Uses Of AI for Animals: ਵਿਗਿਆਨ ਦਾ ਕਮਾਲ! ਹੁਣ ਕਿਸਾਨ ਸਮਝ ਸਕੇਗਾ ਮੱਝਾਂ-ਗਾਵਾਂ ਦੀ ਭਾਸ਼ਾ, AI ਨਾਲ ਡੇਅਰੀ ਫਾਰਮਿੰਗ 'ਚ ਆਏਗੀ ਕ੍ਰਾਂਤੀ
Uses Of AI for Animals: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਮਨੁੱਖੀ ਜੀਵਾਨ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ। ਬੇਸ਼ੱਕ ਬਿਜਨੈਸ ਵਿੱਚ ਇਸ ਦੇ ਇਸਤੇਮਾਲ ਬਾਰੇ ਖੂਬ ਚਰਚਾ ਹੋ ਰਹੀ ਹੈ ਪਰ ਖੇਤੀਬਾੜੀ ਅੰਦਰ ਇਸ ਦੀ ਵਰਤੋਂ ਬਾਰੇ

Uses Of AI for Animals: ਆਰਟੀਫੀਸ਼ੀਅਲ ਇੰਟੈਲੀਜੈਂਸ (AI) ਮਨੁੱਖੀ ਜੀਵਾਨ ਨੂੰ ਪੂਰੀ ਤਰ੍ਹਾਂ ਬਦਲ ਦੇਵੇਗੀ। ਬੇਸ਼ੱਕ ਬਿਜਨੈਸ ਵਿੱਚ ਇਸ ਦੇ ਇਸਤੇਮਾਲ ਬਾਰੇ ਖੂਬ ਚਰਚਾ ਹੋ ਰਹੀ ਹੈ ਪਰ ਖੇਤੀਬਾੜੀ ਅੰਦਰ ਇਸ ਦੀ ਵਰਤੋਂ ਬਾਰੇ ਅਜੇ ਬਹੁਤ ਘੱਟ ਚਰਚਾ ਹੋਈ ਹੈ। ਹੁਣ ਵਿਗਿਆਨੀਆਂ ਨੇ ਤਾਜ਼ਾ ਖੋਜ ਕੀਤੀ ਹੈ ਜਿਸ ਨਾਲ ਡੇਅਰੀ ਫਾਰਮਿੰਗ ਵਿੱਚ ਨਵੀਂ ਕ੍ਰਾਂਤੀ ਆਏਗੀ। ਇਸ ਨਾਲ ਕਿਸਾਨ ਜਾਨਵਰਾਂ ਦੇ ਮਨ ਦੀ ਗੱਲ ਜਾਣ ਸਕਣਗੇ। ਜਾਨਵਰਾਂ ਨੂੰ ਕਦੋਂ ਭੁੱਖ-ਪਿਆਸ ਲੱਗੀ ਹੈ ਜਾਂ ਫਿਰ ਉਨ੍ਹਾਂ ਨੂੰ ਕੋਈ ਤਕਲੀਫ ਤਾਂ ਨਹੀਂ, ਇਹ ਜਾਣਕਾਰੀ ਕਿਸਾਨ ਨੂੰ ਮਿਲ ਸਕੇਗੀ।
ਦਰਅਸਲ ਖੋਜਕਰਤਾਵਾਂ ਨੇ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਕਰਕੇ ਜਾਨਵਰਾਂ ਦੇ ਚਿਹਰੇ ਦੇ ਹਾਵ-ਭਾਵ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਉਨ੍ਹਾਂ ਦੀਆਂ ਭਾਵਨਾਵਾਂ ਤੇ ਦਰਦ ਨੂੰ ਪਛਾਣਿਆ ਜਾ ਸਕੇ। ਇੱਕ ਰਿਪੋਰਟ ਅਨੁਸਾਰ ਕਈ ਖੋਜ ਸਮੂਹ ਹੁਣ ਜਾਨਵਰਾਂ ਖਾਸ ਕਰਕੇ ਖੇਤੀ ਵਿੱਚ ਸ਼ਾਮਲ ਜਾਨਵਰਾਂ ਵਿੱਚ ਭਾਵਨਾਵਾਂ ਤੇ ਪ੍ਰੇਸ਼ਾਨੀ ਦੇ ਸੰਕੇਤਾਂ ਦਾ ਵਿਸ਼ਲੇਸ਼ਣ ਕਰਨ ਲਈ ਕੰਪਿਊਟਰ ਵਿਜ਼ਨ ਵਾਲੇ ਏਆਈ ਮਾਡਲਾਂ ਦੀ ਵਰਤੋਂ ਕਰ ਰਹੇ ਹਨ। ਇਹ ਤਕਨਾਲੋਜੀ ਦੇ ਕੁਝ ਸੰਭਾਵੀ ਉਪਯੋਗਾਂ ਵਿੱਚੋਂ ਇੱਕ ਹੈ ਤੇ ਜੇਕਰ ਕਾਫ਼ੀ ਉੱਚ-ਗੁਣਵੱਤਾ ਵਾਲੇ ਡੇਟਾ ਨਾਲ ਸਿਖਲਾਈ ਦਿੱਤੀ ਜਾਵੇ ਤਾਂ ਇੱਕ ਵੱਡਾ ਭਾਸ਼ਾ ਮਾਡਲ ਅਸਲ-ਸਮੇਂ ਵਿੱਚ ਪਛਾਣ ਕਰ ਸਕਦਾ ਹੈ ਕਿ ਕੀ ਕਿਸੇ ਜਾਨਵਰ ਨੂੰ ਮਦਦ ਦੀ ਲੋੜ ਹੈ।
TAI ਦੀ ਵਰਤੋਂ ਕਰਕੇ ਜਾਨਵਰਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼
Science.org ਦੀ ਇੱਕ ਰਿਪੋਰਟ ਅਨੁਸਾਰ ਬਹੁਤ ਸਾਰੇ ਖੋਜਕਰਤਾ ਇਸ ਗੱਲ ਦਾ ਅਧਿਐਨ ਕਰ ਰਹੇ ਹਨ ਕਿ ਕੀ AI ਦੀ ਵਰਤੋਂ ਫਾਰਮਾਂ ਵਿੱਚ ਜਾਨਵਰਾਂ ਦੀ ਤੰਦਰੁਸਤੀ ਦੀ ਭਰੋਸੇਯੋਗਤਾ ਨਾਲ ਨਿਗਰਾਨੀ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਦਿਸ਼ਾ ਵਿੱਚ "ਇੰਟੈਲੀਪਿਗ" ਨਾਮਕ ਇੱਕ ਪ੍ਰਣਾਲੀ ਵਿਕਸਤ ਕੀਤੀ ਗਈ ਹੈ, ਜਿਸ ਨੂੰ ਯੂਨੀਵਰਸਿਟੀ ਆਫ਼ ਦ ਵੈਸਟ ਆਫ਼ ਇੰਗਲੈਂਡ ਬ੍ਰਿਸਟਲ (UWE) ਤੇ ਰੂਰਲ ਕਾਲਜ ਆਫ਼ ਸਕਾਟਲੈਂਡ (SRUC) ਦੇ ਖੋਜਕਰਤਾਵਾਂ ਦੁਆਰਾ ਬਣਾਇਆ ਗਿਆ ਹੈ। ਇਹ ਪ੍ਰੋਜੈਕਟ ਇਸ ਵੇਲੇ ਆਪਣੇ ਬੀਟਾ ਟੈਸਟਿੰਗ ਪੜਾਅ ਵਿੱਚ ਹੈ।
ਏਆਈ-ਅਧਾਰਤ ਇੰਟੈਲੀਪਿਗ ਸਿਸਟਮ ਕਿਵੇਂ ਕੰਮ ਕਰਦਾ?
ਖੋਜਕਰਤਾਵਾਂ ਨੇ ਇਸ ਪ੍ਰਣਾਲੀ ਨੂੰ ਫਾਰਮਾਂ 'ਤੇ ਲਾਗੂ ਕੀਤਾ ਹੈ ਤੇ ਇਸ ਰਾਹੀਂ ਸੈਂਕੜੇ ਸੂਰਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਰਿਪੋਰਟ ਅਨੁਸਾਰ ਹਰ ਸਵੇਰੇ ਹਰੇਕ ਸੂਰ ਦੀ ਤਸਵੀਰ ਲਈ ਜਾਂਦੀ ਹੈ, ਫਿਰ ਏਆਈ ਦੀ ਵਰਤੋਂ ਕਰਕੇ ਉਨ੍ਹਾਂ ਦੀ ਪਛਾਣ ਕੀਤੀ ਜਾਂਦੀ ਹੈ ਤੇ ਹਰੇਕ ਸੂਰ ਨੂੰ ਖਾਸ ਭੋਜਨ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ, ਏਆਈ ਇਨ੍ਹਾਂ ਜਾਨਵਰਾਂ ਦੇ ਚਿਹਰੇ ਦੇ ਹਾਵ-ਭਾਵ ਦੀ ਡੂੰਘਾਈ ਨਾਲ ਜਾਂਚ ਕਰਦਾ ਹੈ ਤਾਂ ਜੋ ਇਹ ਪਛਾਣਿਆ ਜਾ ਸਕੇ ਕਿ ਕੀ ਦਰਦ ਜਾਂ ਤਣਾਅ ਦੇ ਕੋਈ ਸੰਕੇਤ ਹਨ।
ਜੇਕਰ AI ਨੂੰ ਕੋਈ ਅਸਾਧਾਰਨ ਲੱਛਣ ਦਿਖਾਈ ਦਿੰਦੇ ਹਨ, ਤਾਂ ਇਹ ਤੁਰੰਤ ਕਿਸਾਨ ਨੂੰ ਇੱਕ ਚੇਤਾਵਨੀ ਭੇਜਦਾ ਹੈ, ਜਿਸ ਨਾਲ ਕਿਸਾਨ ਖੁਦ ਸਥਿਤੀ ਦਾ ਮੁਲਾਂਕਣ ਕਰ ਸਕਦਾ ਹੈ ਤੇ ਲੋੜ ਪੈਣ 'ਤੇ ਢੁਕਵੀਂ ਕਾਰਵਾਈ ਕਰ ਸਕਦਾ ਹੈ। ਖੋਜਕਰਤਾਵਾਂ ਦਾ ਦਾਅਵਾ ਹੈ ਕਿ ਭਵਿੱਖ ਵਿੱਚ ਇਹ ਪ੍ਰਣਾਲੀ ਜਾਨਵਰਾਂ ਦੀਆਂ ਭਾਵਨਾਵਾਂ ਦਾ ਵਿਸ਼ਲੇਸ਼ਣ ਕਰਨ ਦੇ ਯੋਗ ਵੀ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਜਾਨਵਰਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲੇਗੀ।
ਕੀ ਜਾਨਵਰਾਂ ਦੀ ਸਥਿਤੀ ਦਾ ਪਤਾ ਉਨ੍ਹਾਂ ਦੇ ਹਾਵ-ਭਾਵਾਂ ਰਾਹੀਂ ਲਗਾਉਣਾ ਨਵਾਂ?
ਜਾਨਵਰਾਂ ਦੇ ਚਿਹਰੇ ਦੇ ਹਾਵ-ਭਾਵ ਤੇ ਵਿਵਹਾਰ ਦੇ ਆਧਾਰ 'ਤੇ ਉਨ੍ਹਾਂ ਦੀ ਸਿਹਤ ਦਾ ਮੁਲਾਂਕਣ ਕਰਨਾ ਕੋਈ ਨਵੀਂ ਗੱਲ ਨਹੀਂ। ਇਸ ਵਿਸ਼ੇ 'ਤੇ ਪਹਿਲਾਂ ਹੀ ਬਹੁਤ ਸਾਰੇ ਅਧਿਐਨ ਹੋ ਚੁੱਕੇ ਹਨ ਤੇ ਸਿਖਲਾਈ ਪ੍ਰਾਪਤ ਮਾਹਰ ਇਸ ਗਿਆਨ ਦੀ ਵਰਤੋਂ ਇਹ ਸਮਝਣ ਲਈ ਕਰਦੇ ਹਨ ਕਿ ਕੀ ਕੋਈ ਜਾਨਵਰ ਬਿਮਾਰ ਹੈ ਜਾਂ ਮਾਨਸਿਕ ਤੌਰ 'ਤੇ ਬਿਮਾਰ ਮਹਿਸੂਸ ਕਰ ਰਿਹਾ ਹੈ ਪਰ ਰਿਪੋਰਟ ਅਨੁਸਾਰ, ਇਹ ਮਨੁੱਖੀ-ਅਧਾਰਤ ਤਰੀਕਾ ਟਿਕਾਊ ਨਹੀਂ ਹੈ, ਕਿਉਂਕਿ ਇੱਕ ਮਾਹਰ ਨੂੰ ਜਾਨਵਰ ਦੇ ਚਿਹਰੇ ਦੀਆਂ ਵੱਖ-ਵੱਖ ਮਾਸਪੇਸ਼ੀਆਂ ਦਾ ਵਿਸ਼ਲੇਸ਼ਣ ਕਰਨ ਲਈ ਔਸਤਨ 100 ਸਕਿੰਟ ਲੱਗਦੇ ਹਨ। ਇਸ ਦੇ ਨਾਲ ਹੀ, ਏਆਈ ਇਹ ਕੰਮ ਬਹੁਤ ਘੱਟ ਸਮੇਂ ਵਿੱਚ ਅਤੇ ਵੱਡੇ ਪੱਧਰ 'ਤੇ ਕਰ ਸਕਦਾ ਹੈ।





















