ਲੋਕਾਂ 'ਚ ਮੱਚੀ ਤਰਥੱਲੀ! ਨਹੀਂ ਚੱਲਣਗੀਆਂ ਓਲਾ, ਉਬਰ, ਰੈਪਿਡੋ! ਜਾਣੋ ਕੀ ਹੈ ਪੂਰਾ ਮਾਮਲਾ?
ਰੈਪਿਡੋ, ਓਲਾ ਅਤੇ ਉਬਰ ਵਰਗੀਆਂ ਕੰਪਨੀਆਂ ਨੂੰ ਕਰਨਾਟਕ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਕੋਰਟ ਨੇ ਬਾਈਕ ਟੈਕਸੀ ਸੇਵਾਵਾਂ ਨੂੰ ਨਿਲੰਬਿਤ ਕਰਨ ਦੇ ਫੈਸਲੇ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ।

Bike Taxi Ban: ਰੈਪਿਡੋ, ਓਲਾ ਅਤੇ ਉਬਰ ਵਰਗੀਆਂ ਕੰਪਨੀਆਂ ਨੂੰ ਕਰਨਾਟਕ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਦਰਅਸਲ, ਕੋਰਟ ਨੇ ਬਾਈਕ ਟੈਕਸੀ ਸੇਵਾਵਾਂ ਨੂੰ ਨਿਲੰਬਿਤ ਕਰਨ ਦੇ ਫੈਸਲੇ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸਦਾ ਸਿੱਧਾ ਅਸਰ ਇਹ ਹੋਵੇਗਾ ਕਿ ਸੋਮਵਾਰ 16 ਜੂਨ 2025 ਤੋਂ ਸੂਬੇ ਭਰ ਵਿੱਚ ਓਲਾ, ਉਬਰ ਅਤੇ ਰੈਪਿਡੋ ਵਰਗੀਆਂ ਕੰਪਨੀਆਂ ਦੀਆਂ ਬਾਈਕ ਟੈਕਸੀ ਸੇਵਾਵਾਂ ਪੂਰੀ ਤਰ੍ਹਾਂ ਬੰਦ ਹੋ ਜਾਣਗੀਆਂ। ਕੋਰਟ ਨੇ ਕਿਹਾ ਹੈ ਕਿ ਜਦ ਤੱਕ ਸਰਕਾਰ ਵੱਲੋਂ ਨਿਯਮ ਅਤੇ ਦਿਸ਼ਾ-ਨਿਰਦੇਸ਼ ਤੈਅ ਨਹੀਂ ਕੀਤੇ ਜਾਂਦੇ, ਤਦ ਤੱਕ ਬਾਈਕ ਟੈਕਸੀ ਚਲਾਉਣਾ ਗੈਰਕਾਨੂੰਨੀ ਰਹੇਗਾ।
ਸਾਰੀ ਘਟਨਾ ਕੁਝ ਇੰਝ ਹੈ ਕਿ ਓਲਾ, ਉਬਰ ਇੰਡੀਆ ਅਤੇ ਰੈਪਿਡੋ ਨੇ ਕਰਨਾਟਕ ਹਾਈ ਕੋਰਟ ਵਿੱਚ ਇੱਕ ਅਰਜ਼ੀ ਦਾਇਰ ਕੀਤੀ ਸੀ, ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਬਾਈਕ ਟੈਕਸੀ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ ਅਤੇ ਪੀਲੀ ਨੰਬਰ ਪਲੇਟ ਵਾਲੀਆਂ ਬਾਈਕਾਂ ਨੂੰ ਟਰਾਂਸਪੋਰਟ ਵਾਹਨ ਵਜੋਂ ਰਜਿਸਟਰ ਕੀਤਾ ਜਾਵੇ।
ਪਰ ਕੋਰਟ ਨੇ ਇਨ੍ਹਾਂ ਕੰਪਨੀਆਂ ਦੀ ਅੰਤਰਿਮ ਰਾਹਤ ਦੀ ਅਰਜ਼ੀ ਰੱਦ ਕਰ ਦਿੱਤੀ। ਜਸਟਿਸ ਬੀ.ਐੱਮ. ਸ਼ਿਆਮ ਪ੍ਰਸਾਦ ਦੀ ਬੈਂਚ ਨੇ ਕਿਹਾ ਕਿ ਜਦ ਤੱਕ ਸਾਫ਼ ਨਿਯਮ ਨਹੀਂ ਬਣਦੇ, ਤਦ ਤੱਕ ਬਾਈਕ ਟੈਕਸੀ ਸੇਵਾ ਨੂੰ ਕਾਨੂੰਨੀ ਨਹੀਂ ਮੰਨਿਆ ਜਾ ਸਕਦਾ। ਕੋਰਟ ਨੇ ਸਰਕਾਰ ਨੂੰ 3 ਮਹੀਨੇ ਦਾ ਸਮਾਂ ਦਿੱਤਾ ਹੈ ਤਾਂ ਜੋ ਉਹ ਮੋਟਰ ਵਾਹਨ ਐਕਟ ਦੇ ਅਧੀਨ ਬਾਈਕ ਟੈਕਸੀ ਲਈ ਨਿਯਮ ਤੇ ਦਿਸ਼ਾ-ਨਿਰਦੇਸ਼ ਤੈਅ ਕਰ ਸਕੇ।
ਪਹਿਲਾਂ ਕੀ ਹੋਇਆ ਸੀ?
ਅਪ੍ਰੈਲ 2025 ਵਿੱਚ ਕੋਰਟ ਨੇ ਓਲਾ, ਉਬਰ ਅਤੇ ਰੈਪਿਡੋ ਵਰਗੀਆਂ ਕੰਪਨੀਆਂ ਨੂੰ 15 ਜੂਨ ਤੱਕ ਬਾਈਕ ਟੈਕਸੀ ਚਲਾਉਣ ਦੀ ਅੰਤਰਿਮ ਇਜਾਜ਼ਤ ਦਿੱਤੀ ਸੀ। ਪਰ ਹੁਣ ਕੋਰਟ ਨੇ ਇਸ ਰਾਹਤ ਨੂੰ ਹੋਰ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ। ਇਸਦਾ ਅਰਥ ਹੈ ਕਿ 16 ਜੂਨ 2025 ਤੋਂ ਇਹ ਸੇਵਾਵਾਂ ਪੂਰੀ ਤਰ੍ਹਾਂ ਬੰਦ ਹੋਣਗੀਆਂ।
ਇਲੈਕਟ੍ਰਿਕ ਬਾਈਕ ਯੋਜਨਾ ਵੀ ਹੋਈ ਬੰਦ
ਸਰਕਾਰ ਨੇ 2021 ਵਿੱਚ ਇਲੈਕਟ੍ਰਿਕ ਬਾਈਕ ਟੈਕਸੀ ਯੋਜਨਾ ਦੀ ਸ਼ੁਰੂਆਤ ਕੀਤੀ ਸੀ, ਪਰ ਸੁਰੱਖਿਆ ਅਤੇ ਨਿਯਮਾਂ ਦੀ ਘਾਟ ਕਾਰਨ ਮਾਰਚ 2024 ਵਿੱਚ ਇਹ ਸਕੀਮ ਵੀ ਬੰਦ ਕਰ ਦਿੱਤੀ ਗਈ।
ਬੈਂਗਲੁਰੂ ਦੇ ਯਾਤਰੀਆਂ ਲਈ ਵੱਡਾ ਝਟਕਾ
ਬੈਂਗਲੁਰੂ ਵਰਗੇ ਟ੍ਰੈਫਿਕ ਵਾਲੇ ਸ਼ਹਿਰ ਵਿੱਚ ਬਾਈਕ ਟੈਕਸੀ ਲੋਕਾਂ ਲਈ ਇੱਕ ਵੱਡੀ ਸੁਵਿਧਾ ਸੀ। ਹੁਣ ਇਹ ਸੇਵਾ ਬੰਦ ਹੋਣ ਕਾਰਨ ਯਾਤਰੀਆਂ ਨੂੰ ਮਹਿੰਗੀਆਂ ਟੈਕਸੀ ਜਾਂ ਆਟੋਆਂ ਦਾ ਸਹਾਰਾ ਲੈਣਾ ਪਏਗਾ। ਇਸ ਦਾ ਸਭ ਤੋਂ ਵੱਧ ਅਸਰ ਮਿਡਲ ਕਲਾਸ ਅਤੇ ਵਿਦਿਆਰਥੀਆਂ ਉੱਤੇ ਪਵੇਗਾ।
ਡਰਾਈਵਰਾਂ ਦੀ ਕਮਾਈ 'ਤੇ ਸਿੱਧਾ ਅਸਰ
ਹਜ਼ਾਰਾਂ ਗਿਗ ਵਰਕਰ, ਜੋ ਇਹ ਸੇਵਾਵਾਂ ਦੇ ਜ਼ਰੀਏ ਆਪਣੀ ਰੋਜ਼ੀ-ਰੋਟੀ ਕਮਾਉਂਦੇ ਸਨ, ਹੁਣ ਬੇਰੋਜ਼ਗਾਰੀ ਦੇ ਖਤਰੇ ਵਿਚ ਹਨ। ਕਈ ਡਰਾਈਵਰਾਂ ਨੇ ਲੋਨ 'ਤੇ ਬਾਈਕਾਂ ਖਰੀਦੀਆਂ ਸਨ, ਹੁਣ ਉਹਨਾਂ ਲਈ EMI ਭਰਨਾ ਮੁਸ਼ਕਲ ਹੋ ਸਕਦਾ ਹੈ। ਸਰਕਾਰ ਨੂੰ ਅਗਲੇ ਤਿੰਨ ਮਹੀਨਿਆਂ ਵਿੱਚ ਬਾਈਕ ਟੈਕਸੀ ਲਈ ਸਾਫ਼ ਨਿਯਮ ਅਤੇ ਕਾਨੂੰਨ ਬਣਾਉਣੇ ਪੈਣਗੇ। ਜੇਕਰ ਇਹ ਹੁੰਦਾ ਹੈ ਤਾਂ ਭਵਿੱਖ ਵਿੱਚ ਇਹ ਸੇਵਾਵਾਂ ਮੁੜ ਸ਼ੁਰੂ ਹੋ ਸਕਦੀਆਂ ਹਨ, ਪਰ ਉਸ ਵੇਲੇ ਤਕ ਨਾ ਤਾਂ ਡਰਾਈਵਰਾਂ ਨੂੰ ਕਮਾਈ ਹੋਵੇਗੀ ਅਤੇ ਨਾ ਹੀ ਯਾਤਰੀਆਂ ਨੂੰ ਸੁਵਿਧਾ।






















