ਸਾਵਧਾਨ! ਵਟਸਐਪ ਜ਼ਰੀਏ ਬੱਚਿਆਂ 'ਤੇ ਮੰਡਰਾ ਰਿਹਾ ਖਤਰਾ

ਨਵੀਂ ਦਿੱਲੀ: ਵਟਸਐਪ ਜ਼ਰੀਏ ਘੱਟ ਉਮਰ ਦੇ ਲੜਕੇ-ਲੜਕੀਆਂ ਨੂੰ ਸ਼ਿਕਾਰ ਬਣਾਉਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਹੁਣ 'Olivia Hoax' ਨਾਂ ਦਾ ਨਵਾਂ ਸਕੈਮ ਆਇਆ ਹੈ ਜਿਸ ਜ਼ਰੀਏ ਛੋਟੇ ਬੱਚਿਆਂ ਨੂੰ ਮੈਸੇਜ 'ਚ ਲਿੰਕ ਭੇਜਿਆ ਜਾਂਦਾ ਹੈ। ਫਿਰ ਇਸ ਜ਼ਰੀਏ ਉਨ੍ਹਾਂ ਨੂੰ ਪੌਰਨ 'ਚ ਧੱਕਿਆ ਜਾਂਦਾ ਹੈ। ਇਸ ਸਕੈਮ ਦੇ ਮਾਮਲੇ ਭਾਰਤ, ਪਾਕਿਸਤਾਨ, ਬੈਲਜ਼ੀਅਮ, ਨੀਦਰਲੈਂਡ ਤੇ ਸਵੀਡਨ ਜਿਹੇ ਦੇਸ਼ਾਂ 'ਚ ਸਾਹਮਣੇ ਆਏ ਹਨ।
ਕੀ ਹੈ ਪੂਰਾ ਮਾਮਲਾ:
ਮੀਡੀਆ ਰਿਪੋਰਟਾਂ ਮੁਤਾਬਕ ਇਸ ਸਕੈਮ 'ਚ ਵਟਸਐਪ 'ਤੇ ਅਣਪਛਾਤੇ ਨੰਬਰ ਤੋਂ ਮੈਸੇਜ ਆਉਂਦਾ ਹੈ। ਮੈਸੇਜ ਭੇਜਣ ਵਾਲਾ ਖੁਦ ਨੂੰ ਓਲਿਵਿਆ ਨਾਂ ਦੀ ਲੜਕੀ ਦੱਸਦਾ ਹੈ। ਮੈਸੇਜ ਭੇਜਣ ਤੋਂ ਬਾਅਦ ਇਹ ਲੜਕੀ ਆਪਣੇ ਆਪ ਨੂੰ ਅਗਲੇ ਦਾ ਦੋਸਤ ਦੱਸਦੀ ਹੈ। ਇਸ ਤੋਂ ਬਾਅਦ ਉਹ ਲਿੰਕ ਭੇਜਦੀ ਹੈ ਤੇ ਉਸ 'ਤੇ ਕਲਿੱਕ ਕਰਨ ਲਈ ਕਹਿੰਦੀ ਹੈ। ਓਲਿਵਿਆ ਦਾਅਵਾ ਕਰਦੀ ਹੈ ਕਿ ਇਸ ਲਿੰਕ 'ਚ ਕੁਝ ਤਸਵੀਰਾਂ ਹਨ। ਇਸ ਲਿੰਕ 'ਤੇ ਕਲਿੱਕ ਕਰਨ ਤੋਂ ਬਾਅਦ ਪੌਰਨ ਵੈੱਬਸਾਈਟ ਖੁੱਲ੍ਹ ਜਾਂਦੀ ਹੈ। ਇਸ ਲਿੰਕ ਜ਼ਰੀਏ ਬੱਚਿਆਂ ਨੂੰ ਪੌਰਨ ਵੱਲ ਧੱਕਿਆ ਜਾ ਰਿਹਾ ਹੈ।
ਓੜੀਸਾ ਕ੍ਰਾਇਮ ਬ੍ਰਾਂਚ ਨੇ ਜਾਰੀ ਕੀਤੀ ਚੇਤਾਵਨੀ:
ਵਟਸਐਪ 'ਤੇ ਇਸ ਸਕੈਮ ਦੇ ਸਾਹਮਣੇ ਆਉਣ ਤੋਂ ਬਾਅਦ ਓੜੀਸਾ ਕ੍ਰਾਇਮ ਬ੍ਰਾਂਚ ਨੇ ਵੀ ਟਵਿੱਟਰ 'ਤੇ ਇਕ ਚੇਤਾਵਨੀ ਜਾਰੀ ਕੀਤੀ ਹੈ। ਕ੍ਰਾਇਮ ਬ੍ਰਾਂਚ ਨੇ ਟਵੀਟ ਜਾਰੀ ਕੀਤਾ ਹੈ ਕਿ ਦੋਸਤੀ ਜ਼ਰੀਏ ਘੱਟ ਉਮਰ ਦੇ ਬੱਚਿਆਂ ਨੂੰ 'Olivia Hoax' ਸਕੈਮ ਜ਼ਰੀਏ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਾਪਿਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ 'ਤੇ ਨਜ਼ਰ ਰੱਖਣ ਤੇ ਕਿਸੇ ਵੀ ਅਣਜਾਣ ਨੰਬਰ 'ਤੋਂ ਆਉਣ ਵਾਲੇ ਮੈਸੇਜ ਨੂੰ ਸਵੀਕਾਰ ਨਾ ਕਰਨ।
ਅਜਿਹਾ ਮੈਸੇਜ ਆਉਣ ਤੇ ਕੀ ਕਰਨਾ ਚਾਹੀਦਾ ਹੈ?
ਜੇਕਰ ਕਿਸੇ ਨੂੰ ਅਣਜਾਣ ਨੰਬਰ ਤੋਂ ਮੈਸੇਜ ਆਉਂਦਾ ਹੈ ਤਾਂ ਉਸਨੂੰ ਉੱਤਰ ਨਾ ਦਿਓ। ਬਿਹਤਰ ਹੋਵੇਗਾ ਉਸ ਨੂੰ ਬਲੌਕ ਕਰ ਦਿਓ। ਜੇਕਰ ਵਟਸਐਪ 'ਤੇ ਕੋਈ ਅਜਿਹਾ ਲਿੰਕ ਆਉਂਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਮਾਤਾ-ਪਿਤਾ ਆਪਣੇ ਬੱਚਿਆਂ ਦੇ ਮੋਬਾਈਲ ਵਰਤਣ 'ਤੇ ਨਜ਼ਰ ਰੱਖਣ।
ਜੇਕਰ ਬੱਚੇ ਦੇ ਵਿਵਹਾਰ 'ਚ ਕੁਝ ਬਦਲਾਅ ਆਉਂਦਾ ਹੈ, ਉਸ ਦੀਆਂ ਰੋਜ਼ਾਨਾ ਆਦਤਾਂ 'ਚ ਫਰਕ ਪੈਂਦਾ ਹੈ, ਸ਼ਾਂਤ ਰਹਿੰਦਾ ਹੈ, ਖੋਇਆ ਰਹਿੰਦਾ ਹੈ ਤਾਂ ਕਿਸੇ ਮਨੋਰੋਗ ਮਾਹਰ ਦੀ ਸਲਾਹ ਲਓ।






















