FIFA WC 2022: ਪ੍ਰਸ਼ੰਸਕਾਂ ਦੇ ਸਿਰ ਚੜ੍ਹ ਬੋਲੀ ਫੀਫਾ ਦੀਵਾਨਗੀ , 17 ਲੋਕਾਂ ਨੇ ਮਿਲ ਕੇ ਖਰੀਦਿਆ 23 ਲੱਖ ਦਾ ਘਰ, ਜਾਣੋ ਵਜ੍ਹਾ
FIFA WC: ਫੀਫਾ ਵਿਸ਼ਵ ਕੱਪ 2022 20 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ। ਫੀਫਾ ਵਿਸ਼ਵ ਕੱਪ ਦਾ ਕ੍ਰੇਜ਼ ਅਜਿਹਾ ਹੈ ਕਿ 17 ਲੋਕਾਂ ਨੇ ਮਿਲ ਕੇ 23 ਲੱਖ ਰੁਪਏ ਦਾ ਘਰ ਖਰੀਦਿਆ ਹੈ।
FIFA WC 2022: ਫੀਫਾ ਵਿਸ਼ਵ ਕੱਪ 2022 ਸ਼ੁਰੂ ਹੋ ਗਿਆ ਹੈ। ਵਿਸ਼ਵ ਕੱਪ ਦਾ ਪਹਿਲਾ ਮੈਚ ਕਤਰ ਅਤੇ ਇਕਵਾਡੋਰ ਵਿਚਾਲੇ ਖੇਡਿਆ ਗਿਆ। ਇਕਵਾਡੋਰ ਨੇ ਇਹ ਮੈਚ ਜਿੱਤ ਲਿਆ। ਪ੍ਰਸ਼ੰਸਕ ਚਾਰ ਸਾਲਾਂ ਤੋਂ ਫੀਫਾ ਦੀ ਉਡੀਕ ਕਰ ਰਹੇ ਸਨ। ਫੁੱਟਬਾਲ ਦਾ ਕ੍ਰੇਜ਼ ਪੂਰੀ ਦੁਨੀਆ 'ਚ ਫੈਲਿਆ ਹੋਇਆ ਹੈ। ਭਾਰਤ ਵਿੱਚ ਵੀ ਫੁੱਟਬਾਲ ਦੇ ਬਹੁਤ ਸਾਰੇ ਪ੍ਰਸ਼ੰਸਕ ਹਨ। ਅਜਿਹੇ 'ਚ ਭਾਰਤ ਦੇ ਕੇਰਲ ਤੋਂ ਇੱਕ ਅਜਿਹੀ ਦੀਵਾਨਗੀ ਸਾਹਮਣੇ ਆਈ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਕੁੱਲ 17 ਲੋਕਾਂ ਨੇ ਮਿਲ ਕੇ 23 ਲੱਖ ਰੁਪਏ ਦਾ ਮਕਾਨ ਖਰੀਦਿਆ ਹੈ। ਸਾਰੇ ਲੋਕ ਇਸ ਘਰ 'ਚ ਇਕੱਠੇ ਹੋ ਕੇ ਫੀਫਾ ਵਿਸ਼ਵ ਕੱਪ ਦੇਖਣਗੇ।
ਕਿਉਂ ਖਰੀਦਿਆ ਘਰ
17 ਲੋਕਾਂ ਨੇ ਖਾਸ ਤੌਰ 'ਤੇ ਫੀਫਾ ਵਿਸ਼ਵ ਕੱਪ ਲਈ ਇਹ ਘਰ ਖਰੀਦਿਆ ਹੈ। ਇਸ ਵਿੱਚ ਇੱਕ ਫੈਨ ਨੇ ਦੱਸਿਆ ਕਿ ਉਸਨੇ ਇਹ ਘਰ ਕਿਉਂ ਖਰੀਦਿਆ ਸੀ। ਨਿਊਜ਼ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ, ਖਰੀਦਦਾਰਾਂ ਵਿੱਚੋਂ ਇੱਕ ਨੇ ਕਿਹਾ, “ਅਸੀਂ ਫੀਫਾ ਵਿਸ਼ਵ ਕੱਪ 2022 ਲਈ ਕੁਝ ਵੱਖਰਾ ਕਰਨ ਦੀ ਯੋਜਨਾ ਬਣਾਈ ਸੀ। ਸਾਡੇ ਵਿੱਚੋਂ 17 ਜਣਿਆਂ ਨੇ ਮਿਲ ਕੇ 23 ਲੱਖ ਰੁਪਏ ਦਾ ਇੱਕ ਘਰ ਖਰੀਦਿਆ, ਜੋ ਪਹਿਲਾਂ ਹੀ ਸੇਲ ਉੱਤੇ ਸੀ, ਅਤੇ ਇਸ ਨੂੰ ਫੀਫਾ ਟੀਮ ਦੇ ਝੰਡਿਆਂ ਨਾਲ ਸਜਾਇਆ। ਅਸੀਂ ਇੱਥੇ ਇਕੱਠੇ ਹੋਣ ਅਤੇ ਵੱਡੇ ਸਕ੍ਰੀਨ ਟੀਵੀ 'ਤੇ ਮੈਚ ਦੇਖਣ ਦੀ ਯੋਜਨਾ ਵੀ ਬਣਾਈ ਹੈ।
ਕਿੰਨਾ ਚਿਰ ਚੱਲੇਗਾ ਟੂਰਨਾਮੈਂਟ
ਫੀਫਾ ਵਿਸ਼ਵ ਕੱਪ ਕੁੱਲ 29 ਦਿਨਾਂ ਤੱਕ ਖੇਡਿਆ ਜਾਵੇਗਾ। ਇਨ੍ਹਾਂ 29 ਦਿਨਾਂ 'ਚ ਕੁੱਲ 64 ਮੈਚ ਖੇਡੇ ਜਾਣਗੇ। 20 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਵਿਸ਼ਵ ਕੱਪ ਦਾ ਫਾਈਨਲ ਮੈਚ 18 ਦਸੰਬਰ ਨੂੰ ਖੇਡਿਆ ਜਾਵੇਗਾ। ਫੀਫਾ ਵਿਸ਼ਵ ਕੱਪ ਪਹਿਲੀ ਵਾਰ ਕਿਸੇ ਅਰਬ ਦੇਸ਼ ਵਿੱਚ ਆਯੋਜਿਤ ਕੀਤਾ ਜਾਵੇਗਾ। ਕਤਰ ਨੇ ਇਸ ਵਿਸ਼ਵ ਕੱਪ ਲਈ ਕਈ ਵੱਖ-ਵੱਖ ਨਿਯਮ ਰੱਖੇ ਹਨ।
ਕੁੱਲ 32 ਟੀਮਾਂ ਹੋਣਗੀਆਂ ਸ਼ਾਮਲ
ਇਸ ਵਿਸ਼ਵ ਕੱਪ ਵਿੱਚ ਕੁੱਲ 32 ਦੇਸ਼ਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਸ ਵਿੱਚ ਕੁੱਲ 8 ਗਰੁੱਪ ਸ਼ਾਮਲ ਕੀਤੇ ਜਾਣਗੇ। ਸਾਰੇ ਗਰੁੱਪਾਂ ਵਿੱਚ 4-4 ਟੀਮਾਂ ਹੋਣਗੀਆਂ। ਆਓ ਜਾਣਦੇ ਹਾਂ ਕਿਹੜੀ ਟੀਮ ਕਿਸ ਗਰੁੱਪ ਵਿੱਚ ਹੈ।
- ਗਰੁੱਪ-ਏ- ਸੇਨੇਗਲ, ਨੀਦਰਲੈਂਡ ਕਤਰ, ਇਕਵਾਡੋਰ
- ਗਰੁੱਪ ਬੀ - ਇੰਗਲੈਂਡ, ਈਰਾਨ, ਅਮਰੀਕਾ, ਵੇਲਜ਼
- ਗਰੁੱਪ ਸੀ - ਮੈਕਸੀਕੋ, ਪੋਲੈਂਡ, ਅਰਜਨਟੀਨਾ, ਸਾਊਦੀ ਅਰਬ
- ਗਰੁੱਪ-ਡੀ- ਫਰਾਂਸ, ਆਸਟ੍ਰੇਲੀਆ, ਡੈਨਮਾਰਕ, ਟਿਊਨੀਸ਼ੀਆ
- ਗਰੁੱਪ-ਈ- ਸਪੇਨ, ਕੋਸਟਾ ਰੀਕਾ, ਜਰਮਨੀ, ਜਾਪਾਨ
- ਗਰੁੱਪ-ਐੱਫ- ਬੈਲਜੀਅਮ, ਕੈਨੇਡਾ, ਮੋਰੋਕੋ, ਕਰੋਸ਼ੀਆ
- ਗਰੁੱਪ ਜੀ - ਬ੍ਰਾਜ਼ੀਲ, ਸਰਬੀਆ, ਸਵਿਟਜ਼ਰਲੈਂਡ, ਕੈਮਰੂਨ
- ਗਰੁੱਪ-ਐਚ- ਪੁਰਤਗਾਲ, ਘਾਨਾ, ਉਰੂਗਵੇ, ਕੋਰੀਆ ਗਣਰਾਜ