India Schedule, Tokyo Olympic 2020: ਹਾਕੀ 'ਚ ਮੁੰਡਿਆਂ ਨੇ ਤਾਂ ਕਰ ਵਿਖਾਇਆ, ਭਲਕੇ ਕੁੜੀਆਂ ਵੀ ਕਰਨਗੀਆਂ ਕਮਾਲ
India Schedule, Tokyo Olympic 2020 Matches List: ਹਾਕੀ ਪੂਲ ਏ ਦੇ ਸ਼ੁਰੂਆਤੀ ਮੈਚਾਂ ਦੌਰਾਨ ਇੰਗਲੈਂਡ ਨੇ ਭਾਰਤ ਨੂੰ 4-1 ਗੋਲਾਂ ਨਾਲ ਮਾਤ ਦੇ ਦਿੱਤੀ ਸੀ। ਪਰ ਭਲਕੇ ਪਹਿਲਵਾਨੀ ਦੇ ਵੀ ਅਹਿਮ ਮੁਕਾਬਲੇ ਹੋਣ ਜਾ ਰਹੇ ਹਨ।
India Schedule, Tokyo Olympic 2020: ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਅੱਜ ਜਰਮਨੀ ਨੂੰ 5-4 ਗੋਲਾਂ ਨਾਲ ਮਾਤ ਦੇ ਕੇ ਕਾਂਸੇ ਦਾ ਤਗ਼ਮਾ ਆਪਣੇ ਨਾਂਅ ਕਰ ਲਿਆ ਹੈ, ਹੁਣ ਇਹੋ ਉਮੀਦ ਕੁੜੀਆਂ ਦੀ ਟੀਮ ਤੋਂ ਵੀ ਕੀਤੀ ਜਾ ਰਹੀ ਹੈ। ਮਹਿਲਾ ਹਾਕੀ ਟੀਮ ਭਲਕੇ ਯਾਨੀ ਟੋਕੀਓ ਓਲੰਪਿਕ ਖੇਡਾਂ ਦੇ 14ਵੇਂ ਦਿਨ ਗ੍ਰੇਟ ਬ੍ਰਿਟੇਨ ਦੀ ਟੀਮ ਨਾਲ ਭਿੜੇਗੀ।
ਹਾਕੀ ਦਾ ਇਹ ਰੁਮਾਂਚਕ ਮੈਚ ਭਾਰਤੀ ਸਮੇਂ ਮੁਤਾਬਕ ਸਵੇਰੇ ਸੱਤ ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਭਾਰਤੀ ਮੁਟਿਆਰਾਂ ਦਾ ਓਲੰਪਿਕ ਵਿੱਚ ਆਗ਼ਾਜ਼ ਕੁਝ ਵਧੀਆ ਨਹੀਂ ਸੀ ਰਿਹਾ ਪਰ ਫਿਰ ਕੁੜੀਆਂ ਨੇ ਅਜਿਹੀ ਰਫ਼ਤਾਰ ਫੜੀ ਕਿ ਪੂਲ ਏ ਵਿੱਚੋਂ ਆਇਰਲੈਂਡ, ਦੱਖਣੀ ਅਫਰੀਕਾ ਨੂੰ ਮਾਤ ਦੇ ਕੇ ਕੁਆਟਰਫਾਈਨਲ ਵਿੱਚ ਪਹੁੰਚੀ ਸੀ। ਕੁਆਟਰਫਾਈਨਲ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਵੀ ਭਾਰਤੀ ਮਹਿਲਾ ਹਾਕੀ ਟੀਮ ਨੇ ਦਾਖ਼ਲਾ ਤਾਂ ਲੈ ਲਿਆ ਸੀ ਪਰ ਇੱਥੇ ਅਰਜਨਟੀਨਾ ਹੱਥੋਂ ਹਾਰ ਗਈ। ਇਸ ਲਈ ਹੁਣ ਕਾਂਸੇ ਦੇ ਤਗ਼ਮੇ ਲਈ ਭਾਰਤੀ ਟੀਮ ਗ੍ਰੇਟ ਬ੍ਰਿਟੇਨ ਨਾਲ ਮੁਕਾਬਲਾ ਕਰੇਗੀ।
ਯਾਦ ਰਹੇ ਪੂਲ ਏ ਦੇ ਸ਼ੁਰੂਆਤੀ ਮੈਚਾਂ ਦੌਰਾਨ ਇੰਗਲੈਂਡ ਨੇ ਭਾਰਤ ਨੂੰ 4-1 ਗੋਲਾਂ ਨਾਲ ਮਾਤ ਦੇ ਦਿੱਤੀ ਸੀ। ਪਰ ਦੇਸ਼ ਦੇ ਹਾਕੀ ਪ੍ਰੇਮੀਆਂ ਨੂੰ ਆਸ ਹੈ ਭਾਰਤੀ ਮੁਟਿਆਰਾਂ ਵੀ ਗੱਭਰੂਆਂ ਵਾਂਗ ਤਕੜੇ ਵਿਰੋਧੀ ਨੂੰ ਹਰਾ ਕੇ ਦੇਸ਼ ਨੂੰ ਮੈਡਲ ਜ਼ਰੂਰ ਦਿਵਾਉਣ। ਹਾਕੀ ਤੋਂ ਇਲਾਵਾ ਭਲਕੇ ਹੇਠ ਦਿੱਤੀਆਂ ਖੇਡਾਂ ਦਾ ਸਮਾਂ (ਭਾਰਤੀ ਸਮੇਂ ਮੁਤਾਬਕ) ਕੁਝ ਇਸ ਤਰ੍ਹਾਂ ਹੈ-
- ਰਾਤ 2 ਵਜੇ- ਅਥਲੈਟਿਕਸ, 50 ਕਿਲੋਮੀਟਰ ਚਾਲ (ਪੁਰਸ਼) - ਗੁਰਪ੍ਰੀਤ ਸਿੰਘ
- ਸਵੇਰੇ 4 ਵਜੇ- ਗੌਲਫ਼ ਰਾਊਂਡ 3 - ਦਿਕਸ਼ਾ ਡਾਗਰ
- ਸਵੇਰੇ ਸਾਢੇ ਛੇ ਵਜੇ- ਬੀਚ ਵਾਲੀਬਾਲ ਫਾਈਨਲ (ਮਹਿਲਾਵਾਂ) - ਸਵਿਟਜ਼ਰਲੈਂਡ ਬਨਾਮ ਲਤਾਵੀਆ
- ਦੁਪਹਿਰ 1 ਵਜੇ - 20 ਕਿਲੋਮੀਟਰ ਚਾਲ (ਮਹਿਲਾ) - ਭਾਵਨਾ ਜਾਟ
ਇਸ ਤੋਂ ਇਲਾਵਾ ਪਹਿਲਾਵਾਨੀ ਦੀ ਫਰੀਸਟਾਈਲ ਸ਼ੈਲੀ ਦੇ 65 ਕਿਲੋ ਭਾਰ ਵਰਗ ਵਿੱਚ ਭਾਰਤ ਦਾ ਬਜਰੰਗ ਪੂਨੀਆ ਕਿਰਗਿਸਤਾਨੀ ਭਲਵਾਨ ਈ. ਅਕਮਤੇਲੀਵ ਨਾਲ ਭਿੜੇਗਾ। ਮਹਿਲਾਵਾਂ ਦੇ 50 ਕਿਲੋ ਭਾਰ ਵਰਗ ਵਿੱਚ ਸੀਮਾ ਬਿਸਲਾ ਟੁਇਨੀਸ਼ੀਆ ਦੀ ਐਸ. ਹਮਦੀ ਨਾਲ ਮੁਕਾਬਲਾ ਕਰੇਗੀ। ਪਹਿਲਵਾਨੀ ਮੁਕਾਬਲਿਆਂ ਦਾ ਸਮਾਂ ਹਾਲੇ ਤੈਅ ਨਹੀਂ ਹੈ।