INDW vs SLW: ਸ਼੍ਰੀਲੰਕਾ ਨੇ ਪਹਿਲੀ ਵਾਰ ਜਿੱਤਿਆ ਇਹ ਖਿਤਾਬ, ਭਾਰਤ ਨੂੰ ਚੁਟਕੀਆਂ 'ਚ ਕੀਤਾ ਢੇਰ
INDW vs SLW Women Asia Cup 2024: ਸ਼੍ਰੀਲੰਕਾ ਨੇ ਮਹਿਲਾ ਏਸ਼ੀਆ ਕੱਪ 2024 ਦੇ ਫਾਈਨਲ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਅੱਠਵੀਂ ਵਾਰ ਏਸ਼ੀਆ ਕੱਪ ਜਿੱਤਣ ਤੋਂ ਖੁੰਝਿਆ ਹੈ ਅਤੇ ਇਤਿਹਾਸ ਵਿੱਚ ਇਹ ਕੇਵਲ ਦੂਜਾ
INDW vs SLW Women Asia Cup 2024: ਸ਼੍ਰੀਲੰਕਾ ਨੇ ਮਹਿਲਾ ਏਸ਼ੀਆ ਕੱਪ 2024 ਦੇ ਫਾਈਨਲ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਅੱਠਵੀਂ ਵਾਰ ਏਸ਼ੀਆ ਕੱਪ ਜਿੱਤਣ ਤੋਂ ਖੁੰਝਿਆ ਹੈ ਅਤੇ ਇਤਿਹਾਸ ਵਿੱਚ ਇਹ ਕੇਵਲ ਦੂਜਾ ਮੌਕਾ ਹੈ ਜਦੋਂ ਟੀਮ ਇੰਡੀਆ ਨੂੰ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਹਾਰ ਮਿਲੀ ਹੈ। ਭਾਰਤ ਨੇ ਇਸ ਮੈਚ 'ਚ ਪਹਿਲਾਂ ਖੇਡਦੇ ਹੋਏ 165 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ 'ਚ ਸ਼੍ਰੀਲੰਕਾ ਦੀ ਟੀਮ ਨੇ 8 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਜਿੱਤ ਦਰਜ ਕਰਕੇ ਪਹਿਲੀ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਸ਼੍ਰੀਲੰਕਾ ਲਈ ਕਪਤਾਨ ਚਮਾਰੀ ਅਟਾਪੱਟੂ ਅਤੇ ਹਰਸ਼ਿਤਾ ਸਮਰਾਵਿਕਰਮਾ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਅਤੇ ਸ਼੍ਰੀਲੰਕਾ ਦੀ ਇਤਿਹਾਸਕ ਜਿੱਤ 'ਚ ਵੱਡਾ ਯੋਗਦਾਨ ਪਾਇਆ। ਭਾਰਤ ਲਈ ਦੀਪਤੀ ਸ਼ਰਮਾ ਵਿਕਟ ਲੈਣ ਵਾਲੀ ਸਿਰਫ ਇੱਕ ਗੇਂਦਬਾਜ਼ ਸੀ।
ਇਸ ਤਰ੍ਹਾਂ ਰਿਹਾ ਮੈਚ
ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਲਈ ਸਭ ਤੋਂ ਵੱਧ ਦੌੜਾਂ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਬਣਾਈਆਂ, ਜਿਸ ਨੇ 47 ਗੇਂਦਾਂ ਵਿੱਚ 60 ਦੌੜਾਂ ਦਾ ਯੋਗਦਾਨ ਦਿੱਤਾ। ਹਾਲਾਂਕਿ ਕਪਤਾਨ ਹਰਮਨਪ੍ਰੀਤ ਕੌਰ ਕੁਝ ਖਾਸ ਨਹੀਂ ਕਰ ਸਕੀ ਅਤੇ ਆਪਣੇ ਬੱਲੇ ਨਾਲ ਸਿਰਫ 11 ਦੌੜਾਂ ਹੀ ਬਣਾ ਸਕੀ। ਪਰ ਆਖ਼ਰੀ 6 ਓਵਰਾਂ ਵਿੱਚ ਜੇਮਿਮਾ ਰੌਡਰਿਗਜ਼ ਅਤੇ ਰਿਚਾ ਘੋਸ਼ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਟੀਮ ਦੇ ਸਕੋਰ ਨੂੰ 160 ਦੌੜਾਂ ਤੋਂ ਪਾਰ ਪਹੁੰਚਾਇਆ। ਰੌਡਰਿਗਜ਼ ਨੇ 16 ਗੇਂਦਾਂ ਵਿੱਚ 29 ਦੌੜਾਂ ਬਣਾਈਆਂ ਅਤੇ ਰਿਚਾ ਘੋਸ਼ ਨੇ 14 ਗੇਂਦਾਂ ਵਿੱਚ 40 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਨਾਲ ਭਾਰਤ ਦਾ ਸਕੋਰ 165 ਤੱਕ ਪਹੁੰਚਾਇਆ।
ਟੀਚੇ ਦਾ ਪਿੱਛਾ ਕਰਨ ਆਈ ਸ਼੍ਰੀਲੰਕਾਈ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਕਿਉਂਕਿ ਵਿਸ਼ਮੀ ਗੁਣਾਰਤਨੇ ਸਿਰਫ ਇਕ ਦੌੜ ਬਣਾ ਕੇ ਆਊਟ ਹੋ ਗਈ। ਪਰ ਇਸ ਤੋਂ ਬਾਅਦ ਕਪਤਾਨ ਚਮਾਰੀ ਅਟਾਪੱਟੂ ਅਤੇ ਹਰਸ਼ਿਤਾ ਸਮਰਾਵਿਕਰਮਾ ਵਿਚਾਲੇ 87 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਹੋਈ ਪਰ ਅਟਾਪੱਟੂ 61 ਦੌੜਾਂ ਦੇ ਸਕੋਰ 'ਤੇ ਦੀਪਤੀ ਸ਼ਰਮਾ ਦੇ ਹੱਥੋਂ ਕਲੀਨ ਬੋਲਡ ਹੋ ਗਈ। ਇਸ ਤੋਂ ਬਾਅਦ ਹਰਸ਼ਿਤਾ ਇਕ ਸਿਰੇ ਤੋਂ ਕ੍ਰੀਜ਼ 'ਤੇ ਬਣੀ ਰਹੀ ਅਤੇ ਉਸ ਨੂੰ ਕਵੀਸ਼ਾ ਦਿਲਹਾਰੀ ਦਾ ਸਾਥ ਮਿਲਿਆ, ਜਿਸ ਨੇ 16 ਗੇਂਦਾਂ 'ਤੇ 30 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਦੂਜੇ ਪਾਸੇ ਹਰਸ਼ਿਤਾ ਨੇ 51 ਗੇਂਦਾਂ 'ਤੇ 69 ਦੌੜਾਂ ਦੀ ਪਾਰੀ ਖੇਡ ਕੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਜਿੱਤ ਦਿਵਾਉਣ 'ਚ ਅਹਿਮ ਯੋਗਦਾਨ ਪਾਇਆ।
ਅੱਠਵੇਂ ਖ਼ਿਤਾਬ ਤੋਂ ਖੁੰਝਿਆ ਭਾਰਤ
ਮਹਿਲਾ ਏਸ਼ੀਆ ਕੱਪ ਦੀ ਸ਼ੁਰੂਆਤ 2004 ਵਿੱਚ ਹੋਈ ਸੀ ਅਤੇ ਇਸ ਦਾ ਨੌਵਾਂ ਐਡੀਸ਼ਨ ਇਸ ਸਾਲ ਖੇਡਿਆ ਗਿਆ ਸੀ। ਭਾਰਤੀ ਟੀਮ ਹੁਣ ਤੱਕ ਹੋਏ ਸਾਰੇ ਮਹਿਲਾ ਏਸ਼ੀਆ ਕੱਪ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚ ਚੁੱਕੀ ਹੈ ਪਰ ਹੁਣ ਤੱਕ ਉਸ ਨੂੰ ਸਿਰਫ ਇਕ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਭਾਰਤ 2018 ਵਿੱਚ ਫਾਈਨਲ ਵਿੱਚ ਬੰਗਲਾਦੇਸ਼ ਤੋਂ ਹਾਰ ਗਿਆ ਸੀ ਅਤੇ ਹੁਣ ਸ਼੍ਰੀਲੰਕਾ ਮਹਿਲਾ ਏਸ਼ੀਆ ਕੱਪ ਦੇ ਫਾਈਨਲ ਵਿੱਚ ਭਾਰਤ ਨੂੰ ਹਰਾਉਣ ਵਾਲੀ ਦੂਜੀ ਟੀਮ ਬਣ ਗਈ ਹੈ। 2022 ਦੇ ਫਾਈਨਲ 'ਚ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 8 ਵਿਕਟਾਂ ਨਾਲ ਹਰਾਇਆ ਸੀ ਪਰ ਹੁਣ ਸ਼੍ਰੀਲੰਕਾ ਦੀ ਟੀਮ ਨੇ ਭਾਰਤ ਨੂੰ ਉਸੇ ਫਰਕ ਨਾਲ ਹਰਾ ਕੇ ਆਪਣਾ ਬਦਲਾ ਪੂਰਾ ਕਰ ਲਿਆ ਹੈ।