁਭਮਨ ਨੇ 269 ਦੌੜਾਂ ਦੀ ਪਾਰੀ ਖੇਡ ਕੇ ਸੁਨੀਲ ਗਾਵਸਕਰ....

Shubaman Records: ਭਾਰਤ ਨੇ ਇੰਗਲੈਂਡ ਵਿਰੁੱਧ ਬਰਮਿੰਘਮ ਟੈਸਟ ਵਿੱਚ 587 ਸ਼ਾਨਦਾਰ ਦੌੜਾਂ ਬਣਾਈਆਂ। ਇਸ ਦੌਰਾਨ ਪੰਜਾਬੀ ਮੁੰਡਾ ਕਪਤਾਨ ਸ਼ੁਭਮਨ ਗਿੱਲ ਛਾਇਆ ਰਿਹਾ। ਸ਼ੁਭਮਨ ਨੇ 269 ਦੌੜਾਂ ਦੀ ਪਾਰੀ ਖੇਡ ਕੇ ਸੁਨੀਲ ਗਾਵਸਕਰ, ਸਚਿਨ ਤੇਂਦੁਲਕਰ ਤੇ ਵਿਰਾਟ ਕੋਹਲੀ ਵਰਗੇ ਦਿੱਗਜਾਂ ਦੇ ਰਿਕਾਰਡ ਤੋੜ ਦਿੱਤੇ। ਉਹ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਭਾਰਤੀ ਕਪਤਾਨ ਬਣ ਗਿਆ। ਇਸ ਦੇ ਨਾਲ ਹੀ ਭਾਰਤ ਨੇ 18 ਸਾਲਾਂ ਬਾਅਦ ਇੰਗਲੈਂਡ ਵਿੱਚ 500 ਦੌੜਾਂ ਦਾ ਅੰਕੜਾ ਪਾਰ ਕਰ ਲਿਆ।
ਪਹਿਲਾ ਰਿਕਾਰਡ... 25 ਸਾਲ ਦੀ ਉਮਰ ਵਿੱਚ 2 ਫਾਰਮੈਟਾਂ ਵਿੱਚ ਦੋਹਰਾ ਸੈਂਕੜਾ
ਕਪਤਾਨ ਸ਼ੁਭਮਨ ਗਿੱਲ ਨੇ ਬਰਮਿੰਘਮ ਵਿੱਚ ਪਹਿਲੇ ਦਿਨ ਸੈਂਕੜਾ ਲਾਇਆ, ਜਿਸ ਨੂੰ ਉਸ ਨੇ ਦੂਜੇ ਦਿਨ ਦੋਹਰੇ ਸੈਂਕੜੇ ਵਿੱਚ ਬਦਲ ਦਿੱਤਾ। 25 ਸਾਲਾ ਸ਼ੁਭਮਨ 269 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਿਆ। ਇਹ ਟੈਸਟ ਵਿੱਚ ਉਸ ਦਾ ਪਹਿਲਾ ਦੋਹਰਾ ਸੈਂਕੜਾ ਸੀ। ਉਸ ਨੇ 23 ਸਾਲ ਦੀ ਉਮਰ ਵਿੱਚ ਇੱਕ ਰੋਜ਼ਾ ਫਾਰਮੈਟ ਵਿੱਚ ਵੀ ਦੋਹਰਾ ਸੈਂਕੜਾ ਲਾਇਆ ਹੈ। ਸ਼ੁਭਮਨ 2 ਵੱਖ-ਵੱਖ ਫਾਰਮੈਟਾਂ ਵਿੱਚ ਦੋਹਰਾ ਸੈਂਕੜਾ ਲਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ। ਉਸ ਨੇ ਰੋਹਿਤ ਦਾ ਰਿਕਾਰਡ ਤੋੜਿਆ, ਜਿਸ ਨੇ 32 ਸਾਲ ਦੀ ਉਮਰ ਵਿੱਚ ਦੋਵਾਂ ਫਾਰਮੈਟਾਂ ਵਿੱਚ ਦੋਹਰਾ ਸੈਂਕੜਾ ਲਾਇਆ ਸੀ।
ਦੂਜਾ ਰਿਕਾਰਡ...ਸ਼ੁਭਮਨ ਨੇ ਇੰਗਲੈਂਡ ਵਿੱਚ ਸਭ ਤੋਂ ਵੱਧ ਸਕੋਰ ਬਣਾਇਆ
ਸ਼ੁਭਮਨ ਇੰਗਲੈਂਡ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਭਾਰਤੀ ਖਿਡਾਰੀ ਵੀ ਬਣ ਗਿਆ। ਉਸ ਨੇ ਸੁਨੀਲ ਗਾਵਸਕਰ ਦਾ 46 ਸਾਲ ਪੁਰਾਣਾ ਰਿਕਾਰਡ ਤੋੜਿਆ। ਗਾਵਸਕਰ ਨੇ 1979 ਵਿੱਚ ਓਵਲ ਮੈਦਾਨ 'ਤੇ 221 ਦੌੜਾਂ ਬਣਾਈਆਂ ਸੀ। ਇਨ੍ਹਾਂ ਦੋਹਾਂ ਤੋਂ ਇਲਾਵਾ ਸਿਰਫ ਰਾਹੁਲ ਦ੍ਰਾਵਿੜ ਹੀ 2002 ਵਿੱਚ ਇੰਗਲੈਂਡ ਦੀ ਧਰਤੀ 'ਤੇ ਦੋਹਰਾ ਸੈਂਕੜਾ ਲਾ ਸਕਿਆ ਸੀ।
ਤੀਜਾ ਰਿਕਾਰਡ... ਏਸ਼ੀਆ ਤੋਂ ਬਾਹਰ ਸਭ ਤੋਂ ਵੱਧ ਟੈਸਟ ਸਕੋਰ ਬਣਾਉਣ ਵਾਲਾ ਭਾਰਤੀ
ਸ਼ੁਭਮਨ ਏਸ਼ੀਆ ਤੋਂ ਬਾਹਰ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਭਾਰਤੀ ਵੀ ਬਣ ਗਿਆ। ਉਸ ਨੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜਿਆ, ਜਿਸ ਨੇ 2004 ਵਿੱਚ ਸਿਡਨੀ ਮੈਦਾਨ 'ਤੇ 241 ਦੌੜਾਂ ਬਣਾਈਆਂ ਸਨ।
ਚੌਥਾ ਰਿਕਾਰਡ...ਭਾਰਤੀ ਕਪਤਾਨ ਦਾ ਸਭ ਤੋਂ ਵੱਧ ਸਕੋਰ
ਸ਼ੁਭਮਨ ਦਾ ਦੋਹਰਾ ਸੈਂਕੜਾ ਟੈਸਟ ਵਿੱਚ ਕਿਸੇ ਵੀ ਭਾਰਤੀ ਕਪਤਾਨ ਦੁਆਰਾ ਬਣਾਇਆ ਗਿਆ ਸਭ ਤੋਂ ਵੱਧ ਸਕੋਰ ਵੀ ਸੀ। ਉਸ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜਿਆ, ਜਿਸ ਨੇ 2019 ਵਿੱਚ ਪੁਣੇ ਵਿੱਚ ਦੱਖਣੀ ਅਫਰੀਕਾ ਵਿਰੁੱਧ 254 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ।
ਪੰਜਵਾਂ ਰਿਕਾਰਡ...ਏਸ਼ੀਆ ਤੋਂ ਬਾਹਰ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਏਸ਼ਿਆਈ ਕਪਤਾਨ
ਸ਼ੁਭਮਨ ਏਸ਼ੀਆ ਤੋਂ ਬਾਹਰ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਏਸ਼ਿਆਈ ਖਿਡਾਰੀ ਵੀ ਬਣ ਗਿਆ। ਉਸ ਨੇ ਸ਼੍ਰੀਲੰਕਾ ਦੇ ਮਾਰਵਨ ਅਟਾਪੱਟੂ ਦਾ ਰਿਕਾਰਡ ਤੋੜਿਆ, ਜਿਸ ਨੇ 2004 ਵਿੱਚ ਜ਼ਿੰਬਾਬਵੇ ਵਿੱਚ 249 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ ਨੇ 2016 ਵਿੱਚ ਵੈਸਟਇੰਡੀਜ਼ ਦੀ ਧਰਤੀ 'ਤੇ 200 ਦੌੜਾਂ ਬਣਾਈਆਂ ਸਨ।
6ਵਾਂ ਰਿਕਾਰਡ... ਦੋਹਰਾ ਸੈਂਕੜਾ ਲਾਉਣ ਵਾਲਾ 6ਵਾਂ ਭਾਰਤੀ ਕਪਤਾਨ ਬਣਿਆ
ਸ਼ੁਭਮਨ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਦੋਹਰਾ ਸੈਂਕੜਾ ਲਗਾਇਆ ਹੈ ਪਰ ਉਸ ਨੇ ਇਹ ਆਪਣੀ ਕਪਤਾਨੀ ਦੌਰਾਨ ਹੀ ਕੀਤਾ। ਇਸ ਨਾਲ ਉਹ ਟੈਸਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲਾ ਛੇਵਾਂ ਭਾਰਤੀ ਕਪਤਾਨ ਬਣ ਗਿਆ। ਵਿਰਾਟ ਕੋਹਲੀ, ਐਮਐਸ ਧੋਨੀ, ਸਚਿਨ ਤੇਂਦੁਲਕਰ, ਸੁਨੀਲ ਗਾਵਸਕਰ ਤੇ ਮਨਸੂਰ ਅਲੀ ਖਾਨ ਪਟੌਦੀ ਨੇ ਵੀ ਕਪਤਾਨ ਵਜੋਂ ਦੋਹਰੇ ਸੈਂਕੜੇ ਲਗਾਏ ਸਨ।
7ਵਾਂ ਰਿਕਾਰਡ.. ਇੰਗਲੈਂਡ ਵਿੱਚ ਇੱਕ ਭਾਰਤੀ ਕਪਤਾਨ ਦਾ ਸਭ ਤੋਂ ਵੱਧ ਸਕੋਰ
ਸ਼ੁਭਮਨ ਨੇ ਇੰਗਲੈਂਡ ਵਿੱਚ ਇੱਕ ਭਾਰਤੀ ਕਪਤਾਨ ਵਜੋਂ ਸਭ ਤੋਂ ਵੱਧ ਸਕੋਰ ਵੀ ਬਣਾਇਆ। ਉਸ ਨੇ ਮੁਹੰਮਦ ਅਜ਼ਹਰੂਦੀਨ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ 1990 ਵਿੱਚ ਮੈਨਚੈਸਟਰ ਦੇ ਮੈਦਾਨ 'ਤੇ 179 ਦੌੜਾਂ ਦੀ ਪਾਰੀ ਖੇਡੀ ਸੀ।
8ਵਾਂ ਰਿਕਾਰਡ... ਇੰਗਲੈਂਡ ਵਿੱਚ ਕਿਸੇ ਵਿਦੇਸ਼ੀ ਕਪਤਾਨ ਦੁਆਰਾ ਤੀਜਾ ਸਭ ਤੋਂ ਵੱਧ ਸਕੋਰ
ਸ਼ੁਭਮਨ ਦੀਆਂ 269 ਦੌੜਾਂ ਇੰਗਲੈਂਡ ਵਿੱਚ ਕਿਸੇ ਵਿਦੇਸ਼ੀ ਕਪਤਾਨ ਦੁਆਰਾ ਤੀਜਾ ਸਭ ਤੋਂ ਵੱਧ ਸਕੋਰ ਹੈ। ਉਸ ਨੇ ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਨੂੰ ਪਿੱਛੇ ਛੱਡ ਦਿੱਤਾ, ਜਿਸ ਨੇ ਲਾਰਡਜ਼ ਸਟੇਡੀਅਮ ਵਿੱਚ 259 ਦੌੜਾਂ ਬਣਾਈਆਂ ਸੀ। ਆਸਟ੍ਰੇਲੀਆ ਦੇ ਬੌਬ ਸਿੰਪਸਨ 311 ਦੌੜਾਂ ਨਾਲ ਪਹਿਲੇ ਨੰਬਰ 'ਤੇ ਹਨ।
9. ਭਾਰਤ ਤੋਂ ਬਾਹਰ 250+ ਦੌੜਾਂ ਬਣਾਉਣ ਵਾਲਾ ਤੀਜਾ ਭਾਰਤੀ
ਸ਼ੁਭਮਨ ਗਿੱਲ ਭਾਰਤ ਤੋਂ ਬਾਹਰ 250 ਤੋਂ ਵੱਧ ਦਾ ਟੈਸਟ ਸਕੋਰ ਬਣਾਉਣ ਵਾਲਾ ਤੀਜਾ ਭਾਰਤੀ ਬਣ ਗਿਆ। ਉਸ ਤੋਂ ਪਹਿਲਾਂ ਸਿਰਫ ਵਰਿੰਦਰ ਸਹਿਵਾਗ ਤੇ ਰਾਹੁਲ ਦ੍ਰਾਵਿੜ ਹੀ ਅਜਿਹਾ ਕਰ ਸਕੇ ਸਨ। ਦੋਵਾਂ ਨੇ ਪਾਕਿਸਤਾਨ ਵਿਰੁੱਧ 250 ਤੋਂ ਵੱਧ ਦੌੜਾਂ ਬਣਾਈਆਂ ਸਨ।
10. ਸ਼ੁਭਮਨ ਨੇ ਆਪਣਾ ਸਭ ਤੋਂ ਵੱਧ ਪਹਿਲਾ ਦਰਜਾ ਸਕੋਰ ਬਣਾਇਆ
ਸ਼ੁਭਮਨ ਗਿੱਲ ਨੇ ਵੀ ਪਹਿਲਾ ਦਰਜਾ ਕ੍ਰਿਕਟ ਵਿੱਚ ਆਪਣਾ ਸਭ ਤੋਂ ਵੱਧ ਸਕੋਰ ਬਣਾਇਆ। ਇਸ ਤੋਂ ਪਹਿਲਾਂ 2018 ਵਿੱਚ, ਉਸ ਨੇ ਮੋਹਾਲੀ ਦੇ ਮੈਦਾਨ 'ਤੇ ਤਾਮਿਲਨਾਡੂ ਦੇ ਖਿਲਾਫ 268 ਦੌੜਾਂ ਬਣਾਈਆਂ ਸਨ। ਉਹ ਆਪਣੀ ਘਰੇਲੂ ਟੀਮ ਪੰਜਾਬ ਲਈ ਖੇਡ ਰਿਹਾ ਸੀ।
11ਵਾਂ ਰਿਕਾਰਡ... 18 ਸਾਲਾਂ ਬਾਅਦ ਇੰਗਲੈਂਡ ਵਿੱਚ 550+ ਦੌੜਾਂ
ਭਾਰਤ ਨੇ 18 ਸਾਲਾਂ ਬਾਅਦ ਇੰਗਲੈਂਡ ਵਿੱਚ 550 ਤੋਂ ਵੱਧ ਦਾ ਟੀਮ ਸਕੋਰ ਬਣਾਇਆ। ਟੀਮ ਨੇ ਆਖਰੀ ਵਾਰ 2007 ਵਿੱਚ ਓਵਲ ਮੈਦਾਨ ਵਿੱਚ 664 ਦੌੜਾਂ ਬਣਾ ਕੇ ਮੈਚ ਡਰਾਅ ਕੀਤਾ ਸੀ। 587 ਦੌੜਾਂ ਇੰਗਲੈਂਡ ਵਿੱਚ ਭਾਰਤ ਦਾ ਚੌਥਾ ਸਭ ਤੋਂ ਵੱਧ ਟੈਸਟ ਸਕੋਰ ਹੈ।
12ਵਾਂ ਰਿਕਾਰਡ... ਗਿੱਲ ਨੇ 2025 ਵਿੱਚ ਸਭ ਤੋਂ ਵੱਧ ਸੈਂਕੜੇ ਬਣਾਏ
ਸ਼ੁਭਮਨ ਗਿੱਲ ਨੇ ਸਾਲ 2025 ਵਿੱਚ ਆਪਣਾ ਚੌਥਾ ਸੈਂਕੜਾ ਲਾਇਆ। ਉਸ ਦੇ ਟੈਸਟ ਤੇ ਵਨਡੇ ਦੋਵਾਂ ਵਿੱਚ 2-2 ਸੈਂਕੜੇ ਹਨ। ਉਹ ਇਸ ਸਾਲ ਸਭ ਤੋਂ ਵੱਧ ਸੈਂਕੜੇ ਲਾਉਣ ਵਾਲਾ ਖਿਡਾਰੀ ਬਣ ਗਿਆ। ਗਿੱਲ ਨੇ ਵੈਸਟਇੰਡੀਜ਼ ਦੇ ਕੀਸੀ ਕਾਰਟੀ ਤੇ ਇੰਗਲੈਂਡ ਦੇ ਬੇਨ ਡਕੇਟ ਨੂੰ ਪਿੱਛੇ ਛੱਡ ਦਿੱਤਾ। ਦੋਵਾਂ ਨੇ ਇਸ ਸਾਲ 3-3 ਸੈਂਕੜੇ ਲਾਏ ਹਨ।




















