WTC Prize Money: ਵਰਲਡ ਟੈਸਟ ਮੁਕਾਬਲਾ ਜਿੱਤਣ ਵਾਲੀ ਟੀਮ ਨੂੰ ਮਿਲਣਗੇ ਇੰਨੇਂ ਪੈਸੇ, ਸੁਣ ਹੋ ਜਾਓਗੇ ਹੈਰਾਨ
WTC Prize Money 2021-23: ICC ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 7 ਜੂਨ ਤੋਂ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਜਾਵੇਗਾ।
ICC World Test Championship 2021-23 Prize Money: ਆਈਸੀਸੀ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਸ਼ੁਰੂ ਹੋਣ ਵਿੱਚ ਅਜੇ 12 ਦਿਨ ਬਾਕੀ ਹਨ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਦੂਜੇ ਚੱਕਰ ਦਾ ਖ਼ਿਤਾਬੀ ਮੈਚ ਭਾਰਤ ਅਤੇ ਆਸਟਰੇਲੀਆ ਵਿਚਾਲੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ 7 ਜੂਨ ਤੋਂ ਲੰਡਨ ਦੇ ਓਵਲ ਮੈਦਾਨ 'ਤੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ, ਭਾਰਤੀ ਟੀਮ 2019-21 ਵਿੱਚ ਖੇਡੀ ਗਈ ਪਹਿਲੇ ਚੱਕਰ ਦੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚੀ ਸੀ। ਫਿਰ ਉਸ ਨੂੰ ਫਾਈਨਲ ਵਿਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਰ ਇਸ ਵਾਰ ਭਾਰਤੀ ਟੀਮ ਫਾਈਨਲ ਵਿੱਚ ਆਸਟਰੇਲੀਆ ਨੂੰ ਸਖ਼ਤ ਟੱਕਰ ਦੇਵੇਗੀ। ਦੋਵਾਂ ਟੀਮਾਂ ਦੇ ਜ਼ਿਆਦਾਤਰ ਖਿਡਾਰੀ ਇੰਗਲੈਂਡ ਪਹੁੰਚ ਚੁੱਕੇ ਹਨ। ਭਾਰਤ ਅਤੇ ਆਸਟ੍ਰੇਲੀਆ ਦੇ ਕੁਝ ਖਿਡਾਰੀ ਪਹਿਲਾਂ ਹੀ ਇੰਗਲੈਂਡ 'ਚ ਕਾਊਂਟੀ ਕ੍ਰਿਕਟ ਖੇਡ ਰਹੇ ਹਨ। ਆਓ ਤੁਹਾਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦੀ ਇਨਾਮੀ ਰਾਸ਼ੀ ਬਾਰੇ ਦੱਸਦੇ ਹਾਂ।
ਜੇਤੂ ਨੂੰ ਮਿਲਣਗੇ 13 ਕਰੋੜ ਰੁਪਏ
ਆਈਸੀਸੀ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਦੂਜੇ ਚੱਕਰ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਕ੍ਰਿਕਟ ਦੀ ਸਿਖਰਲੀ ਸੰਸਥਾ ਨੇ ਇਸ ਵਾਰ ਇਨਾਮੀ ਰਾਸ਼ੀ ਵਿੱਚ ਵਾਧਾ ਕੀਤਾ ਹੈ। 2021-23 ਦਾ ਖਿਤਾਬ ਜਿੱਤਣ ਵਾਲੀ ਟੀਮ ਨੂੰ ਇਨਾਮੀ ਰਾਸ਼ੀ ਵਜੋਂ 13 ਕਰੋੜ ਰੁਪਏ ਦਿੱਤੇ ਜਾਣਗੇ। ਇਸ ਵਾਰ ਖਿਤਾਬ ਜਿੱਤਣ ਵਾਲੀ ਟੀਮ ਨੂੰ ਪਿਛਲੀ ਜੇਤੂ ਟੀਮ ਨਾਲੋਂ ਕਰੀਬ 1 ਕਰੋੜ 29 ਲੱਖ ਰੁਪਏ ਵੱਧ ਮਿਲਣਗੇ। ਇਸ ਦੇ ਨਾਲ ਹੀ ਉਪ ਜੇਤੂ ਨੂੰ 6.5 ਕਰੋੜ ਰੁਪਏ ਦਿੱਤੇ ਜਾਣਗੇ। ਜੇਤੂ ਅਤੇ ਉਪ ਜੇਤੂ ਨੂੰ ਛੱਡ ਕੇ ਦੱਖਣੀ ਅਫਰੀਕਾ ਨੂੰ 3.5 ਕਰੋੜ, ਇੰਗਲੈਂਡ ਨੂੰ 2.8 ਕਰੋੜ, ਸ੍ਰੀਲੰਕਾ ਨੂੰ 1.6 ਕਰੋੜ ਜਦਕਿ ਨਿਊਜ਼ੀਲੈਂਡ, ਪਾਕਿਸਤਾਨ, ਵੈਸਟਇੰਡੀਜ਼ ਅਤੇ ਬੰਗਲਾਦੇਸ਼ ਨੂੰ 82-82 ਲੱਖ ਰੁਪਏ ਇਨਾਮੀ ਰਾਸ਼ੀ ਵਜੋਂ ਦਿੱਤੇ ਜਾਣਗੇ।
ਪਹਿਲੇ ਚੱਕਰ ਦੇ ਜੇਤੂ ਨੂੰ ਕਿੰਨੀ ਮਿਲੀ ਸੀ ਇਨਾਮੀ ਰਕਮ?
ਪਹਿਲੇ ਚੱਕਰ ਦੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ 2021 ਵਿੱਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਸੀ। ਇਸ ਖ਼ਿਤਾਬੀ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਜੇਤੂ ਰਹੀ ਸੀ। ਫਿਰ ਜੇਤੂ ਟੀਮ ਨੂੰ ਇਨਾਮੀ ਰਾਸ਼ੀ ਵਜੋਂ 11.71 ਕਰੋੜ ਰੁਪਏ ਦਿੱਤੇ ਗਏ। ਅਤੇ ਉਪ ਜੇਤੂ ਭਾਰਤ ਨੂੰ 5.8 ਕਰੋੜ ਰੁਪਏ ਮਿਲੇ। ਫਿਰ ਸਾਂਝੇ ਜੇਤੂ ਲਈ 8.78 ਕਰੋੜ ਰੁਪਏ ਤੈਅ ਕੀਤੇ ਗਏ। ਇਸ ਤੋਂ ਇਲਾਵਾ ਆਸਟ੍ਰੇਲੀਆ ਨੂੰ 3.3 ਕਰੋੜ, ਇੰਗਲੈਂਡ ਨੂੰ 2.5 ਕਰੋੜ, ਪਾਕਿਸਤਾਨ ਨੂੰ 1.5 ਕਰੋੜ ਅਤੇ ਹੋਰ ਟੀਮਾਂ ਨੂੰ 73-73 ਲੱਖ ਰੁਪਏ ਦਿੱਤੇ ਗਏ।