ਦੁਨੀਆ ਦੀ ਸਭ ਤੋਂ ਖੂੰਖਾਰ ਮਹਾਰਾਣੀ, ਜੋ ਖੂਬਸੂਰਤ ਦਿਖਣ ਲਈ ਕੁੜੀਆਂ ਦੇ ਖੂਨ ਨਾਲ ਨਹਾਉਂਦੀ ਸੀ
ਹੰਗਰੀ ਦੀ ਮਹਾਰਾਣੀ ਐਲਿਜ਼ਾਬੇਥ ਬਾਥਰੀ ਨੂੰ ਇਤਿਹਾਸ 'ਚ ਸਭ ਤੋਂ ਖ਼ਤਰਨਾਕ ਅਤੇ ਬੇਰਹਿਮ ਔਰਤ ਸੀਰੀਅਲ ਕਿਲਰ ਵਜੋਂ ਜਾਣਿਆ ਜਾਂਦਾ ਹੈ। ਸਾਲ 1585 ਤੋਂ 1610 ਦੇ ਵਿਚਕਾਰ ਬਾਥਰੀ ਨੇ 600 ਤੋਂ ਵੱਧ ਕੁੜੀਆਂ ਨੂੰ ਮਾਰਿਆ ।
Elezabeth Bathory: ਤੁਸੀਂ ਫ਼ਿਲਮਾਂ 'ਚ ਕਈ ਸੀਰੀਅਲ ਕਿੱਲਰਾਂ ਬਾਰੇ ਦੇਖਿਆ ਤੇ ਪੜ੍ਹਿਆ ਹੋਵੇਗਾ। ਤੁਸੀਂ ਉਨ੍ਹਾਂ ਨੂੰ ਬੇਰਹਿਮੀ ਨਾਲ ਘਿਨਾਉਣੇ ਲੜੀਵਾਰ ਕਤਲ ਕਰਦੇ ਹੋਏ ਦੇਖਿਆ ਹੋਵੇਗਾ। ਅਜਿਹੀਆਂ ਕਈ ਕਹਾਣੀਆਂ ਅਤੇ ਰਾਜ਼ ਇਤਿਹਾਸ ਦੇ ਪੰਨਿਆਂ 'ਚ ਦੱਬੇ ਹੋਏ ਹਨ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅੱਜ ਵੀ ਅਸੀਂ ਅਜਿਹੀ ਹੀ ਇਕ ਮਹਾਰਾਣੀ ਦੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸ ਦੇ ਕਾਰਨਾਮਿਆਂ ਕਾਰਨ ਲੋਕਾਂ 'ਚ ਉਸ ਦਾ ਖੌਫ਼ ਸੀ। ਬੇਰਹਿਮ ਹੋਣ ਦੇ ਨਾਲ-ਨਾਲ ਇਸ ਖੂੰਖਾਰ ਸੀਰੀਅਲ ਕਿਲਰ ਮਹਾਰਾਣੀ ਦੀ ਕਹਾਣੀ ਤੁਹਾਡੇ ਰੌਂਗਟੇ ਖੜ੍ਹੇ ਕਰ ਸਕਦੀ ਹੈ। ਇਹ ਮਹਾਰਾਣੀ ਕੁਆਰੀਆਂ ਕੁੜੀਆਂ ਨੂੰ ਮਾਰ ਕੇ ਉਨ੍ਹਾਂ ਦੇ ਖੂਨ ਨਾਲ ਨਹਾਉਂਦੀ ਸੀ।
600 ਕੁੜੀਆਂ ਦਾ ਕੀਤਾ ਸੀ ਕਤਲ
ਹੰਗਰੀ ਦੀ ਮਹਾਰਾਣੀ, ਜਿਸ ਦਾ ਨਾਮ ਐਲਿਜ਼ਾਬੇਥ ਬਾਥਰੀ (Elezabeth Bathory) ਸੀ, ਨੂੰ ਇਤਿਹਾਸ 'ਚ ਸਭ ਤੋਂ ਖ਼ਤਰਨਾਕ ਅਤੇ ਬੇਰਹਿਮ ਔਰਤ ਸੀਰੀਅਲ ਕਿਲਰ ਵਜੋਂ ਜਾਣਿਆ ਜਾਂਦਾ ਹੈ। ਸਾਲ 1585 ਤੋਂ 1610 ਦੇ ਵਿਚਕਾਰ ਬਾਥਰੀ ਨੇ 600 ਤੋਂ ਵੱਧ ਕੁੜੀਆਂ ਨੂੰ ਮਾਰਿਆ ਅਤੇ ਉਨ੍ਹਾਂ ਦੇ ਖੂਨ ਨਾਲ ਨਹਾਇਆ। ਕਿਹਾ ਜਾਂਦਾ ਹੈ ਕਿ ਕਿਸੇ ਨੇ ਐਲਿਜ਼ਾਬੇਥ ਨੂੰ ਆਪਣੀ ਖੂਬਸੂਰਤੀ ਬਰਕਰਾਰ ਰੱਖਣ ਲਈ ਅਜਿਹਾ ਕਰਨ ਦੀ ਸਲਾਹ ਦਿੱਤੀ ਸੀ।
ਨੌਕਰੀ ਦੇ ਬਹਾਨੇ ਲੜਕੀਆਂ ਨੂੰ ਫਸਾਉਂਦੀ ਸੀ
ਖੂਬਸੂਰਤ ਦਿਖਣ ਦੇ ਇਸ ਤਰੀਕੇ ਦਾ ਐਲਿਜ਼ਾਬੇਥ 'ਤੇ ਅਜਿਹਾ ਪ੍ਰਭਾਵ ਪਿਆ ਕਿ ਉਸ ਨੇ ਇਸ ਲਈ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਪ੍ਰਸਿੱਧ ਕਹਾਣੀਆਂ ਦੇ ਅਨੁਸਾਰ ਐਲਿਜ਼ਾਬੇਥ ਬਾਥਰੀ ਕੁੜੀਆਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੇ ਸਰੀਰ ਦੇ ਮਾਸ ਨੂੰ ਦੰਦਾਂ ਨਾਲ ਕੱਟਦੀ ਸੀ। ਦੱਸਿਆ ਜਾਂਦਾ ਹੈ ਕਿ ਬਾਥਰੀ ਦੇ ਇਸ ਭਿਆਨਕ ਅਪਰਾਧ 'ਚ ਉਸ ਦੇ ਤਿੰਨ ਨੌਕਰ ਵੀ ਸਾਥ ਦਿੰਦੇ ਸਨ।
ਐਲਿਜ਼ਾਬੇਥ ਦਾ ਵਿਆਹ ਤੁਰਕੀ ਖ਼ਿਲਾਫ਼ ਜੰਗ 'ਚ ਹੰਗਰੀ ਦੇ ਨੈਸ਼ਨਲ ਹੀਰੋ ਰਹੇ ਫੇਰੇਂਕ ਨੈਡੇਸਡੀ ਨਾਮ ਦੇ ਸ਼ਖ਼ਸ ਨਾਲ ਹੋਇਆ ਸੀ। ਉਹ ਆਸ-ਪਾਸ ਦੇ ਪਿੰਡਾਂ ਦੀਆਂ ਗਰੀਬ ਕੁੜੀਆਂ ਨੂੰ ਚੰਗੇ ਪੈਸਿਆਂ ਲਈ ਪੈਲੇਸ 'ਚ ਕੰਮ ਕਰਨ ਦਾ ਲਾਲਚ ਦਿੰਦੀ ਸੀ। ਜਿਵੇਂ ਹੀ ਕੁੜੀਆਂ ਮਹਿਲ 'ਚ ਆਉਂਦੀਆਂ ਸਨ, ਉਹ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੀ ਸੀ।
ਕੁੜੀਆਂ ਘੱਟ ਹੋਈਆਂ ਤਾਂ ਫੜੀ ਗਈ
ਦੱਸਿਆ ਜਾਂਦਾ ਹੈ ਕਿ ਜਦੋਂ ਇਲਾਕੇ 'ਚ ਕੁੜੀਆਂ ਦੀ ਗਿਣਤੀ ਘਟਣ ਲੱਗੀ ਤਾਂ ਉਸ ਨੇ ਉੱਚੇ ਪਰਿਵਾਰਾਂ ਦੀਆਂ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ। ਹੰਗਰੀ ਦੇ ਰਾਜੇ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਇਸ ਦੀ ਜਾਂਚ ਕਰਵਾਈ। ਜਦੋਂ ਜਾਂਚਕਰਤਾ ਐਲਿਜ਼ਾਬੇਥ ਦੇ ਮਹਿਲ 'ਚ ਪਹੁੰਚੇ ਤਾਂ ਉਨ੍ਹਾਂ ਨੂੰ ਉੱਥੇ ਕਈ ਕੁੜੀਆਂ ਦੇ ਪਿੰਜਰ ਅਤੇ ਸੋਨੇ-ਚਾਂਦੀ ਦੇ ਗਹਿਣੇ ਮਿਲੇ। ਅਖ਼ੀਰ 'ਚ ਐਲਿਜ਼ਾਬੇਥ ਨੂੰ ਸਾਲ 1610 'ਚ ਉਸ ਦੇ ਘਿਨਾਉਣੇ ਅਪਰਾਧ ਲਈ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਘਿਨਾਉਣੇ ਅਪਰਾਧ ਲਈ ਉਸ ਨੂੰ ਫਾਂਸੀ ਤਾਂ ਨਹੀਂ ਦਿੱਤੀ ਗਈ, ਸਗੋਂ ਉਸ ਨੂੰ ਆਪਣੇ ਹੀ ਮਹਿਲ ਦੇ ਇਕ ਕਮਰੇ 'ਚ ਕੈਦ ਕਰ ਦਿੱਤਾ ਗਿਆ। ਇੱਥੇ ਚਾਰ ਸਾਲ ਕੈਦ ਰਹਿਣ ਤੋਂ ਬਾਅਦ 21 ਅਗਸਤ 1614 ਨੂੰ ਉਸ ਦੀ ਮੌਤ ਹੋ ਗਈ।