India vs Australia 1st ODI: ਮੁਹਾਲੀ 'ਚ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਵਨਡੇ ਮੈਚ, ਕੀ ਮੌਸਮ ਪਾਏਗਾ ਰੰਗ 'ਚ ਭੰਗ?
ਦੱਸ ਦਈਏ ਕਿ ਆਸਟ੍ਰੇਲਿਆਈ ਟੀਮ ਵਨਡੇ ਸੀਰੀਜ਼ ਲਈ ਭਾਰਤ ਦੌਰੇ 'ਤੇ ਹੈ। ਅੱਜ ਆਸਟ੍ਰੇਲਿਆਈ ਟੀਮ ਆਪਣਾ ਪਹਿਲਾ ਮੈਚ ਭਾਰਤ ਨਾਲ ਮੁਹਾਲੀ ਵਿੱਚ ਖੇਡੇਗੀ। ਇਸ ਸਬੰਧੀ ਮੁਹਾਲੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।
India vs Australia 1st ODI: ਮੁਹਾਲੀ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਮੈਚ ਖੇਡਿਆ ਜਾਣਾ ਹੈ। ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ ਹੈ। ਮੁਹਾਲੀ 'ਚ ਅੱਜ ਮੌਸਮ ਸਾਫ ਹੋਣ ਵਾਲਾ ਹੈ। ਹਾਸਲ ਜਾਣਕਾਰੀ ਮੁਤਾਬਕ ਅੱਜ ਮੁਹਾਲੀ ਵਿੱਚ ਦਿਨ ਦਾ ਤਾਪਮਾਨ 32 ਡਿਗਰੀ ਰਹਿਣ ਦੀ ਸੰਭਾਵਨਾ ਹੈ ਤੇ ਸ਼ਾਮ ਨੂੰ ਇਹ 36 ਡਿਗਰੀ ਤੱਕ ਜਾ ਸਕਦਾ ਹੈ। ਇੱਥੇ ਮੀਂਹ ਪੈਣ ਦੀ 20 ਫੀਸਦੀ ਸੰਭਾਵਨਾ ਹੈ ਤੇ ਬੱਦਲ ਛਾਏ ਰਹਿਣ ਦੀ ਵੀ ਸੰਭਾਵਨਾ ਹੈ।
ਦੱਸ ਦਈਏ ਕਿ ਆਸਟ੍ਰੇਲਿਆਈ ਟੀਮ ਵਨਡੇ ਸੀਰੀਜ਼ ਲਈ ਭਾਰਤ ਦੌਰੇ 'ਤੇ ਹੈ। ਅੱਜ ਆਸਟ੍ਰੇਲਿਆਈ ਟੀਮ ਆਪਣਾ ਪਹਿਲਾ ਮੈਚ ਭਾਰਤ ਨਾਲ ਮੁਹਾਲੀ ਵਿੱਚ ਖੇਡੇਗੀ। ਇਸ ਸਬੰਧੀ ਮੁਹਾਲੀ ਪੁਲਿਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਰੋਪੜ ਦੇ ਆਈਜੀ ਨੂੰ ਸੁਰੱਖਿਆ ਦਾ ਚਾਰਜ ਦਿੱਤਾ ਗਿਆ ਹੈ, ਜਦੋਂਕਿ ਦੋ ਐਸਐਸਪੀ ਪੱਧਰ ਦੇ ਅਧਿਕਾਰੀ ਵੀ ਤਾਇਨਾਤ ਕੀਤੇ ਗਏ ਹਨ ਜੋ ਸਟੇਡੀਅਮ ਦੇ ਅੰਦਰ ਤੇ ਬਾਹਰ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ।
ਮੁਹਾਲੀ ਦੇ ਏਡੀਜੀਪੀ (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਨੇ ਕਿਹਾ, “ਇਹ ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਇੱਕ ਮਹੱਤਵਪੂਰਨ ਮੈਚ ਹੈ। ਇਸ ਲਈ ਚਾਰ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਆਈਜੀ ਰੋਪੜ ਨੂੰ ਇਸ ਦਾ ਸਮੁੱਚਾ ਇੰਚਾਰਜ ਬਣਾਇਆ ਗਿਆ ਹੈ। ਦੋ ਐਸਐਸਪੀਜ਼ ਨੂੰ ਵੀ ਡਿਊਟੀ ’ਤੇ ਲਾਇਆ ਗਿਆ ਹੈ। ਇੱਕ ਅਧਿਕਾਰੀ ਮੈਚ ਤੇ ਸਟੇਡੀਅਮ ਦੀ ਸੁਰੱਖਿਆ ਦੀ ਦੇਖ ਰੇਖ ਕਰੇਗਾ ਤੇ ਦੂਜਾ ਅਧਿਕਾਰੀ ਸ਼ਹਿਰ ਤੋਂ ਬਾਹਰ ਦੀ ਸੁਰੱਖਿਆ ਦੀ ਦੇਖ ਰੇਖ ਕਰੇਗਾ।
ਮੈਚ 'ਚ 3000 ਜਵਾਨ ਤਾਇਨਾਤ ਹੋਣਗੇ
ਏਡੀਜੀਪੀ ਅਰਪਿਤ ਸ਼ੁਕਲਾ ਨੇ ਅੱਗੇ ਕਿਹਾ, “ਪੂਰੇ ਕ੍ਰਿਕਟ ਮੈਚ ਦੌਰਾਨ 3000 ਮੈਨਪਾਵਰ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ 15 ਦੰਗਾ ਵਿਰੋਧੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਦਰਸ਼ਕਾਂ ਦੀ ਸੁਰੱਖਿਆ ਤੇ ਸਹੂਲਤ ਲਈ 8 ਪਾਰਕਿੰਗ ਸਲਾਟ ਬਣਾਏ ਗਏ ਹਨ। ਅਸੀਂ ਪੀਸੀਏ ਨੂੰ ਦਰਸ਼ਕਾਂ ਦੀ ਸਹੂਲਤ ਲਈ ਪਲੇਕਾਰਡ ਤੇ ਬੋਰਡ ਲਗਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਉਨ੍ਹਾਂ ਨੂੰ ਸਟੇਡੀਅਮ ਵਿੱਚ ਦਾਖਲ ਹੋਣ ਵਿੱਚ ਕੋਈ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਡਾਇਵਰਸ਼ਨ ਕੀਤਾ ਗਿਆ ਹੈ।
ਪ੍ਰਦਰਸ਼ਨਕਾਰੀਆਂ ਨਾਲ ਇੰਝ ਨਜਿੱਠੇਗੀ ਪੁਲਿਸ
ਸੀਨੀਅਰ ਪੁਲਿਸ ਅਧਿਕਾਰੀ ਅਰਪਿਤ ਸ਼ੁਕਲਾ ਨੇ ਅੱਗੇ ਕਿਹਾ ਕਿ ਸਾਡੀ ਪੁਲਿਸ ਫੋਰਸ ਸਵੇਰ ਤੋਂ ਲੈ ਕੇ ਰਾਤ ਤੱਕ ਸੁਰੱਖਿਆ ਨੂੰ ਯਕੀਨੀ ਬਣਾਏਗੀ ਤਾਂ ਜੋ ਮੈਚ ਸ਼ਾਂਤੀਪੂਰਵਕ ਕਰਵਾਏ ਜਾ ਸਕਣ। ਅਧਿਕਾਰੀ ਨੇ ਅੱਗੇ ਕਿਹਾ, “ਮੈਂ ਵੱਖ-ਵੱਖ ਥਾਵਾਂ 'ਤੇ ਤਾਇਨਾਤ ਅਧਿਕਾਰੀਆਂ ਨਾਲ ਬ੍ਰੀਫਿੰਗ ਕੀਤੀ ਹੈ ਤਾਂ ਜੋ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਹੋ ਸਕਣ। ਇਸ ਦੇ ਨਾਲ ਹੀ ਜੇਕਰ ਕੋਈ ਵਿਰੋਧ ਕਰਨ ਲਈ ਆਉਂਦਾ ਹੈ ਤਾਂ ਉਸ ਨੂੰ ਰੋਕਣ ਅਤੇ ਗੱਲਬਾਤ ਕਰਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।