ਓਲੰਪਿਕ ਚੈਂਪੀਅਨ ਦੀ ਭਿਆਨਕ ਹਾਦਸੇ 'ਚ ਮੌਤ, ਖੇਡ ਜਗਤ 'ਚ ਮਚੀ ਸਨਸਨੀ, ਪ੍ਰਸ਼ੰਸਕਾਂ 'ਚ ਸਹਿਮ ਦਾ ਮਾਹੌਲ
ਓਲੰਪਿਕ ਚੈਂਪੀਅਨ ਲੌਰਾ ਡਾਲਮਾਇਰ ਦੀ ਪਾਕਿਸਤਾਨ ਵਿੱਚ ਪਹਾੜ 'ਤੇ ਚੜ੍ਹਾਈ ਕਰਨ ਵੇਲੇ ਮੌਤ ਹੋ ਗਈ। ਇਹ ਭਿਆਨਕ ਹਾਦਸਾ ਉਸ ਵੇਲੇ ਵਾਪਰਿਆ, ਜਦੋਂ ਉਹ ਲਾਈਲਾ ਪੀਕ 'ਤੇ ਚੜ੍ਹਾਈ ਵੇਲੇ ਡਿੱਗ ਰਹੀਆਂ ਚੱਟਾਨਾਂ ਦੀ ਲਪੇਟ ਵਿੱਚ ਆ ਗਈ।

ਜਰਮਨੀ ਦੀ ਦਿੱਗਜ ਬਾਇਥਲੋਨ ਖਿਡਾਰੀ ਅਤੇ ਦੋ ਵਾਰ ਦੀ ਓਲੰਪਿਕ ਸੋਨ ਤਮਗਾ ਜੇਤੂ ਲੌਰਾ ਡਾਲਮਾਇਰ ਦੀ ਪਾਕਿਸਤਾਨ ਵਿੱਚ ਇੱਕ ਪਹਾੜ 'ਤੇ ਚੜ੍ਹਨ ਦੌਰਾਨ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਲਾਈਲਾ ਪੀਕ (6,096 ਮੀਟਰ) 'ਤੇ ਚੜ੍ਹਨ ਦੌਰਾਨ ਵਾਪਰਿਆ, ਜਦੋਂ ਉਹ ਡਿੱਗਦੀਆਂ ਚੱਟਾਨਾਂ ਦੀ ਲਪੇਟ ਵਿੱਚ ਆ ਗਈ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਹਾਦਸੇ ਦੀ ਪੁਸ਼ਟੀ ਸਥਾਨਕ ਪ੍ਰਸ਼ਾਸਨ ਅਤੇ ਜਰਮਨੀ ਵਿੱਚ ਉਨ੍ਹਾਂ ਦੀ ਪ੍ਰਬੰਧਨ ਟੀਮ ਨੇ ਕੀਤੀ ਹੈ।
ਗਿਲਗਿਤ-ਬਾਲਟਿਸਤਾਨ ਸਰਕਾਰ ਦੇ ਬੁਲਾਰੇ ਫੈਜ਼ੁੱਲਾ ਫਰਾਕ ਨੇ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਡਾਲਮਾਇਰ ਦੀ ਲਾਸ਼ ਇਸ ਸਮੇਂ ਪਹਾੜ 'ਤੇ ਹੀ ਹੈ, ਇਸਨੂੰ ਸਕਰਦੂ ਸ਼ਹਿਰ ਲਿਆਉਣ ਦੀ ਪ੍ਰਕਿਰਿਆ ਜਾਰੀ ਹੈ।
ਲੌਰਾ ਦੀ ਸਾਥੀ ਪਹਾੜ ‘ਤੇ ਚੜ੍ਹਾਈ ਕਰ ਰਹੀ ਮਰੀਨਾ ਈਵਾ, ਜੋ ਕਿ ਇਸ ਹਾਦਸੇ ਵਿੱਚ ਬਚ ਗਈ। ਘਟਨਾ ਦੌਰਾਨ, ਉਸ ਨੇ ਇੱਕ ਐਮਰਜੈਂਸੀ ਸਿਗਨਲ ਭੇਜਿਆ, ਜਿਸ ਤੋਂ ਬਾਅਦ ਉਸਨੂੰ ਮੰਗਲਵਾਰ ਨੂੰ ਬੇਸ ਕੈਂਪ ਵਿੱਚ ਸੁਰੱਖਿਅਤ ਹੇਠਾਂ ਲਿਆਂਦਾ ਗਿਆ।
5,700 ਮੀਟਰ ਦੀ ਉਚਾਈ 'ਤੇ ਵਾਪਰਿਆ ਹਾਦਸਾ
ਡਾਲਮਾਇਰ ਦੀ ਜਰਮਨ ਪ੍ਰਬੰਧਨ ਟੀਮ ਦੇ ਅਨੁਸਾਰ, ਇਹ ਹਾਦਸਾ ਲਗਭਗ 5,700 ਮੀਟਰ ਦੀ ਉਚਾਈ 'ਤੇ ਵਾਪਰਿਆ ਜਦੋਂ ਉਹ ਦੋਵੇਂ ਪਹਾੜ 'ਤੇ ਚੜ੍ਹ ਰਹੇ ਸਨ। ਅਚਾਨਕ ਚੱਟਾਨਾਂ ਡਿੱਗਣ ਲੱਗੀਆਂ ਅਤੇ ਲੌਰਾ ਉਸ ਵਿੱਚ ਫਸ ਗਈ। ਜਰਮਨ ਪ੍ਰਸਾਰਣ ਸੰਗਠਨ ZDF ਨੇ ਕਿਹਾ ਕਿ ਹਾਦਸੇ ਵਿੱਚ ਉਸ ਨੂੰ ਖਤਰਨਾਕ ਸੱਟਾਂ ਲੱਗੀਆਂ।
ਲੌਰਾ ਡਾਲਮਾਇਰ ਨੇ 2019 ਵਿੱਚ ਬਾਇਥਲੋਨ ਤੋਂ ਸੰਨਿਆਸ ਲੈ ਲਿਆ ਸੀ। ਉਹ ਦੋ ਵਾਰ ਓਲੰਪਿਕ ਤਮਗਾ ਜੇਤੂ (1 ਸੋਨ, 1 ਕਾਂਸੀ) ਅਤੇ ਸੱਤ ਵਾਰ ਵਿਸ਼ਵ ਚੈਂਪੀਅਨ ਬਣ ਚੁੱਕੀ ਹੈ। ਖੇਡ ਤੋਂ ਸੰਨਿਆਸ ਲੈਣ ਤੋਂ ਬਾਅਦ, ਉਸ ਨੇ ਪਰਬਤਾਰੋਹ ਨੂੰ ਆਪਣਾ ਜਨੂੰਨ ਬਣਾ ਲਿਆ ਸੀ ਅਤੇ ਅਕਸਰ ਪਹਾੜੀ ਮੁਹਿੰਮਾਂ ਅਤੇ ਵਾਤਾਵਰਣ ਜਾਗਰੂਕਤਾ ਨਾਲ ਸਬੰਧਤ ਆਪਣੇ ਅਨੁਭਵ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















