ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣ ਲਈ ਅਕਾਲੀ ਲੀਡਰਸ਼ਿਪ ਹੋਈ ਪੱਬਾਂ ਭਾਰ
ਅਕਾਲੀ ਦਲ ਦਾ ਸਥਾਪਨਾ ਦਿਵਸ ਮਨਾਉਣ ਲਈ ਅਕਾਲੀ ਲੀਡਰਸ਼ਿਪ ਹੋਈ ਪੱਬਾਂ ਭਾਰ ,
14 ਦਸੰਬਰ, 1920 ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਪੰਥਕ ਹਸਤੀਆਂ ਦਾ ਇੱਕ ਵਿਸ਼ਾਲ ਇਕੱਠ ਹੁੰਦਾ ਹੈ। ਇਸ ਦਾ ਮੰਤਵ ਸੀ ਇਤਿਹਾਸਕ ਗੁਰਦੁਆਰਾ ਸਾਹਿਬਾਨ ‘ਚ ਮਹੰਤਾਂ ਦੀਆਂ ਮਨਮਾਨੀਆਂ ਨੂੰ ਰੋਕਣ ਲਈ ਗੁਰਦੁਆਰਾ ਸੁਧਾਰ ਲਹਿਰ ਦੀ ਸ਼ੁਰੂਆਤ ਕਰਨਾ। ਅੱਗੇ ਇਸੇ ਗੁਰਦੁਆਰਾ ਸੁਧਾਰ ਲਹਿਰ ਵਿੱਚੋਂ ਜਨਮ ਹੁੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ।
ਕਾਂਗਰਸ ਤੋਂ ਬਾਅਦ ਅਕਾਲੀ ਦਲ ਭਾਰਤ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਜਿਸ ਦਾ ਇਤਿਹਾਸ ਮੋਰਚਿਆਂ ਤੇ ਸੰਘਰਸ਼ਾਂ ਨਾਲ ਭਰਿਆ ਪਿਆ ਹੈ। ਭਾਰਤ ਦੀ ਆਜ਼ਾਦੀ ਲਹਿਰ ‘ਚ ਪੰਜਾਬ ਦੇ ਮੋਹਰੀ ਯੋਗਦਾਨ ਪਿੱਛੇ ਵੀ ਅਕਾਲੀ ਦਲ ਦੀ ਜਥੇਬੰਦਕ ਪ੍ਰੇਰਣਾ ਦੀ ਮਹੱਤਵਪੂਰਨ ਭੂਮਿਕਾ ਰਹੀ। ਆਜ਼ਾਦੀ ਲਹਿਰ ਵਿੱਚੋਂ ਇਕੱਲੀ ਅਕਾਲੀ ਲਹਿਰ ‘ਚ 500 ਅਕਾਲੀ ਕਾਰਕੁੰਨ ਸ਼ਹੀਦ ਹੋਏ ਸੀ।
ਇਤਿਹਾਸ ਦੱਸਦਾ ਹੈ ਕਿ 1920 ਦੇ ਦਹਾਕੇ ‘ਚ ਬਹੁਤਾਤ ਇਤਿਹਾਸਕ ਗੁਰਦੁਆਰਾ ਸਾਹਿਬਾਨ 'ਤੇ ਮਹੰਤਾਂ ਦਾ ਕਬਜ਼ਾ ਸੀ। ਗੁਰਦੁਆਰਾ ਸਾਹਿਬਾਨ ਦੀਆਂ ਜਾਇਦਾਦਾਂ ਨੂੰ ਇਨ੍ਹਾਂ ਨੇ ਆਪਣੀ ਐਸ਼ੋ ਇਸ਼ਰਤ ਦਾ ਸਥਾਨ ਬਣਾ ਲਿਆ ਸੀ। ਦਰਸ਼ਨਾਂ ਲਈ ਆਈ ਸੰਗਤ ਨਾਲ ਬਹੁਤ ਵੀ ਦੁਰਵਿਵਹਾਰ ਕਰਦੇ ਸਨ। ਅਜਿਹੇ ਵਿੱਚ ਇਨ੍ਹਾਂ ਪਾਸੋਂ ਗੁਰਦੁਆਰਾ ਸਾਹਿਬਾਨ ਨੂੰ ਆਜ਼ਾਦ ਕਰਵਾਉਣ ਲਈ ਇੱਕ ਸੁਧਾਰਵਾਦੀ ਲਹਿਰ ਦੀ ਸ਼ੁਰੂਆਤ ਸਮੇਂ ਦੀ ਲੋੜ ਸੀ ਜੋ ਉਸ ਸਮੇਂ ਅਕਾਲੀਆਂ ਨੇ ਸ਼ੁਰੂ ਕੀਤੀ।