ਮਹਿੰਗੇ ਪੈਟਰੋਲ ਦਾ ਅਸਰ! 24 ਘੰਟਿਆਂ ’ਚ ਹੀ ਓਲਾ ਦੇ ਹੋ ਗਏ 1 ਲੱਖ ਇਲੈਕਟ੍ਰਿਕ ਸਕੂਟਰ ਬੁੱਕ
ਓਲਾ ਈ-ਸਕੂਟਰ ਨੂੰ ਪ੍ਰੀ-ਲਾਂਚਿੰਗ ਦੀ ਸ਼ੁਰੂਆਤ ਤੋਂ ਸਿਰਫ 24 ਘੰਟਿਆਂ ਵਿੱਚ 1 ਲੱਖ ਬੁਕਿੰਗ ਮਿਲ ਚੁੱਕੀਆਂ ਹਨ, ਜਿਸ ਨਾਲ ਇਹ ਵਿਸ਼ਵ ਵਿੱਚ ‘ਮੋਸਟ ਪ੍ਰੀ ਬੁੱਕਡ ਸਕੂਟਰ’ ਬਣ ਗਿਆ ਹੈ।
ਨਵੀਂ ਦਿੱਲੀ: ਓਲਾ ਇਲੈਕਟ੍ਰਿਕ ਸਕੂਟਰ (Ola Electric Scooter) ਆਪਣੀ ਲਾਂਚਿੰਗ ਤੋਂ ਪਹਿਲਾਂ ਹੀ ਚਰਚਾ ਵਿੱਚ ਹੈ ਅਤੇ ਇਸ ਨੂੰ ਗਾਹਕਾਂ ਵੱਲੋਂ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਓਲਾ ਇਲੈਕਟ੍ਰਿਕ ਦੇ ਸੀਈਓ ਭਾਵਿਸ਼ ਅਗਰਵਾਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਓਲਾ ਈ-ਸਕੂਟਰ ਨੂੰ ਪ੍ਰੀ-ਲਾਂਚਿੰਗ ਦੀ ਸ਼ੁਰੂਆਤ ਤੋਂ ਸਿਰਫ 24 ਘੰਟਿਆਂ ਵਿੱਚ 1 ਲੱਖ ਬੁਕਿੰਗ ਮਿਲ ਚੁੱਕੀਆਂ ਹਨ, ਜਿਸ ਨਾਲ ਇਹ ਵਿਸ਼ਵ ਵਿੱਚ ‘ਮੋਸਟ ਪ੍ਰੀ ਬੁੱਕਡ ਸਕੂਟਰ’ ਬਣ ਗਿਆ ਹੈ।
ਓਲਾ ਇਲੈਕਟ੍ਰਿਕ ਨੇ 15 ਜੁਲਾਈ ਨੂੰ ਆਪਣੀ ਅਧਿਕਾਰਤ ਵੈੱਬਸਾਈਟ 'ਤੇ 499 ਰੁਪਏ ਦੀ ਟੋਕਨ ਰਾਸ਼ੀ ਲਈ ਬੁਕਿੰਗ ਖੋਲ੍ਹਣ ਦਾ ਐਲਾਨ ਕੀਤਾ ਸੀ। ਭਾਵਿਸ਼ ਅਗਰਵਾਲ ਨੇ ਆਪਣੇ ਟਵੀਟ ਵਿੱਚ ਕਿਹਾ, ‘ਭਾਰਤ ਦੀ ਇਲੈਕਟ੍ਰਿਕ ਵਾਹਨ ਇਨਕਲਾਬ ਦੀ ਇੱਕ ਮਹਾਨ ਸ਼ੁਰੂਆਤ। 100,000+ ਇਨਕਲਾਬੀਆਂ ਨੂੰ ਬਹੁਤ ਧੰਨਵਾਦ, ਜਿਨ੍ਹਾਂ ਨੇ ਸਾਡੇ ਨਾਲ ਸ਼ਾਮਲ ਹੋ ਕੇ ਆਪਣੇ ਸਕੂਟਰ ਬੁੱਕ ਕੀਤੇ।’
India’s EV revolution is off to an explosive start. 🔥💪🏼 Huge thanks to the 100,000+ revolutionaries who’ve joined us and reserved their scooter. If you haven’t already, #JoinTheRevolution at https://t.co/lzUzbWbFl7 @olaelectric pic.twitter.com/LpGbMJbjxi
— Bhavish Aggarwal (@bhash) July 17, 2021
ਗਾਹਕ ਦੀਆਂ ਤਰਜੀਹਾਂ ਵਿੱਚ ਤਬਦੀਲੀ ਦੇ ਸੰਕੇਤ
ਭਾਵਿਸ਼ ਅਗਰਵਾਲ ਨੇ ਇੱਕ ਬਿਆਨ ਵਿੱਚ ਕਿਹਾ, “ਮੈਂ ਭਾਰਤ ਦੇ ਸਾਰੇ ਗਾਹਕਾਂ ਵੱਲੋਂ ਸਾਡੇ ਪਹਿਲੇ ਇਲੈਕਟ੍ਰਿਕ ਵਾਹਨ ਨੂੰ ਮਿਲੇ ਭਰਪੂਰ ਹੁੰਗਾਰੇ ਤੋਂ ਬਹੁਤ ਖੁਸ਼ ਹਾਂ। ਉਨ੍ਹਾਂ ਕਿਹਾ ਕਿ ਬੇਮਿਸਾਲ ਮੰਗ ਖਪਤਕਾਰਾਂ ਦੀਆਂ ਤਰਜੀਹਾਂ ਨੂੰ ਬਿਜਲੀ ਵਾਹਨਾਂ ਵੱਲ ਤਬਦੀਲ ਹੋਣ ਦਾ ਇੱਕ ਸਪਸ਼ਟ ਸੰਕੇਤ ਹੈ। ਉਨ੍ਹਾਂ ਕਿਹਾ ਕਿ ਇਹ ਸੰਸਾਰ ਨੂੰ ਟਿਕਾਊ ਗਤੀਸ਼ੀਲਤਾ ਵਿੱਚ ਬਦਲਣ ਦੇ ਸਾਡੇ ਮਿਸ਼ਨ ਵਿੱਚ ਇੱਕ ਵੱਡਾ ਕਦਮ ਹੈ। ਮੈਂ ਉਨ੍ਹਾਂ ਸਾਰੇ ਖਪਤਕਾਰਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਓਲਾ ਸਕੂਟਰ ਬੁੱਕ ਕਰਵਾਏ ਹਨ ਅਤੇ ਈਵੀ ਕ੍ਰਾਂਤੀ ਵਿੱਚ ਸ਼ਾਮਲ ਹੋਏ ਹਨ। ਇਹ ਸਿਰਫ ਸ਼ੁਰੂਆਤ ਹੈ! "
ਇਸ ਮਹੀਨੇ ਦੇ ਅੰਤ ਤੱਕ ਉਪਲਬਧ ਹੋਣ ਦੀ ਸੰਭਾਵਨਾ
ਨਵਾਂ ਓਲਾ ਇਲੈਕਟ੍ਰਿਕ ਸਕੂਟਰ ਇਸ ਮਹੀਨੇ ਦੇ ਅਖੀਰ ਵਿਚ ਦੇਸ਼ ਵਿਚ ਵਿਕਰੀ ਲਈ ਉਪਲਬਧ ਹੋਣ ਦੀ ਸੰਭਾਵਨਾ ਹੈ। ਓਲਾ ਇਲੈਕਟ੍ਰਿਕ ਨੇ ਦਾਅਵਾ ਕੀਤਾ ਹੈ ਕਿ ਸਕੂਟਰ ਨੂੰ ਵੱਡੀ ਬੂਟ ਸਪੇਸ ਵੀ ਮਿਲੇਗੀ। ਇਸ ਤੋਂ ਇਲਾਵਾ, ਨਵੇਂ ਸਕੂਟਰ ਦੀ ਚਾਬੀ ਨਹੀਂ ਹੋਵੇਗੀ, ਸਗੋਂ ਉਹ ਐਪ ਉੱਤੇ ਮੌਜੂਦ ਚਾਬੀ ਰਾਹੀਂ ਖੁੱਲ੍ਹੇਗਾ ਤੇ ਸਮਾਰਟਫੋਨ ਕੁਨੈਕਟੀਵਿਟੀ ਦੇ ਨਾਲ ਲਿਆਇਆ ਜਾਵੇਗਾ। ਓਲਾ ਨੇ ਦਾਅਵਾ ਕੀਤਾ ਹੈ ਕਿ ਇਲੈਕਟ੍ਰਿਕ ਸਕੂਟਰ ਏਰਗੋਨੋਮਿਕ ਸੀਟਿੰਗ ਨਾਲ ਆਵੇਗਾ।