ਹਿਜ਼ਬੁੱਲਾ ਚੀਫ ਹਸਨ ਨਸਰੱਲਾ ਮਾਰਿਆ ਗਿਆ, ਇਜ਼ਰਾਈਲ ਫੌਜ ਦਾ ਦਾਅਵਾ
ਹਿਜ਼ਬੁੱਲਾ ਚੀਫ ਹਸਨ ਨਸਰੱਲਾ ਮਾਰਿਆ ਗਿਆ, ਇਜ਼ਰਾਈਲ ਫੌਜ ਦਾ ਦਾਅਵਾ
ਇਜ਼ਰਾਇਲੀ ਰੱਖਿਆ ਬਲ ਨੇ ਟਵਿੱਟਰ 'ਤੇ ਪੋਸਟ ਕਰਦੇ ਹੋਏ ਕਿਹਾ ਕਿ ਹੁਣ ਹਸਨ ਨਸਰੱਲਾ ਦੁਨੀਆ 'ਚ ਦਹਿਸ਼ਤ ਨਹੀਂ ਫੈਲਾ ਸਕੇਗਾ। ਹਸਨ ਨਸਰੱਲਾ 32 ਸਾਲਾਂ ਤੱਕ ਸੰਗਠਨ ਦਾ ਮੁਖੀ ਸੀ।
ਇਜ਼ਰਾਇਲੀ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਨਦਾਵ ਸ਼ੋਸ਼ਾਨੀ ਨੇ ਐਕਸ 'ਤੇ ਇੱਕ ਪੋਸਟ 'ਚ ਕਿਹਾ ਹੈ ਕਿ ਨਸਰੁੱਲਾ ਮਾਰਿਆ ਗਿਆ ਹੈ। ਏਐਫਪੀ ਦੀ ਰਿਪੋਰਟ ਦੇ ਅਨੁਸਾਰ, ਇਜ਼ਰਾਈਲੀ ਸੈਨਾ ਦੇ ਬੁਲਾਰੇ ਡੇਵਿਡ ਅਬ੍ਰਾਹਮ ਨੇ ਕਿਹਾ ਕਿ ਹਿਜ਼ਬੁੱਲਾ ਮੁਖੀ ਸ਼ੁੱਕਰਵਾਰ (27 ਸਤੰਬਰ 2024) ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਇੱਕ ਹਵਾਈ ਹਮਲੇ ਵਿੱਚ ਮਾਰਿਆ ਗਿਆ ਸੀ। ਹਸਨ ਨਸਰੱਲਾ ਨੂੰ ਮਾਰਨ ਵਾਲੇ ਓਪਰੇਸ਼ਨ ਦਾ ਨਾਂਅ ਨਿਊ ਆਰਡਰ ਸੀ। ਨਸਰੱਲਾ ਦੀ ਮੌਤ ਦੇ ਦਾਅਵੇ ਤੋਂ ਬਾਅਦ ਇਜ਼ਰਾਇਲੀ ਫੌਜ ਨੇ ਕਿਹਾ, "ਜੋ ਕੋਈ ਵੀ ਇਜ਼ਰਾਈਲ ਨੂੰ ਧਮਕੀ ਦਿੰਦਾ ਹੈ, ਅਸੀਂ ਜਾਣਦੇ ਹਾਂ ਕਿ ਉਸ ਤੱਕ ਕਿਵੇਂ ਪਹੁੰਚਣਾ ਹੈ। ਇਹ ਸਾਡੀ ਸਮਰੱਥਾ ਦਾ ਅੰਤ ਨਹੀਂ ਹੈ।"
ਟਾਈਮਜ਼ ਆਫ ਇਜ਼ਰਾਈਲ ਦੀ ਰਿਪੋਰਟ ਮੁਤਾਬਕ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਹੀ ਹਿਜ਼ਬੁੱਲਾ ਦੇ ਹੈੱਡਕੁਆਰਟਰ 'ਤੇ ਹਮਲਾ ਕੀਤਾ ਸੀ, ਜਿੱਥੇ ਹਸਨ ਨਸਰੁੱਲਾ ਵੀ ਮੌਜੂਦ ਸੀ। ਇਜ਼ਰਾਇਲੀ ਫੌਜ ਬੇਰੂਤ ਸਮੇਤ ਕਈ ਇਲਾਕਿਆਂ 'ਤੇ ਲਗਾਤਾਰ ਹਮਲੇ ਕਰ ਰਹੀ ਹੈ। ਆਈਡੀਐਫ ਨੇ ਬੇਰੂਤ ਦੇ ਦਹੀਆਹ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਨੂੰ ਤੁਰੰਤ ਇਲਾਕਾ ਖਾਲੀ ਕਰਨ ਲਈ ਕਿਹਾ ਹੈ। IDF ਦਾ ਕਹਿਣਾ ਹੈ ਕਿ ਹਿਜ਼ਬੁੱਲਾ ਇਜ਼ਰਾਈਲ 'ਤੇ ਹਮਲਾ ਕਰਨ ਲਈ ਇਨ੍ਹਾਂ ਥਾਵਾਂ ਦੀ ਵਰਤੋਂ ਕਰ ਰਿਹਾ ਹੈ।
ਇਜ਼ਰਾਇਲੀ ਨਿਊਜ਼ ਚੈਨਲ ਮੁਤਾਬਕ ਇਸ ਹਵਾਈ ਹਮਲੇ 'ਚ ਨਸਰੁੱਲਾ ਤੋਂ ਇਲਾਵਾ ਉਸ ਦੀ ਬੇਟੀ ਜ਼ੈਨਬ ਦੀ ਵੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਨਸਰੱਲਾ ਦੀ ਧੀ ਦੀ ਲਾਸ਼ ਉਸ ਕਮਾਂਡਰ ਸੈਂਟਰ ਤੋਂ ਮਿਲੀ ਜਿਸ 'ਤੇ ਇਜ਼ਰਾਈਲ ਨੇ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਰਾਤ ਨੂੰ ਇਜ਼ਰਾਈਲ ਨੇ ਹਿਜ਼ਬੁੱਲਾ ਦੇ ਹੈੱਡਕੁਆਰਟਰ 'ਤੇ ਮਿਜ਼ਾਈਲ ਦਾਗੀ ਸੀ, ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ 90 ਲੋਕ ਜ਼ਖਮੀ ਹੋ ਗਏ ਸਨ।