ਸਿਸਵਾਂ 'ਚ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੇ ਨਾਲ ਲੱਗਦੀ ਜ਼ਮੀਨ 'ਤੇ ਸੀ 13 ਲੋਕਾਂ ਦਾ ਕਬਜ਼ਾ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਖੁਲਾਸਾ
ਸੋਮਵਾਰ ਨੂੰ ਮੁੱਲਾਂਪੁਰ ਦੇ ਸੀਸਵਾਂ ਵਿੱਚ 125 ਏਕੜ ਜ਼ਮੀਨ ਨੂੰ ਸੂਬਾ ਸਰਕਾਰ ਵੱਲੋਂ ਨਜਾਇਜ਼ ਕਬਜ਼ਿਆਂ ਤੋਂ ਛੁਡਵਾਇਆ ਗਿਆ ਹੈ। ਇਸ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਇਸ ਜ਼ਮੀਨ 'ਤੇ 13 ਲੋਕਾਂ ਦਾ ਕਬਜ਼ਾ ਸੀ। ਇਸ ਗੱਲ ਦਾ ਖੁਲਾਸਾ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੋਮਵਾਰ ਨੂੰ ਖੁਦ ਸਿਸਵਾਂ ਡੈਮ ਵਿਖੇ ਪਹੁੰਚ ਕੇ ਪ੍ਰੈੱਸ ਕਾਨਫਰੰਸ ਕਰਕੇ ਕੀਤਾ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। ਕਿਸੇ ਨੂੰ ਵੀ ਸਰਕਾਰੀ ਜ਼ਮੀਨ 'ਤੇ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ। ਪੰਚਾਇਤ ਮੰਤਰੀ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ਦੇ ਨਾਲ ਲੱਗਦੀ ਜ਼ਮੀਨ 'ਤੇ 13 ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ। ਜ਼ਮੀਨ ਦੀ ਅੰਦਾਜ਼ਨ ਕੀਮਤ 2 ਤੋਂ 2.5 ਕਰੋੜ ਰੁਪਏ ਪ੍ਰਤੀ ਏਕੜ ਹੈ। ਆਉਣ ਵਾਲੇ ਸਮੇਂ ਵਿੱਚ ਇਸ ਇਲਾਕੇ ਦੀ ਕਰੀਬ ਅੱਠ ਹਜ਼ਾਰ ਏਕੜ ਜ਼ਮੀਨ ਨੂੰ ਸਰਕਾਰ ਵੱਲੋਂ ਕਬਜ਼ਿਆਂ ਤੋਂ ਮੁਕਤ ਕਰਵਾ ਕੇ ਪੰਚਾਇਤ ਵਿਭਾਗ ਅਧੀਨ ਲਿਆਂਦਾ ਜਾਵੇਗਾ। ਇਸ ਦੇ ਲਈ ਸਾਰੀ ਕਾਨੂੰਨੀ ਪ੍ਰਕਿਰਿਆ ਵੀ ਅਪਣਾਈ ਜਾਵੇਗੀ।