Sydney Shooting: ਆਸਟ੍ਰੇਲੀਆ 'ਚ ਕਤਲਏਆਮ ਮਚਾਉਣ ਵਾਲੇ ਦਾ ਨਿਕਲਿਆ ਪਾਕਿਸਤਾਨੀ ਕਨੈਕਸ਼ਨ! ਲਾਹੌਰ ਦਾ ਨਿਵਾਸੀ ਸੀ ਸ਼ੂਟਰ ਨਵੀਦ ਅਕਰਮ, ਫੋਟੋ ਵਾਇਰਲ
ਐਤਵਾਰ ਦਾ ਦਿਨ ਆਸਟ੍ਰੇਲੀਆ ਦੇ ਲਈ ਕਾਲਾ ਦਿਨ ਬਣ ਗਿਆ, ਜਦੋਂ ਸਿਡਨੀ ਵਿੱਚ ਬੌਂਡੀ ਬੀਚ ਉੱਤੇ ਦੋ ਅੱਤਵਾਦੀਆਂ ਵੱਲੋਂ ਤਾੜ-ਤਾੜ ਗੋਲੀਆਂ ਬਰਸਾਈਆਂ ਗਈਆਂ। ਇਸ ਅੱਤਵਾਦੀ ਹਮਲੇ ਦੇ ਵਿੱਚ 12 ਲੋਕ ਮਰ ਗਏ ਅਤੇ 11 ਤੋਂ ਵੱਧ ਜ਼ਖ਼ਮੀ...

ਆਸਟ੍ਰੇਲੀਆ ਦੇ ਸਿਡਨੀ ਵਿੱਚ ਬੌਂਡੀ ਬੀਚ ‘ਤੇ ਹੋਏ ਅੱਤਵਾਦੀ ਹਮਲੇ ਦੀ ਭਾਰਤ, ਇਟਲੀ, ਅਮਰੀਕਾ, ਫਰਾਂਸ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਕੜੀ ਨਿੰਦਾ ਕੀਤੀ ਹੈ। ਇਸ ਦਰਮਿਆਨ ਹੁਣ ਇਸ ਘਟਨਾ ਨਾਲ ਪਾਕਿਸਤਾਨ ਦਾ ਕਨੈਕਸ਼ਨ ਵੀ ਸਾਹਮਣੇ ਆਇਆ ਹੈ। ਦਰਅਸਲ, ਸਿਡਨੀ ਦੇ ਇੱਕ ਸੀਨੀਅਰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨੇ ਦੱਸਿਆ ਕਿ ਬੌਂਡੀ ਬੀਚ ਗੋਲੀਬਾਰੀ ਦੇ ਕਥਿਤ ਦੋਸ਼ੀਆਂ ਵਿੱਚੋਂ ਇੱਕ ਦੀ ਪਛਾਣ ਨਵੀਦ ਅਕਰਮ ਵਜੋਂ ਹੋਈ ਹੈ, ਜੋ ਸਿਡਨੀ ਦੇ ਬੋਨਿਰਿਗ ਇਲਾਕੇ ਵਿੱਚ ਰਹਿੰਦਾ ਸੀ ਅਤੇ ਮੂਲ ਤੌਰ ‘ਤੇ ਪਾਕਿਸਤਾਨ ਦੇ ਲਾਹੌਰ ਦਾ ਵਸਨੀਕ ਹੈ।
ਸੋਸ਼ਲ ਮੀਡੀਆ ‘ਤੇ ਸ਼ੂਟਰ ਨਵੀਦ ਅਕਰਮ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਆਨਲਾਈਨ ਸਾਹਮਣੇ ਆਈ ਇੱਕ ਲਾਇਸੈਂਸ ਦੀ ਫੋਟੋ ਵਿੱਚ ਨਵੀਦ ਪਾਕਿਸਤਾਨ ਕ੍ਰਿਕਟ ਟੀਮ ਦੀ ਜਰਸੀ ਪਹਿਨੇ ਨਜ਼ਰ ਆ ਰਿਹਾ ਹੈ। ਜਾਣਕਾਰੀ ਮੁਤਾਬਕ, ਸ਼ੂਟਰ ਨਵੀਦ ਅਕਰਮ ਇਸਲਾਮਾਬਾਦ ਦੀ ਇੱਕ ਯੂਨੀਵਰਸਿਟੀ ਵਿੱਚ ਪਹਿਲਾਂ ਪੜ੍ਹਾਈ ਕਰ ਚੁੱਕਾ ਹੈ ਅਤੇ ਉਸਨੇ ਆਸਟ੍ਰੇਲੀਆ ਦੇ ਸਿਡਨੀ ਸਥਿਤ ਅਲ-ਮੁਰਾਦ ਇੰਸਟੀਟਿਊਟ ਵਿੱਚ ਵੀ ਸਿੱਖਿਆ ਹਾਸਲ ਕੀਤੀ ਸੀ।
ਸ਼ੂਟਰ ਨਵੀਦ ਅਕਰਮ ਦੀ ਤਸਵੀਰ ਵਾਇਰਲ ਹੋਈ
ਹਾਲਾਂਕਿ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਟਕਲਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਨਿਊ ਸਾਊਥ ਵੇਲਜ਼ (NSW) ਦੇ ਪੁਲਿਸ ਕਮਿਸ਼ਨਰ ਮਲ ਲੈਨਯਨ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ। ਉਨ੍ਹਾਂ ਕਿਹਾ, “ਇਹ ਬਦਲੇ ਦੀ ਕਾਰਵਾਈ ਦਾ ਸਮਾਂ ਨਹੀਂ ਹੈ, ਇਹ ਪੁਲਿਸ ਨੂੰ ਆਪਣਾ ਕੰਮ ਕਰਨ ਦੇਣ ਦਾ ਸਮਾਂ ਹੈ।” ਉਨ੍ਹਾਂ ਇਹ ਵੀ ਦੱਸਿਆ ਕਿ ਸ਼ੱਕੀ ਵਿਅਕਤੀਆਂ ਵਿੱਚੋਂ ਇੱਕ ਬਾਰੇ ਪੁਲਿਸ ਕੋਲ ਬਹੁਤ ਘੱਟ ਜਾਣਕਾਰੀ ਹੈ, ਇਸ ਲਈ ਇਸ ਵੇਲੇ ਉਸ ‘ਤੇ ਵਧੇਰੇ ਧਿਆਨ ਨਹੀਂ ਦਿੱਤਾ ਜਾ ਰਿਹਾ।
ਅਧਿਕਾਰੀਆਂ ਮੁਤਾਬਕ, ਇਸ ਹਮਲੇ ਵਿੱਚ ਸ਼ਾਮਲ ਦੋ ਸ਼ੂਟਰਾਂ ਵਿੱਚੋਂ ਇੱਕ ਨੂੰ ਮੌਕੇ ‘ਤੇ ਹੀ ਮਾਰ ਦਿੱਤਾ ਗਿਆ, ਜਦਕਿ ਦੂਜਾ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਹੈ। ਹੁਣ ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕਿਤੇ ਕੋਈ ਤੀਜਾ ਹਮਲਾਵਰ ਜਾਂ ਹੋਰ ਸਾਥੀ ਤਾਂ ਇਸ ਵਾਰਦਾਤ ਵਿੱਚ ਸ਼ਾਮਲ ਨਹੀਂ ਸੀ।
ਅੱਤਵਾਦੀ ਹਮਲੇ ਵਿੱਚ 12 ਲੋਕ ਮਰੇ, 11 ਜ਼ਖ਼ਮੀ
ਸਿਡਨੀ ਦੇ ਬੌਂਡੀ ਬੀਚ ‘ਤੇ ਸਥਾਨਕ ਸਮੇਂ ਮੁਤਾਬਕ ਸ਼ਾਮ ਲਗਭਗ 6:30 ਵਜੇ ਦੋ ਸ਼ੂਟਰਾਂ ਨੇ ਯਹੂਦੀ ਤਿਉਹਾਰ ਹਨੁੱਕਾ ਵਿੱਚ ਸ਼ਾਮਿਲ ਹੋਣ ਲਈ ਆਏ ਹਜ਼ਾਰਾਂ ਲੋਕਾਂ ‘ਤੇ ਬੇਰਹਮੀ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਹਮਲੇ ਵਿੱਚ 12 ਲੋਕਾਂ ਦੀ ਮੌਤ ਹੋ ਗਈ, ਜਦਕਿ 11 ਲੋਕ ਜ਼ਖ਼ਮੀ ਹੋ ਗਏ। ਆਸਟ੍ਰੇਲੀਆ ਦੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਅੱਤਵਾਦੀ ਹਮਲਾ ਘੋਸ਼ਿਤ ਕੀਤਾ। ਇਸ ਤੋਂ ਬਾਅਦ ਭਾਰਤ, ਅਮਰੀਕਾ, ਬ੍ਰਿਟੇਨ, ਇਟਲੀ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੇ ਇਸਦੀ ਕੜੀ ਨਿੰਦਾ ਕੀਤੀ ਅਤੇ ਆਸਟ੍ਰੇਲੀਆ ਦੇ ਲੋਕਾਂ ਪ੍ਰਤੀ ਡੂੰਘੀ ਸੰਵੇਦਨਾ ਦਿਖਾਉਂਦੇ ਹੋਏ ਇਕਜੁਟਤਾ ਪ੍ਰਗਟਾਈ।
ਯਹੂਦੀਆਂ ‘ਤੇ ਹਮਲੇ ਨਾਲ ਇਜ਼ਰਾਈਲ ਗੁੱਸੇ ਵਿੱਚ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਆਸਟ੍ਰੇਲੀਆ ਦੀ ਸਰਕਾਰ ‘ਤੇ ਸਿਡਨੀ ਵਿੱਚ ਐਤਵਾਰ ਯਾਨੀਕਿ 14 ਦਸੰਬਰ ਨੂੰ ਹੋਈ ਗੋਲੀਬਾਰੀ ਤੋਂ ਪਹਿਲਾਂ ਯਹੂਦੀ ਵਿਰੋਧੀ ਭਾਵਨਾ ਨੂੰ ਵਧਾਉਣ ਦਾ ਦੋਸ਼ ਲਗਾਇਆ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਕਿਹਾ, “ਤਿੰਨ ਮਹੀਨੇ ਪਹਿਲਾਂ ਮੈਂ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਨੂੰ ਲਿਖਿਆ ਸੀ ਕਿ ਤੁਹਾਡੀ ਨੀਤੀ ਯਹੂਦੀ ਵਿਰੋਧੀ ਭਾਵਨਾ ਦੀ ਅੱਗ ‘ਚ ਘੀ ਪਾ ਰਹੀ ਹੈ। ਯਹੂਦੀ ਵਿਰੋਧੀ ਭਾਵਨਾ ਇੱਕ ਕੈਂਸਰ ਹੈ ਜੋ ਫੈਲਦਾ ਹੈ ਜਦੋਂ ਨੇਤਾ ਚੁੱਪ ਰਹਿੰਦੇ ਹਨ ਅਤੇ ਕੋਈ ਕਾਰਵਾਈ ਨਹੀਂ ਕਰਦੇ।”
ਉੱਧਰ, ਇਜ਼ਰਾਈਲ ਦੇ ਰਾਸ਼ਟਰਪਤੀ ਨੇ ਕਿਹਾ, “ਅਸੀਂ ਆਸਟ੍ਰੇਲੀਆਈ ਸਰਕਾਰ ਤੋਂ ਵਾਰ-ਵਾਰ ਕਾਰਵਾਈ ਕਰਨ ਅਤੇ ਆਸਟ੍ਰੇਲੀਆਈ ਸਮਾਜ ਵਿੱਚ ਫੈਲੀ ਯਹੂਦੀ ਵਿਰੋਧੀ ਭਾਵਨਾ ਦੀ ਵੱਡੀ ਲਹਿਰ ਦੇ ਖਿਲਾਫ ਲੜਾਈ ਕਰਨ ਦੀ ਅਪੀਲ ਕੀਤੀ ਹੈ।”
ਪ੍ਰਧਾਨ ਮੰਤਰੀ ਆਲਬਨੀਜ਼ ਨੇ ਕਿਹਾ ਅੱਤਵਾਦੀ ਹਮਲਾ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਆਲਬਨੀਜ਼ ਨੇ ਇਸ ਘਟਨਾ ਬਾਰੇ ਇੱਕ ਬਿਆਨ ਜਾਰੀ ਕੀਤਾ। ਉਸ ਵਿੱਚ ਉਨ੍ਹਾਂ ਸਿਡਨੀ ਦੇ ਬੌਂਡੀ ਬੀਚ ‘ਤੇ ਯਹੂਦੀ ਤਿਉਹਾਰ ਹਨੁੱਕਾ ਵਿੱਚ ਸ਼ਾਮਿਲ ਹੋਣ ਲਈ ਇਕੱਠੇ ਹੋਏ ਹਜ਼ਾਰਾਂ ਲੋਕਾਂ ‘ਤੇ ਹੋਈ ਬੇਰਹਮੀ ਵਾਲੀ ਗੋਲੀਬਾਰੀ ਨੂੰ ਅੱਤਵਾਦੀ ਹਮਲਾ ਘੋਸ਼ਿਤ ਕੀਤਾ। ਉਨ੍ਹਾਂ ਇਸ ਹਮਲੇ ਦੀ ਕੜੀ ਨਿੰਦਾ ਕੀਤੀ ਅਤੇ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾ ਵੀ ਪ੍ਰਗਟਾਈ।






















