Punjab Kings: ਪੰਜਾਬ ਕਿੰਗਜ਼ ਨੇ ਰਚਿਆ ਇਤਿਹਾਸ, MI ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਮਾਰੀ ਐਂਟਰੀ
ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ IPL 2025 ਦਾ ਫਾਈਨਲ ਮੈਚ 3 ਜੂਨ ਨੂੰ RCB ਅਤੇ ਪੰਜਾਬ ਕਿੰਗਜ਼ ਦਰਮਿਆਨ ਖੇਡਿਆ ਜਾਵੇਗਾ।

MI vs PBKS Qualifier 2 Highlights IPL 2025: ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਕੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ IPL 2025 ਦਾ ਫਾਈਨਲ ਮੈਚ 3 ਜੂਨ ਨੂੰ RCB ਅਤੇ ਪੰਜਾਬ ਕਿੰਗਜ਼ ਦਰਮਿਆਨ ਖੇਡਿਆ ਜਾਵੇਗਾ। ਇਸ ਮੈਚ ਵਿੱਚ ਮੁੰਬਈ ਨੇ ਪਹਿਲਾਂ ਖੇਡਦਿਆਂ 203 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿੱਚ ਪੰਜਾਬ ਨੇ ਸਿਰਫ਼ 19 ਓਵਰਾਂ ਵਿੱਚ ਹੀ ਟਾਰਗੇਟ ਹਾਸਿਲ ਕਰ ਲਿਆ। ਇਤਿਹਾਸ ਵਿੱਚ ਇਹ ਸਿਰਫ਼ ਦੂਜੀ ਵਾਰ ਹੈ ਕਿ ਪੰਜਾਬ ਕਿੰਗਜ਼ ਫਾਈਨਲ 'ਚ ਪਹੁੰਚੀ ਹੈ। ਸ਼੍ਰੇਅਸ ਅਈਅਰ ਨੇ ਨਾਅਊਟ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਪੰਜਾਬ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ।
ਅਹਿਮਦਾਬਾਦ ਵਿੱਚ ਖੇਡੇ ਗਏ ਇਸ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 204 ਦੌੜਾਂ ਦਾ ਟੀਚਾ ਮਿਲਿਆ ਸੀ। ਇਸ ਦੇ ਜਵਾਬ ਵਿੱਚ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ ਕਿਉਂਕਿ ਪ੍ਰਭਸਿਮਰਨ ਸਿੰਘ ਸਿਰਫ 6 ਦੌੜਾਂ ਬਣਾ ਕੇ ਆਊਟ ਹੋ ਗਿਆ। ਪ੍ਰਿਆਂਸ਼ ਆਰੀਆ ਅਤੇ ਜੋਸ਼ ਇੰਗਲਿਸ਼ ਨੇ ਪਾਰੀ ਨੂੰ ਸੰਭਾਲਣਾ ਸ਼ੁਰੂ ਹੀ ਕੀਤਾ ਸੀ ਕਿ ਪ੍ਰਿਆਂਸ਼ 20 ਦੌੜਾਂ ਦੀ ਕੈਮਿਓ ਪਾਰੀ ਖੇਡ ਕੇ ਆਊਟ ਹੋ ਗਿਆ। ਦੇਖਦੇ ਹੀ ਦੇਖਦੇ ਪੰਜਾਬ ਨੇ 72 ਦੌੜਾਂ ਦੇ ਸਕੋਰ 'ਤੇ 3 ਵਿਕਟਾਂ ਗੁਆ ਦਿੱਤੀਆਂ ਸਨ।
ਨੇਹਲ ਵਾਢੇਰਾ ਅਤੇ ਸ਼੍ਰੇਅਸ ਅਈਅਰ ਨੇ ਪਾਰੀ ਨੂੰ ਸੰਭਾਲਦਿਆਂ 84 ਦੌੜਾਂ ਦੀ ਸ਼ਾਨਦਾਰ ਭਾਗੀਦਾਰੀ ਨਿਭਾਈ। ਵਾਢੇਰਾ ਨੇ 29 ਗੇਂਦਾਂ 'ਤੇ 48 ਦੌੜਾਂ ਬਣਾਈਆਂ। ਕਪਤਾਨ ਸ਼੍ਰੇਅਸ ਅਈਅਰ ਇਕ ਸਿਰੇ 'ਤੇ ਡਟੇ ਰਹੇ ਅਤੇ 41 ਗੇਂਦਾਂ 'ਚ ਨਾਅਊਟ 87 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਪੰਜਾਬ ਦੀ ਇਤਿਹਾਸਕ ਜਿੱਤ ਵਿੱਚ ਵੱਡਾ ਯੋਗਦਾਨ ਪਾਇਆ।
11 ਸਾਲ ਬਾਅਦ ਫਾਈਨਲ 'ਚ ਪੰਜਾਬ
ਪੰਜਾਬ ਕਿੰਗਜ਼ ਨੇ ਹੁਣ ਤੱਕ ਸਿਰਫ ਇੱਕ ਵਾਰੀ IPL ਦਾ ਫਾਈਨਲ ਖੇਡਿਆ ਸੀ, ਜੋ ਕਿ ਸਾਲ 2014 ਵਿੱਚ ਸੀ। ਉਸ ਸੀਜ਼ਨ ਵਿੱਚ KKR ਨੇ ਪੰਜਾਬ ਨੂੰ 3 ਵਿਕਟਾਂ ਨਾਲ ਹਰਾ ਕੇ ਟਰਾਫੀ ਉੱਤੇ ਕਬਜ਼ਾ ਕਰ ਲਿਆ ਸੀ। ਸ਼੍ਰੇਅਸ ਅਈਅਰ ਨੂੰ ਜਾਦੂਗਰ ਕਹੋ ਜਾਂ ਕੁਝ ਹੋਰ, ਉਸ ਨੇ 11 ਸਾਲ ਬਾਅਦ ਪੰਜਾਬ ਦੇ ਫਾਈਨਲ ਖੇਡਣ ਦੇ ਸੁਪਨੇ ਨੂੰ ਪੂਰਾ ਕੀਤਾ ਹੈ। ਦੱਸ ਦਈਏ ਕਿ ਅਈਅਰ ਦਾ ਇਹ ਕਪਤਾਨ ਵਜੋਂ 5 ਸਾਲ ਵਿੱਚ ਤੀਜਾ IPL ਫਾਈਨਲ ਹੋਵੇਗਾ।
ਅਈਅਰ (Shreyas Iyer) ਦੀ ਕਪਤਾਨੀ 'ਚ ਦਿੱਲੀ ਕੈਪੀਟਲਜ਼ ਨੇ 2020 ਦਾ ਫਾਈਨਲ ਖੇਡਿਆ ਸੀ। ਇਸਦੇ ਨਾਲ ਹੀ IPL 2024 ਵਿੱਚ ਵੀ ਉਨ੍ਹਾਂ ਦੀ ਕਪਤਾਨੀ ਹੇਠ KKR ਨੇ ਖਿਤਾਬ ਜਿੱਤਿਆ ਸੀ। ਹੁਣ ਪੰਜਾਬ ਨੂੰ ਫਾਈਨਲ 'ਚ ਪਹੁੰਚਾ ਕੇ ਉਨ੍ਹਾਂ ਨੇ ਇਕ ਹੋਰ ਇਤਿਹਾਸ ਰਚ ਦਿੱਤਾ ਹੈ। IPL 2025 ਦਾ ਫਾਈਨਲ ਹੁਣ 3 ਜੂਨ ਨੂੰ RCB ਅਤੇ ਪੰਜਾਬ ਕਿੰਗਜ਼ ਦਰਮਿਆਨ ਖੇਡਿਆ ਜਾਵੇਗਾ।




















