IND vs ENG, 1st Innings Highlights: ਜੋ ਰੂਟ ਦੇ ਸੈਂਕੜੇ ਸਦਕਾ ਇੰਗਲੈਂਡ ਨੇ ਹਾਸਲ ਕੀਤੀ ਸ਼ਾਨਦਾਰ ਲੀਡ, ਭਾਰਤ ਵਾਪਸੀ ਔਖੀ
India vs England, 1st Innings Highlights: ਭਾਰਤ ਵੱਲੋਂ ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਮੁਹੰਮਦ ਸਿਰਾਜ ਤੇ ਰਵਿੰਦਰ ਜਡੇਜਾ ਨੇ 2-2 ਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਹਾਸਲ ਕੀਤੀ।
India vs England 3rd Test: ਇੰਗਲੈਂਡ ਨੇ ਹੇਡਿੰਗਲੇ ਦੇ ਲੀਡਜ਼ ਵਿੱਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਆਪਣੀ ਪਹਿਲੀ ਪਾਰੀ ਵਿੱਚ ਅੱਠ ਵਿਕਟਾਂ ਦੇ ਨੁਕਸਾਨ 'ਤੇ 423 ਦੌੜਾਂ ਬਣਾ ਲਈਆਂ ਹਨ ਜਿਨ੍ਹਾਂ ਵਿੱਚ 345 ਦੌੜਾਂ ਦੀ ਲੀਡ ਵੀ ਸ਼ਾਮਲ ਹੈ। ਇੰਨੇ ਵੱਡੇ ਸਕੋਰ ਨਾਲ ਭਾਰਤ ਦੀ ਵਾਪਸੀ ਬੇਹੱਦ ਮੁਸ਼ਕਿਲ ਜਾਪ ਰਹੀ ਹੈ।
ਮੇਜ਼ਬਾਨ ਕਪਤਾਨ ਜੋ ਰੂਟ (121 ਦੌੜਾਂ) ਤੇ ਡੇਵਿਡ ਮਲਾਨ (70 ਦੌੜਾਂ) ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਮੇਜ਼ਬਾਨ ਟੀਮ ਨੇ ਇਹ ਸਕੋਰ ਕਾਇਮ ਕੀਤਾ ਹੈ। ਦੂਜੇ ਦਿਨ ਦੀ ਖੇਡ ਖ਼ਤਮ ਹੋਣ ਵੇਲੇ ਕ੍ਰੇਗ ਓਵਰਟਨ 31 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 24 ਦੌੜਾਂ ਤੇ ਓਲੀ ਰੌਬਿਨਸਨ ਖਾਤਾ ਖੋਲ੍ਹੇ ਬਗ਼ੈਰ ਕ੍ਰੀਜ਼ 'ਤੇ ਮੌਜੂਦ ਸਨ।
ਭਾਰਤ ਵੱਲੋਂ ਮੁਹੰਮਦ ਸ਼ਮੀ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਮੁਹੰਮਦ ਸਿਰਾਜ ਤੇ ਰਵਿੰਦਰ ਜਡੇਜਾ ਨੇ 2-2 ਤੇ ਜਸਪ੍ਰੀਤ ਬੁਮਰਾਹ ਨੇ ਇੱਕ ਵਿਕਟ ਹਾਸਲ ਕੀਤੀ। ਇੰਗਲੈਂਡ ਨੇ ਬਿਨਾ ਕਿਸੇ ਨੁਕਸਾਨ ਦੇ 120 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਪਰ ਕੁਝ ਹੀ ਸਮਾਂ ਹੋਇਆ ਸੀ ਕਿ 153 ਗੇਂਦਾਂ 'ਤੇ ਛੇ ਚੌਕੇ ਤੇ ਇੱਕ ਛੱਕੇ ਦੀ ਮਦਦ ਨਾਲ 61 ਦੌੜਾਂ ਬਣਾ ਚੁੱਕੇ ਰੋਰੀ ਬਨਰਜ਼ ਨੂੰ ਮੁਹੰਮਦ ਸ਼ਮੀ ਨੇ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਪਹਿਲਾਂ ਤੋਂ ਕ੍ਰੀਜ਼ 'ਤੇ ਮੌਜੂਦ ਹਸੀਬ ਹਮੀਦ ਦਾ ਸਾਥ ਦੇਣ ਲਈ ਡੇਵਿਡ ਮਲਾਨ ਆ ਗਏ। ਪਰ ਜਡੇਜਾ ਨੇ 195 ਗੇਂਦਾਂ ਖੇਡ ਚੁੱਕੇ ਹਮੀਦ ਨੂੰ 12 ਚੌਕਿਆਂ ਦੀ ਮਦਦ ਨਾਲ ਜੋੜੀਆਂ 68 ਦੌੜਾਂ 'ਤੇ ਆਊਟ ਕਰ ਦਿੱਤਾ।
ਲੰਚ ਬ੍ਰੇਕ ਮਗਰੋਂ ਮਲਾਨ ਤੇ ਜੋ ਰੂਟ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਤੀਜੀ ਵਿਕਟ ਲਈ 139 ਦੌੜਾਂ ਦੀ ਸਾਂਝੇਦਾਰੀ ਕਾਇਮ ਕੀਤੀ। ਮੁਹੰਮਦ ਸਿਰਾਜ ਨੇ ਮਲਾਨ ਨੂੰ ਆਊਟ ਕਰ ਸਾਂਝੇਦਾਰੀ ਦਾ ਅੰਤ ਕੀਤਾ। ਇਸ ਉਪਰੰਤ ਰੂਟ ਦਾ ਸਾਥ ਦੇਣ ਲਈ ਜੌਨੀ ਬੇਅਰਸਟੋ ਆ ਗਏ। ਦੋਵਾਂ ਨੇ ਚੌਥੀ ਵਿਕਟ ਲਈ 52 ਦੌੜਾਂ ਜੋੜੀਆਂ ਪਰ ਸ਼ਮੀ ਨੇ ਬੇਅਰਸਟੋ ਨੂੰ ਆਊਟ ਕਰ ਇੰਗਲੈਂਡ ਨੂੰ ਚੌਥਾ ਝਟਕਾ ਦਿੱਤਾ। ਨਵੇਂ ਬੱਲੇਬਾਜ਼ ਵਜੋਂ ਉੱਤਰੇ ਜੋਸ ਬਟਲਰ ਨੂੰ ਮੁਹੰਮਦ ਸ਼ਮੀ ਨੇ ਸਿਰਫ ਸੱਤ ਦੌੜਾਂ ਦੇ ਸਕੋਰ 'ਤੇ ਹੀ ਪੈਵੇਲੀਅਨ ਭੇਜ ਦਿੱਤਾ।
ਜਸਪ੍ਰੀਤ ਬੁਮਰਾਹ ਨੇ ਬੇਸ਼ੱਕ ਇੱਕ ਵਿਕਟ ਹਾਸਲ ਕੀਤੀ ਪਰ 121 ਦੌੜਾਂ ਬਣਾ ਚੁੱਕੇ ਜੋ ਰੂਟ ਨੂੰ ਆਊਟ ਕਰ ਇੰਗਲੈਂਡ ਨੂੰ ਸਭ ਤੋਂ ਵੱਡਾ ਝਟਕਾ ਦਿੱਤਾ। ਰੂਟ ਤੋਂ ਬਾਅਦ ਜਡੇਜਾ ਨੇ ਮੋਇਨ ਅਲੀ ਨੂੰ ਅੱਠ ਦੌੜਾਂ 'ਤੇ ਆਊਟ ਕੀਤਾ। ਦਿਨ ਦੀ ਖੇਡ ਖ਼ਤਮ ਹੋਣ ਤੋਂ ਕੁਝ ਹੀ ਸਮਾਂ ਪਹਿਲਾਂ ਸਿਰਾਜ ਨੇ ਸੈਮ ਕਰੇਨ ਨੂੰ 15 ਦੌੜਾਂ ਦੇ ਸਕੋਰ 'ਤੇ ਆਊਟ ਕਰ ਲਿਆ।