Jalandhar News: ਜਲੰਧਰ CP ਦੀ ਕਾਰਵਾਈ, ਥਾਣਾ-3 ਦੇ SHO ਨੂੰ ਕੀਤਾ ਲਾਈਨ ਹਾਜ਼ਰ, ਇਸ ਮਾਮਲੇ ਦੇ ਚੱਲਦੇ ਹੋਇਆ ਵੱਡਾ ਐਕਸ਼ਨ
ਕੁੱਝ ਦਿਨ ਪਹਿਲਾਂ ਹੀ ਜਲੰਧਰ 'ਚ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਨੌਜਵਾਨਾਂ ਨੇ ਚਾਪ ਦੀ ਦੁਕਾਨ 'ਚ ਵੜ ਕੇ ਖੁੱਲ੍ਹੇਆਮ ਤਲਵਾਰਾਂ ਲਹਿਰਾਈਆਂ ਤੇ ਭੰਨਤੋੜ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਦੁਕਾਨ ਉਪਰ ਬੈਠੇ ਮਾਲਕਾਂ ਦੀ ਕੁੱਟਮਾਰ ਵੀ ਕੀਤੀ..

Jalandhar News: ਜਲੰਧਰ ਦੇ ਮਿਲਾਪ ਚੌਕ ਵਿਖੇ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਨੌਜਵਾਨਾਂ ਵੱਲੋਂ ਸੋਇਆ ਚਾਪ ਦੀ ਦੁਕਾਨ 'ਤੇ ਹੋਏ ਹਮਲੇ ਦੇ ਮਾਮਲੇ 'ਚ ਥਾਣਾ ਇੰਚਾਰਜ ਅਨਿਲ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸਬ ਇੰਸਪੈਕਟਰ ਰਜਿੰਦਰ ਸਿੰਘ ਨੂੰ ਥਾਣਾ ਮੁਖੀ ਵਜੋਂ ਤਾਇਨਾਤ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ, ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਉਨ੍ਹਾਂ ਨੂੰ ਲਾਈਨ ਭੇਜਣ ਦੇ ਹੁਕਮ ਜਾਰੀ ਕੀਤੇ।
ਚਾਪ ਸ਼ਾਪ 'ਤੇ ਹਮਲੇ ਮਾਮਲੇ 'ਚ ਇੰਸਪੈਕਟਰ 'ਤੇ ਫ਼ੋਨ ਨਾ ਚੁੱਕਣ ਦੇ ਲਾਏ ਗਏ ਦੋਸ਼
ਨਿਹੰਗ ਸਿੰਘ ਵੱਲੋਂ ਆਰਡਰ ਦੇਣ 'ਚ ਦੇਰੀ ਅਤੇ ਬਹਿਸ ਤੋਂ ਬਾਅਦ ਚਾਪ ਵੇਚਣ ਵਾਲਿਆਂ 'ਤੇ ਹਮਲਾ ਕੀਤਾ ਗਿਆ। ਇਸ ਦੌਰਾਨ ਦੁਕਾਨ ਮਾਲਕ ਨੇ ਸਭ ਤੋਂ ਪਹਿਲਾਂ ਇੰਸਪੈਕਟਰ ਅਨਿਲ ਕੁਮਾਰ ਨੂੰ ਫ਼ੋਨ ਕੀਤਾ, ਪਰ ਉਨ੍ਹਾਂ ਵੱਲੋਂ ਫ਼ੋਨ ਨਹੀਂ ਚੁੱਕਿਆ ਗਿਆ। ਪੀੜਤ ਪਰਿਵਾਰ ਵੱਲੋਂ ਕਈ ਵਾਰ ਫ਼ੋਨ ਕਰਨ ਦੇ ਬਾਵਜੂਦ ਵੀ ਇੰਸਪੈਕਟਰ ਨੇ ਕਾਲ ਉਠਾਈ ਨਹੀਂ, ਜਿਸ ਕਰਕੇ ਉਨ੍ਹਾਂ 'ਤੇ ਲਾਪਰਵਾਹੀ ਦੇ ਦੋਸ਼ ਲਾਏ ਜਾ ਰਹੇ ਹਨ।
ਸਾਥ ਹੀ, ਜਿੱਥੇ ਇਹ ਘਟਨਾ ਵਾਪਰੀ, ਉਹ ਥਾਂ ਥਾਣਾ ਨੰਬਰ 3 ਤੋਂ ਸਿਰਫ਼ 150 ਮੀਟਰ ਦੀ ਦੂਰੀ 'ਤੇ ਸੀ। ਇਸ ਦੇ ਬਾਵਜੂਦ ਵੀ ਥਾਣਾ-3 ਦੇ ਇੰਚਾਰਜ ਅਨਿਲ ਕੁਮਾਰ ਨੇ ਨਾ ਤਾਂ ਪੀੜਤ ਪਰਿਵਾਰ ਦਾ ਫ਼ੋਨ ਚੁੱਕਿਆ ਅਤੇ ਨਾ ਹੀ ਕਿਸੇ ਹੋਰ ਦੁਕਾਨਦਾਰ ਦੀ ਕਾਲ ਦਾ ਜਵਾਬ ਦਿੱਤਾ। ਇਥੋਂ ਤੱਕ ਕਿ ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਥਾਣਾ ਨੰਬਰ 3 ਦਾ ਘੇਰਾਓ ਵੀ ਕੀਤਾ।
ਆਰਡਰ ਵਿਚ ਦੇਰੀ ਹੋਣ 'ਤੇ ਨਿਹੰਗਾਂ ਨੇ ਸਾਥੀਆਂ ਸਮੇਤ ਕੀਤਾ ਹਮਲਾ
ਦੱਸ ਦਈਏ ਕਿ ਜਲੰਧਰ ਦੇ ਮਿਲਾਪ ਚੌਕ 'ਤੇ ਹੋਣ ਵਾਲੀ ਇਸ ਘਟਨਾ 'ਚ ਬੁੱਧਵਾਰ ਦੀ ਰਾਤ ਦੁੱਗਲ ਚਾਪ ਦੀ ਦੁਕਾਨ 'ਤੇ ਮਾਲਕ ਮੋਹਿਤ ਅਤੇ ਉਸਦੇ ਬੇਟੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਇਹ ਹਮਲਾ ਉਸ ਨਿਹੰਗ ਬਾਣੇ ਚ ਆਏ ਨੌਜਵਾਨਾਂ ਵਲੋਂ ਕੀਤਾ ਗਿਆ ਜੋ ਗਾਹਕ ਬਣ ਕੇ ਆਏ ਸਨ ਅਤੇ ਆਰਡਰ ਦੇਰ ਨਾਲ ਮਿਲਣ 'ਤੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਕੇ ਹਮਲਾ ਕਰ ਦਿੱਤਾ।
ਪਹਿਲਾਂ ਨਿਹੰਗ ਅਤੇ ਦੁਕਾਨਦਾਰ ਵਿਚ ਝਗੜਾ ਹੋਇਆ ਸੀ। ਕੁਝ ਸਮੇਂ ਬਾਅਦ ਨਿਹੰਗ ਨੇ ਹੋਰ ਨਿਹੰਗ ਸਾਥੀਆਂ ਨੂੰ ਬੁਲਾ ਲਿਆ ਅਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਦੁਕਾਨਦਾਰ ਅਤੇ ਉਸਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਇਸ ਮਾਮਲੇ ਵਿਚ ਹੁਣ ਤਕ ਦੋ ਦੋਸ਼ੀਆਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ।






















