ਦਲਜੀਤ ਚੀਮਾ ਨੇ ਸਾਧਿਆ ਕੇਜਰੀਵਾਲ 'ਤੇ ਨਿਸ਼ਾਨਾ, ਕਿਹਾ ਪੀਐਮ ਦੀ ਫੀਲਿੰਗ ਲੈ ਰਹੇ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇੱਕ ਵਾਰ ਫਿਰ ਤੋਂ ਦੇਸ਼ ਦੇ ਲੋਕਾਂ ਅਤੇ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਅਖੌਤੀ ਕੌਮੀ ਮਿਸ਼ਨ ਵਿਚ ਸ਼ਾਮਲ ਹੋਣ ਦੇ ਨਾਂ ’ਤੇ ਧੋਖਾ ਦੇਣ ਅਤੇ ਵਿਸ਼ਵਾਸਘਾਤ ਕਰਨ ਦੀ ਤਿਆਰੀ ਕਰ ਰਹੇ ਹਨ ਤੇ ਇਹ ਦਾਅਵੇ ਕਰ ਰਹੇ ਹਨ ਕਿ ਉਹ ਭਾਰਤ ਨੂੰ ਦੁਨੀਆਂ ਭਰ ਵਿਚ ਨੰਬਰ ਇਕ ਬਣਾ ਦੇਣਗੇ। ਪਾਰਟੀ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕੇਜਰੀਵਾਲ ਦੇ ਗਿਰਗਟ ਸੁਭਾਅ ਅਤੇ ਝੂਠ ਬੋਲਣ ਤੇ ਧੋਖੇ ਦੇ ਇਤਿਹਾਸ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਆਪਣੇ ਗੁਰੂ ਅੰਨਾ ਹਜ਼ਾਰੇ ਨਾਲ ਧੋਖਾ ਕੀਤਾ ਤੇ ਉਨ੍ਹਾਂ ਦੇ ਖਿਲਾਫ ਗਏ। ਉਨ੍ਹਾਂ ਇਹ ਦਾਅਵਾ ਕੀਤਾ ਕਿ ਇੰਡੀਆ ਅਗੇਂਸਟ ਕਰੱਪਸ਼ਨ ਦੀ ਲਹਿਰ ਹਮੇਸ਼ਾ ਸਮਾਜਿਕ ਰਹੇਗੀ ਤੇ ਉਹ ਕਦੇ ਵੀ ਸਿਆਸੀ ਪਾਰਟੀ ਨਹੀਂ ਬਣਾਉਣਗੇ ਪਰ ਉਹ ਆਪਣੇ ਬੋਲਾਂ ਤੋਂ ਭੱਜ ਗਏ।






















