India vs West Indies : ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਕਦੋਂ ਤੇ ਕਿੱਥੇ ਹੋਵੇਗਾ ਪੜ੍ਹੋ ਪੂਰੀ ਖ਼ਬਰ
T-20 series ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਅਮਰੀਕਾ ਦੇ ਫਲੋਰੀਡਾ ਸ਼ਹਿਰ 'ਚ ਖੇਡਿਆ ਜਾਵੇਗਾ। ਇਹ ਮੈਚ,,,,,
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਸੀਰੀਜ਼ ਦਾ ਚੌਥਾ ਮੈਚ ਅੱਜ ਅਮਰੀਕਾ ਦੇ ਫਲੋਰੀਡਾ ਸ਼ਹਿਰ 'ਚ ਖੇਡਿਆ ਜਾਵੇਗਾ। ਇਹ ਮੈਚ ਲੌਡਰਹਿਲ ਕ੍ਰਿਕਟ ਮੈਦਾਨ 'ਚ ਸ਼ਾਮ 8:00 ਵਜੇ ਸ਼ੁਰੂ ਹੋਵੇਗਾ ਤੇ ਟਾਸ ਸ਼ਾਮ 7:30 ਵਜੇ ਹੋਵੇਗੀ। ਵੈਸਟਇੰਡੀਜ਼ 5 ਟੀ-20 ਸੀਰੀਜ਼ 'ਚ 2-1 ਨਾਲ ਅੱਗੇ ਹੈ। ਭਾਰਤ 'ਤੇ ਸੀਰੀਜ਼ ਹਾਰਨ ਦਾ ਖ਼ਤਰਾ ਹੈ, ਟੀਮ ਨੂੰ ਸੀਰੀਜ਼ 'ਚ ਬਣੇ ਰਹਿਣ ਲਈ ਅੱਜ ਦਾ ਮੈਚ ਜਿੱਤਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਨੇ ਤੀਜੇ ਟੀ-20 ਵਿੱਚ ਯਸ਼ਸਵੀ ਜੈਸਵਾਲ ਨੂੰ ਮੌਕਾ ਦਿੱਤਾ ਸੀ। ਉਹ ਈਸ਼ਾਨ ਕਿਸ਼ਨ ਦੀ ਜਗ੍ਹਾ ਤੇ ਖੇਡਿਆ, ਪਰ ਸਿਰਫ਼ ਇੱਕ ਦੌੜ ਬਣਾ ਕੇ ਆਊਟ ਹੋ ਗਿਆ। ਉਸ ਨੂੰ ਅੱਜ ਦੇ ਮੈਚ ਵਿੱਚ ਵੀ ਮੌਕਾ ਮਿਲ ਸਕਦਾ ਹੈ। ਤਿਲਕ ਵਰਮਾ ਨੇ ਵੀ ਸੀਰੀਜ਼ 'ਚ ਭਾਰਤ ਲਈ ਤਿੰਨਾਂ ਮੈਚਾਂ 'ਚ ਚੰਗਾ ਪ੍ਰਦਰਸ਼ਨ ਕੀਤਾ। ਉਸਨੇ 39, 51 ਅਤੇ 49 ਦੌੜਾਂ ਦੀ ਪਾਰੀ ਖੇਡੀ। ਆਈਸੀਸੀ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ 'ਚ ਪਹਿਲੇ ਨੰਬਰ 'ਤੇ ਰਹੇ ਸੂਰਿਆ ਕੁਮਾਰ ਯਾਦਵ ਨੇ ਤੀਜੇ ਟੀ-20 'ਚ 83 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ। ਹਾਰਦਿਕ ਪਾਂਡੇ, ਕੁਲਦੀਪ ਯਾਦਵ ਅਤੇ ਯੁਜਵਿੰਦਰ ਚਾਹਲ ਨੇ ਗੇਂਦਬਾਜ਼ੀ 'ਚ 4-4 ਵਿਕਟਾਂ ਲਈਆਂ ਹਨ। ਤਿੰਨੇ ਗੇਂਦਬਾਜ਼ੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲਣਗੇ।
ਵੈਸਟਇੰਡੀਜ਼ ਨੇ ਤੀਜੇ ਟੀ-20 ਵਿੱਚ ਜੇਸਨ ਹੋਲਡਰ ਦੀ ਥਾਂ ਤੇ ਰੋਸਟਨ ਚੇਜ਼ ਨੂੰ ਮੌਕਾ ਦਿੱਤਾ ਹੈ। ਹੋਲਡਰ ਜ਼ਖਮੀ ਹੋ ਗਿਆ ਸੀ, ਜੇਕਰ ਉਹ ਫਿੱਟ ਹੋਇਆ ਤਾਂ ਉਹ ਪਲੇਇੰਗ-11 'ਚ ਵਾਪਸੀ ਕਰ ਸਕਦਾ ਹੈ। ਇਸ ਤੋਂ ਇਲਾਵਾ ਟੀਮ ਹੋਰ ਕੋਈ ਬਦਲਾਅ ਨਹੀਂ ਕਰਨਾ ਚਾਹੁੰਦੀ।
ਇਸਤੋਂ ਇਲਾਵਾ 2024 ਦਾ ਟੀ-20 ਵਿਸ਼ਵ ਕੱਪ ਅਮਰੀਕਾ ਵਿੱਚ ਹੋਵੇਗਾ। ਮੈਚ ਦੇਸ਼ ਦੇ ਫਲੋਰਿਡਾ ਸਥਿਤ ਸਟੇਡੀਅਮ 'ਚ ਵੀ ਹੋਣੇ ਹਨ, ਜਿੱਥੇ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਟੀ-20 ਸੀਰੀਜ਼ ਦੇ ਆਖਰੀ 2 ਮੈਚ ਹੋਣਗੇ। ਇਸਤੋਂ ਪਹਿਲਾਂ ਫਲੋਰਿਡਾ ਵਿੱਚ ਦੋਵਾਂ ਟੀਮਾਂ ਵਿਚਾਲੇ 6 ਟੀ-20 ਖੇਡੇ ਗਏ ਹਨ, ਜਿਸ ਵਿੱਚ ਭਾਰਤ ਨੇ 4 ਅਤੇ ਵੈਸਟਇੰਡੀਜ਼ ਨੇ ਸਿਰਫ਼ ਇੱਕ ਮੈਚ ਹੀ ਜਿੱਤਿਆ ।
ਭਾਰਤ ਜਿਸ ਮੈਚ ਵਿੱਚ ਹਾਰਿਆ ਸੀ ਉਹ 2016 ਵਿੱਚ ਖੇਡਿਆ ਗਿਆ ਸੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ ਨੇ 245 ਦੌੜਾਂ ਬਣਾਈਆਂ, ਜਵਾਬ ਵਿੱਚ ਭਾਰਤ ਵੱਲੋਂ ਕੇ ਐਲ ਰਾਹੁਲ ਨੇ ਸੈਂਕੜਾ ਜੜਿਆ। ਟੀਮ ਨੂੰ ਆਖਰੀ ਗੇਂਦ 'ਤੇ 2 ਦੌੜਾਂ ਦੀ ਲੋੜ ਸੀ ਪਰ ਆਖਰੀ ਗੇਂਦ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਕੈਚ ਆਊਟ ਹੋ ਗਿਆ ਅਤੇ ਟੀਮ ਇੰਡੀਆ ਇਕ ਦੌੜ ਨਾਲ ਮੈਚ ਹਾਰ ਗਈ।
ਦੱਸ ਦਈਏ ਫਲੋਰਿਡਾ ਦੀ ਪਿੱਚ ਨੂੰ ਹਾਈ ਸਕੋਰਿੰਗ ਮੰਨਿਆ ਜਾਂਦਾ ਸੀ ਪਰ ਕੁਝ ਸਮੇਂ ਤੋਂ ਇਸ ਮੈਦਾਨ 'ਤੇ ਸਪਿਨਰਾਂ ਅਤੇ ਤੇਜ਼ ਗੇਂਦਬਾਜ਼ਾਂ ਨੂੰ ਵੀ ਮਦਦ ਮਿਲਣੀ ਸ਼ੁਰੂ ਹੋ ਗਈ ਹੈ। ਇੱਥੇ ਹੁਣ ਤੱਕ ਖੇਡੇ ਗਏ 14 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚੋਂ 11 ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਜਿੱਤ ਦਰਜ ਕੀਤੀ ਹੈ।