Vehicle Fine: ਅਜਿਹੇ ਵਾਹਨਾਂ ਨੂੰ 10,000 ਰੁਪਏ ਤੱਕ ਦਾ ਜੁਰਮਾਨਾ ਜਾਂ ਮਾਲਕ ਨੂੰ ਹੋ ਸਕਦੀ ਜੇਲ੍ਹ
ਟਰਾਂਸਪੋਰਟ ਵਿਭਾਗ ਵੱਲੋਂ ਦੇਖਿਆ ਗਿਆ ਹੈ ਕਿ ਸਰਕਾਰੀ ਵਿਭਾਗਾਂ, ਸਥਾਨਕ ਸੰਸਥਾਵਾਂ ਤੇ ਜਨਤਕ ਖੇਤਰ ਦੀਆਂ ਇਕਾਈਆਂ ਨਾਲ ਸਬੰਧਤ ਟਰਾਂਸਪੋਰਟ ਵਾਹਨਾਂ ਸਮੇਤ ਬਹੁਤ ਸਾਰੇ ਮਾਲਕ ਜਾਂ ਡਰਾਈਵਰ ਵੈਧ ਫਿਟਨੈੱਸ ਸਰਟੀਫ਼ਿਕੇਟ ਤੋਂ ਬਗੈਰ ਵਾਹਨ ਚਲਾ ਰਹੇ ਹਨ
Vehicle Fine: ਦਿੱਲੀ ਟਰਾਂਸਪੋਰਟ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਫਿਟਨੈੱਸ ਦੇ ਵੈਲਿਡ ਸਰਟੀਫ਼ਿਕੇਟ ਤੋਂ ਬਗੈਰ ਪਾਏ ਜਾਣ ਵਾਲੇ ਸਰਕਾਰੀ ਵਿਭਾਗਾਂ ਸਮੇਤ ਵਾਹਨਾਂ ਦੇ ਮਾਲਕਾਂ ਤੇ ਡਰਾਈਵਰਾਂ 'ਤੇ 10,000 ਰੁਪਏ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ਜਾਂ ਉਨ੍ਹਾਂ ਨੂੰ ਜੇਲ੍ਹ ਵੀ ਭੇਜਿਆ ਜਾ ਸਕਦਾ ਹੈ। ਇਹ ਕਦਮ ਮੋਟਰ ਵਹੀਕਲਜ਼ (ਐਮਵੀ) ਐਕਟ ਦੇ ਉਲੰਘਣ ਕਰਕੇ ਦਿੱਲੀ ਦੀਆਂ ਸੜਕਾਂ 'ਤੇ ਅਜਿਹੇ ਕਈ ਵਾਹਨਾਂ ਦੇ ਚੱਲਣ ਤੋਂ ਬਾਅਦ ਚੁੱਕਿਆ ਗਿਆ ਹੈ।
ਟਰਾਂਸਪੋਰਟ ਵਿਭਾਗ ਵੱਲੋਂ ਦੇਖਿਆ ਗਿਆ ਹੈ ਕਿ ਸਰਕਾਰੀ ਵਿਭਾਗਾਂ, ਸਥਾਨਕ ਸੰਸਥਾਵਾਂ ਤੇ ਜਨਤਕ ਖੇਤਰ ਦੀਆਂ ਇਕਾਈਆਂ ਨਾਲ ਸਬੰਧਤ ਟਰਾਂਸਪੋਰਟ ਵਾਹਨਾਂ ਸਮੇਤ ਬਹੁਤ ਸਾਰੇ ਮਾਲਕ ਜਾਂ ਡਰਾਈਵਰ ਵੈਧ ਫਿਟਨੈੱਸ ਸਰਟੀਫ਼ਿਕੇਟ ਤੋਂ ਬਗੈਰ ਵਾਹਨ ਚਲਾ ਰਹੇ ਹਨ, ਜੋ ਮੋਟਰ ਵਹੀਕਲਜ਼ (ਐਮਵੀ) ਐਕਟ 1988 ਤੇ ਉਨ੍ਹਾਂ ਦੇ ਤਹਿਤ ਬਣਾਏ ਗਏ ਨਿਯਮਾਂ ਦੀ ਉਲੰਘਣਾ ਹੈ।
ਐਮਵੀ ਐਕਟ ਦੀ ਧਾਰਾ-56 ਦੇ ਅਨੁਸਾਰ ਇੱਕ ਟਰਾਂਸਪੋਰਟ ਵਾਹਨ ਨੂੰ ਉਦੋਂ ਤਕ ਵੈਧ ਤੌਰ 'ਤੇ ਰਜਿਸਟਰਡ ਨਹੀਂ ਮੰਨਿਆ ਜਾਂਦਾ ਹੈ, ਜਦੋਂ ਤੱਕ ਕਿ ਉਸ ਕੋਲ ਟਰਾਂਸਪੋਰਟ ਵਿਭਾਗ ਦਿੱਲੀ ਸਰਕਾਰ ਵੱਲੋਂ ਜਾਰੀ ਫਿਟਨੈੱਸ ਦਾ ਵੈਲਿਡ ਪ੍ਰਮਾਣ ਪੱਤਰ ਨਾ ਹੋਵੇ।
ਅਜਿਹੇ ਵਾਹਨ ਉਦੋਂ ਤੱਕ ਸੜਕਾਂ 'ਤੇ ਚੱਲਣ ਦੇ ਯੋਗ ਨਹੀਂ, ਜਦੋਂ ਤੱਕ ਫਿਟਨੈੱਸ ਸਰਟੀਫ਼ਿਕੇਟ ਨਹੀਂ ਮਿਲ ਜਾਂਦਾ। ਕੇਂਦਰੀ ਮੋਟਰ ਵਾਹਨ ਨਿਯਮ 1989 ਦੇ ਨਿਯਮ-62 ਦੇ ਅਨੁਸਾਰ ਫਿਟਨੈੱਸ ਸਰਟੀਫ਼ਿਕੇਟ ਅੱਠ ਸਾਲ ਤੱਕ ਪੁਰਾਣੇ ਵਾਹਨਾਂ ਲਈ 2 ਸਾਲ ਦੀ ਮਿਆਦ ਲਈ ਤੇ 8 ਸਾਲ ਤੋਂ ਵੱਧ ਪੁਰਾਣੇ ਵਾਹਨਾਂ ਲਈ 1 ਸਾਲ ਦੀ ਮਿਆਦ ਲਈ ਵੈਧ ਹੈ।
ਈ-ਰਿਕਸ਼ਾ ਅਤੇ ਈ-ਕਾਰਟ ਲਈ ਫਿਟਨੈੱਸ ਸਰਟੀਫ਼ਿਕੇਟ ਤਿੰਨ ਸਾਲਾਂ ਦੀ ਮਿਆਦ ਲਈ ਵੈਧ ਹੁੰਦਾ ਹੈ। ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਨਫੋਰਸਮੈਂਟ ਟੀਮਾਂ ਨੂੰ ਸੜਕਾਂ 'ਤੇ ਐਕਟ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਤਲਾਸ਼ੀ ਜਾਰੀ ਰੱਖਣ ਲਈ ਕਿਹਾ ਗਿਆ ਹੈ ਤੇ ਉਲੰਘਣਾ ਕਰਨ ਵਾਲਿਆਂ ਨੂੰ ਫੜਨ ਲਈ ਮੁਹਿੰਮ ਜਲਦ ਹੀ ਸ਼ੁਰੂ ਕੀਤੀ ਜਾਵੇਗੀ।
ਵੈਧ ਫਿਟਨੈੱਸ ਸਰਟੀਫ਼ਿਕੇਟ ਤੋਂ ਬਗੈਰ ਵਾਹਨ ਮਾਲਕਾਂ ਤੇ ਡਰਾਈਵਰਾਂ ਨੂੰ ਪਹਿਲੇ ਅਪਰਾਧ ਲਈ 2000 ਤੋਂ 5000 ਰੁਪਏ ਤੇ ਦੂਜੇ ਅਪਰਾਧ ਲਈ 5000 ਤੋਂ 10,000 ਰੁਪਏ ਜੁਰਮਾਨਾ ਦੇਣਾ ਹੋਵੇਗਾ। ਅਜਿਹੇ ਮਾਮਲਿਆਂ 'ਚ ਮਾਲਕ ਜਾਂ ਡਰਾਈਵਰ ਲਈ ਜੇਲ੍ਹ ਦੀ ਸਜ਼ਾ ਦਾ ਕਾਨੂੰਨ ਵੀ ਹੈ।