ਨੌਕਰੀ ਤੋਂ ਕੱਢੇ ਜਾਣਗੇ Meta ਦੇ 3600 ਮੁਲਾਜ਼ਮ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ, ਕੰਪਨੀ ਨੇ ਲਿਆ ਅਹਿਮ ਫੈਸਲਾ
Meta Layoffs: Meta ਨੇ 3,600 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਖੁਦ ਮਾਰਕ ਜ਼ੁਕਰਬਰਗ ਨੇ ਲਿਆ ਹੈ। ਨੌਕਰੀ ਤੋਂ ਕੱਢੇ ਜਾ ਰਹੇ ਕਰਮਚਾਰੀਆਂ ਦੀ ਥਾਂ ਨਵੇਂ ਲੋਕਾਂ ਨੂੰ ਭਰਤੀ ਕੀਤਾ ਜਾਵੇਗਾ।
Meta Layoffs: Meta ਨੇ ਖਰਾਬ ਪ੍ਰਦਰਸ਼ਨ ਕਰਨ ਵਾਲੇ ਲਗਭਗ 3,600 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਉਨ੍ਹਾਂ ਦੇ ਕੰਮ ਤੋਂ ਸੰਤੁਸ਼ਟ ਨਹੀਂ ਹੈ ਅਤੇ ਉਨ੍ਹਾਂ ਦੀ ਥਾਂ 'ਤੇ ਨਵੀਂਆਂ ਭਰਤੀਆਂ ਕੀਤੀਆਂ ਜਾਣਗੀਆਂ। ਇਹ ਜਾਣਕਾਰੀ ਇੱਕ ਇੰਟਰਨਲ ਮੈਮੋ ਤੋਂ ਸਾਹਮਣੇ ਆਈ ਹੈ। ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਲਕਾਨਾ ਹੱਕ ਵਾਲੀ ਕੰਪਨੀ ਵਿੱਚ 72,000 ਤੋਂ ਵੱਧ ਕਰਮਚਾਰੀ ਹਨ। ਮੇਟਾ ਮੁਖੀ ਮਾਰਕ ਜ਼ੁਕਰਬਰਗ ਦੇ ਇਸ ਤਾਜ਼ਾ ਫੈਸਲੇ ਨਾਲ ਲਗਭਗ 5 ਪ੍ਰਤੀਸ਼ਤ ਕਰਮਚਾਰੀ ਪ੍ਰਭਾਵਿਤ ਹੋਣਗੇ।
ਜ਼ੁਕਰਬਰਗ ਨੇ ਲਿਆ ਫੈਸਲਾ
ਮੀਡੀਆ ਰਿਪੋਰਟਾਂ ਅਨੁਸਾਰ, ਮਾਰਕ ਜ਼ੁਕਰਬਰਗ ਨੇ ਖੁਦ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ, "ਮੈਂ ਹੁਣ ਪਰਫਾਰਮੈਂਸ ਦਾ ਪੱਧਰ ਵਧਾਉਣ ਅਤੇ ਕੰਮ ਨਾ ਕਰਨ ਵਾਲੇ ਕਰਮਚਾਰੀਆਂ ਨੂੰ ਜਲਦੀ ਹੀ ਬਾਹਰ ਦਾ ਰਸਤਾ ਦਿਖਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਕੰਪਨੀ ਵਿੱਚ ਸਭ ਤੋਂ ਵਧੀਆ ਟੈਲੇਂਟ ਰੱਖਣ ਅਤੇ ਨਵੇਂ ਲੋਕਾਂ ਦੀ ਭਰਤੀਆਂ ਕਰਨ ਲਈ ਲਿਆ ਗਿਆ ਹੈ।"
ਆਹ ਕਰਮਚਾਰੀ ਹੋਣਗੇ ਪ੍ਰਭਾਵਿਤ
ਇਸ ਫੈਸਲੇ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਕਰਮਚਾਰੀਆਂ 'ਤੇ ਪਵੇਗਾ ਜੋ ਲੰਬੇ ਸਮੇਂ ਤੋਂ ਕੰਪਨੀ ਵਿੱਚ ਕੰਮ ਕਰ ਰਹੇ ਹਨ। ਕੰਪਨੀ ਉਨ੍ਹਾਂ ਦੀ ਪਰਫਾਰਮੈਂਸ ਦਾ ਮੁਲਾਂਕਣ ਕਰੇਗੀ ਅਤੇ ਜਿਹੜੇ ਕਰਮਚਾਰੀ ਉਮੀਦ ਅਨੁਸਾਰ ਪਰਫਾਰਮੈਂਸ ਨਹੀਂ ਕਰਦੇ ਹਨ, ਉਨ੍ਹਾਂ ਦੀਆਂ ਨੌਕਰੀਆਂ ਜਾ ਸਕਦੀਆਂ ਹਨ। ਕੰਪਨੀ ਨੇ ਭਰੋਸਾ ਦਿੱਤਾ ਕਿ ਪ੍ਰਭਾਵਿਤ ਕਰਮਚਾਰੀਆਂ ਨੂੰ ਉਚਿਤ ਮੁਆਵਜ਼ਾ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਅਮਰੀਕੀ ਕੰਪਨੀਆਂ ਵਿੱਚ ਇਸ ਤਰ੍ਹਾਂ ਦੀ ਛਾਂਟੀ ਆਮ ਹੈ। ਕੁਝ ਦਿਨ ਪਹਿਲਾਂ ਮਾਈਕ੍ਰੋਸਾਫਟ ਨੇ ਵੀ ਇੱਕ ਅਜਿਹਾ ਹੀ ਫੈਸਲਾ ਲਿਆ ਸੀ, ਜਿਸ ਨਾਲ ਕੰਪਨੀ ਦੇ ਇੱਕ ਪ੍ਰਤੀਸ਼ਤ ਕਰਮਚਾਰੀ ਪ੍ਰਭਾਵਿਤ ਹੋਣਗੇ।
ਮੇਟਾ ਸੁਰਖੀਆਂ ਵਿੱਚ
ਮੇਟਾ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਹੈ। ਇਸ ਮਹੀਨੇ, ਜ਼ੁਕਰਬਰਗ ਨੇ ਕੰਪਨੀ ਦੀ ਕੰਟੈਂਟ ਮਾਡਰੇਸ਼ਨ ਪਾਲਿਸੀ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਟਾ ਹੁਣ ਆਪਣੇ ਫੈਕਟ-ਚੈਕਿੰਗ ਪ੍ਰੋਗਰਾਮ ਨੂੰ ਬੰਦ ਕਰ ਰਿਹਾ ਹੈ। ਇਸ ਦੀ ਥਾਂ 'ਤੇ X ਵਾਂਗ ਕਮਿਊਨਿਟੀ ਲਿਆਂਦੇ ਜਾਣਗੇ। ਜ਼ੁਕਰਬਰਗ ਨੇ ਕਿਹਾ ਕਿ ਫੈਕਟ ਚੈਕਰਸ ਰਾਜਨੀਤਿਕ ਤੌਰ 'ਤੇ ਪੱਖਪਾਤੀ ਰਹੇ ਹਨ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਅਸਫਲ ਰਹੇ ਹਨ। ਇਸ ਤੋਂ ਇਲਾਵਾ, ਉਸ ਨੇ ਕੰਪਨੀ ਅਤੇ ਬੋਰਡ ਵਿੱਚ ਡੋਨਾਲਡ ਟਰੰਪ ਦੇ ਬਹੁਤ ਸਾਰੇ ਕਰੀਬੀ ਲੋਕਾਂ ਨੂੰ ਜਗ੍ਹਾ ਦਿੱਤੀ ਹੈ।