Sydney Terror Attack: ਸਿਡਨੀ 'ਚ ਪਿਤਾ-ਪੁੱਤਰ ਨੇ ਮਿਲਕੇ ਕੀਤਾ ਅੱਤਵਾਦੀ ਹਮਲਾ, ਹੁਣ ਤੱਕ 16 ਲੋਕ ਮਰੇ, ਚਸ਼ਮਦੀਦ ਨੇ ਕੀ ਦੱਸੀ ਦਰਦਨਾਕ ਕਹਾਣੀ...
ਆਸਟ੍ਰੇਲੀਆ ਦੇ ਸਿਡਨੀ 'ਚ ਹੋਇਆ ਅੱਤਵਾਦੀ ਹਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ। ਜੀ ਹਾਂ ਦੋਵੇਂ ਅੱਤਵਾਦੀ ਪਿਓ-ਪੁੱਤ ਨਿਕਲੇ। ਦੋਵਾਂ ਨੇ ਬੀਤੇ ਦਿਨੀਂ ਬੌਂਡੀ ਬੀਚ ਉੱਤੇ ਤਾੜ-ਤਾੜ ਗੋਲੀਆਂ ਵਰ੍ਹਾਈਆਂ, ਜਿਸ 'ਚ ਹੁਣ ਤੱਕ 16 ਲੋਕ ਮਾਰੇ..

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਸਿਡਨੀ ਵਿੱਚ ਹੋਈ ਗੋਲੀਬਾਰੀ ਵਿੱਚ ਹੁਣ ਤੱਕ 16 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਡਨੀ ਦੇ ਬੌਂਡੀ ਬੀਚ ‘ਤੇ ਐਤਵਾਰ 14 ਦਸੰਬਰ ਨੂੰ ਹਨੁੱਕਾ ਸਮਾਰੋਹ ਮਨਾਇਆ ਜਾ ਰਿਹਾ ਸੀ। ਇਸ ਦੌਰਾਨ ਸ਼ਾਮ ਨੂੰ ਦੋ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਏਪੀ ਦੀ ਰਿਪੋਰਟ ਮੁਤਾਬਕ ਇਸ ਆਤੰਕੀ ਘਟਨਾ ਨੂੰ ਪਿਤਾ ਅਤੇ ਪੁੱਤਰ ਨੇ ਮਿਲ ਕੇ ਅੰਜਾਮ ਦਿੱਤਾ, ਜਿਸ ਵਿੱਚੋਂ ਇੱਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਦੁਨੀਆ ਭਰ 'ਚ ਮੱਚੀ ਹਾਹਾਕਾਰ
ਇਸ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਰਾਜਨੀਤੀ ਵੀ ਗਰਮ ਹੋ ਗਈ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਆਲਬਨੀਜ਼ ਦੀ ਸਰਕਾਰ ‘ਤੇ ਯਹੂਦੀ ਵਿਰੋਧੀ ਭਾਵਨਾ ਨੂੰ ਵਧਾਉਣ ਦਾ ਦੋਸ਼ ਲਗਾਇਆ। ਨੇਤਨਯਾਹੂ ਨੇ ਕਿਹਾ ਕਿ ਫਿਲਿਸਤੀਨੀ ਰਾਜ ਨੂੰ ਮਾਨਤਾ ਦੇਣ ਵਰਗੇ ਫ਼ੈਸਲੇ ਯਹੂਦੀ-ਵਿਰੋਧੀ ਭਾਵਨਾਵਾਂ ਨੂੰ ਭੜਕਾਉਂਦੇ ਹਨ ਅਤੇ ਵਿਸ਼ਵ ਪੱਧਰੀ ਯਹੂਦੀ-ਵਿਰੋਧ ਦੇ ਖਿਲਾਫ ਸਖਤ ਰਵੱਈਆ ਅਪਣਾਉਣਾ ਜ਼ਰੂਰੀ ਹੈ। ਆਸਟ੍ਰੇਲੀਆ ਵਿੱਚ ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ ਹਨ ਅਤੇ ਮਾਮਲੇ ਦੀ ਆਤੰਕੀ ਐਂਗਲ ਤੋਂ ਵਿਸਤ੍ਰਿਤ ਜਾਂਚ ਜਾਰੀ ਹੈ।
ਪਿਤਾ-ਪੁੱਤਰ ਨੇ ਮਿਲ ਕੇ ਯਹੂਦੀਆਂ ਨੂੰ ਬਣਾਇਆ ਨਿਸ਼ਾਨਾ
ਆਸਟ੍ਰੇਲੀਆਈ ਜਾਂਚ ਏਜੰਸੀਆਂ ਨੇ ਦੋਸ਼ੀਆਂ ਦੇ ਬੈਕਗ੍ਰਾਊਂਡ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀਬਾਰੀ ਵਿੱਚ ਸ਼ਾਮਲ ਹਮਲਾਵਰ ਦੀ ਪਛਾਣ ਪਿਤਾ-ਪੁੱਤਰ ਵਜੋਂ ਹੋਈ ਹੈ। 50 ਸਾਲਾ ਪਿਤਾ ਮੌਕੇ ‘ਤੇ ਹੀ ਮਰ ਗਿਆ, ਜਦਕਿ ਉਸਦਾ 24 ਸਾਲਾ ਪੁੱਤਰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੈ। ਉਹ ਪੁਲਿਸ ਦੀ ਹਿਰਾਸਤ ਵਿੱਚ ਵੀ ਹੈ। ਇਹ ਹਮਲਾ ਯਹੂਦੀ ਤਿਉਹਾਰ ਹਨੁੱਕਾ ਦੇ ਸਮਾਰੋਹ ਨੂੰ ਨਿਸ਼ਾਨਾ ਬਣਾਕੇ ਕੀਤਾ ਗਿਆ ਸੀ, ਜਿਸ ਵਿੱਚ 16 ਲੋਕ ਮਰੇ ਅਤੇ 42 ਲੋਕ ਜ਼ਖ਼ਮੀ ਹੋਏ।
ਸਿਡਨੀ ਵਿੱਚ ਹੋਈ ਗੋਲੀਬਾਰੀ ਬਾਰੇ ਚਸ਼ਮਦੀਦ ਨੇ ਕੀ ਦੱਸਿਆ
ਸਿਡਨੀ ਹਮਲੇ ਨਾਲ ਪਾਕਿਸਤਾਨ ਦਾ ਕਨੈਕਸ਼ਨ ਸਾਹਮਣੇ ਆਇਆ ਹੈ। ਆਸਟ੍ਰੇਲੀਆਈ ਜਾਂਚ ਏਜੰਸੀਆਂ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਗੰਭੀਰ ਹਨ। ਮਹੱਤਵਪੂਰਨ ਗੱਲ ਇਹ ਵੀ ਹੈ ਕਿ ਹਮਲੇ ਵਿੱਚ ਸ਼ਾਮਲ ਪਿਤਾ-ਪੁੱਤਰ ਦੀ ਪਛਾਣ ਪਾਕਿਸਤਾਨੀ ਮੂਲ ਵਾਲੇ ਵਜੋਂ ਹੋਈ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਇੱਕ ਚਸ਼ਮਦੀਦ ਮਾਰਕੋਸ ਕਾਰਵਾਲੋ ਨੇ ਕਿਹਾ, “ਗੋਲੀਆਂ ਦੀ ਆਵਾਜ਼ ਪਟਾਖਿਆਂ ਵਾਂਗ ਸੀ। ਮੈਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਸੀ ਕਿ ਬੌਂਡੀ ਵਿੱਚ ਗੋਲੀਬਾਰੀ ਹੋ ਸਕਦੀ ਹੈ। ਮੈਂ ਗੋਲੀਆਂ ਦੀ ਆਵਾਜ਼ ਸੁਣਕੇ ਦੌੜਣ ਲੱਗਾ।”






















