Pulse Prices: ਚੋਣਾਂ ਤੋਂ ਪਹਿਲਾਂ ਮਹਿੰਗੀਆਂ ਹੋਈਆਂ ਦਾਲਾਂ, ਸਰਕਾਰ ਨੇ ਚੁੱਕਿਆ ਕਦਮ
Pulse Prices: ਚੁਣਾਵੀ ਮੌਸਮ ਦੌਰਾਨ ਵੱਖ-ਵੱਖ ਦਾਲਾਂ ਦੀਆਂ ਵਧਦੀਆਂ ਕੀਮਤਾਂ ਸਰਕਾਰ ਨੂੰ ਪਰੇਸ਼ਾਨ ਕਰ ਰਹੀਆਂ ਹਨ। ਇਸ ਕਾਰਨ ਸਰਕਾਰ ਵੱਲੋਂ ਦਾਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹੁਣ...
Pulse Prices: ਚੁਣਾਵੀ ਮੌਸਮ ਦੌਰਾਨ ਵੱਖ-ਵੱਖ ਦਾਲਾਂ ਦੀਆਂ ਵਧਦੀਆਂ ਕੀਮਤਾਂ ਸਰਕਾਰ ਨੂੰ ਪਰੇਸ਼ਾਨ ਕਰ ਰਹੀਆਂ ਹਨ। ਇਸ ਕਾਰਨ ਸਰਕਾਰ ਵੱਲੋਂ ਦਾਲਾਂ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਹੁਣ ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਇਸ ਸਬੰਧੀ ਵੱਖ-ਵੱਖ ਧਿਰਾਂ ਨਾਲ ਮੀਟਿੰਗ ਕਰਕੇ ਸਟਾਕ ਅਤੇ ਉਪਲਬਧਤਾ ਦਾ ਜਾਇਜ਼ਾ ਲਿਆ ਹੈ।
ਖਪਤਕਾਰ ਮੰਤਰਾਲੇ ਨੇ ਦਿੱਤਾ ਇਹ ਬਿਆਨ
ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਸ਼ਨੀਵਾਰ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਦਾਲ ਵਪਾਰੀਆਂ ਸਣੇ ਵੱਖ-ਵੱਖ ਹਿੱਸੇਦਾਰਾਂ ਦੇ ਸਹਿਯੋਗ ਨਾਲ ਉਪਲਬਧਤਾ ਦੀ ਸਮੀਖਿਆ ਕੀਤੀ ਗਈ ਹੈ। ਇਸ ਦੇ ਲਈ ਖਪਤਕਾਰ ਮਾਮਲਿਆਂ ਦੀ ਸਕੱਤਰ ਨਿਧੀ ਖਰੇ ਨੇ ਦਾਲਾਂ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਹੈ।
ਪਾਲਣਾ ਨਾਂ ਕਰਨ 'ਤੇ ਕਾਰਵਾਈ
ਇਸ ਤੋਂ ਪਹਿਲਾਂ, ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਹਫਤਾਵਾਰੀ ਆਧਾਰ 'ਤੇ ਵਪਾਰੀਆਂ ਵਲੋਂ ਵੱਖ-ਵੱਖ ਦਾਲਾਂ ਦੇ ਸਟਾਕ ਦਾ ਖੁਲਾਸਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਸਨ। ਕੇਂਦਰ ਸਰਕਾਰ ਨੇ ਅਰਹਰ ਦੀ ਦਾਲ, ਉੜਦ ਦੀ ਦਾਲ, ਛੋਲੇ ਦੀ ਦਾਲ, ਮਸੂਰ ਦੀ ਦਾਲ ਅਤੇ ਮੂੰਗ ਦੀ ਦਾਲ ਤੋਂ ਇਲਾਵਾ ਆਯਾਤ ਪੀਲੇ ਮਟਰ ਦੀ ਦਾਲ ਦੇ ਸਟਾਕ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸੇ ਸਬੰਧੀ ਤਾਜ਼ਾ ਮੀਟਿੰਗ ਹੋਈ, ਜਿਸ ਵਿੱਚ ਸਕੱਤਰ ਨੇ ਦਾਲਾਂ ਉਦਯੋਗ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਹਦਾਇਤਾਂ ਦੀ ਪਾਲਣਾ ਨਾਂ ਕਰਨ ਵਾਲੇ ਵਪਾਰੀਆਂ ਵਿਰੁੱਧ ਜ਼ਰੂਰੀ ਵਸਤਾਂ ਐਕਟ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਾਲਾਂ ਦੀਆਂ ਕੀਮਤਾਂ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਸਕੱਤਰ ਨਿਧੀ ਖਰੇ ਨੇ ਵੀ ਇਸ ਹਫਤੇ ਸੂਬਿਆਂ ਦੇ ਪ੍ਰਮੁੱਖ ਸਕੱਤਰਾਂ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਦੇ ਸਕੱਤਰਾਂ ਨਾਲ ਮੀਟਿੰਗ ਕੀਤੀ ਸੀ। ਉਹਨਾਂ ਨੇ ਸਾਰੇ ਸੂਬਾ ਸਕੱਤਰਾਂ ਨੂੰ ਸਟਾਕ ਹੋਲਡਿੰਗ ਸੰਸਥਾਵਾਂ ਵਲੋਂ ਸਟਾਕ ਦਾ ਖੁਲਾਸਾ ਯਕੀਨੀ ਬਣਾਉਣ ਲਈ ਕਿਹਾ ਸੀ।
ਕਿੰਨੀ ਹੋਈ ਮਹਿੰਗੀਆਂ?
ਅਸਲ 'ਚ ਪਿਛਲੇ ਕੁਝ ਹਫ਼ਤਿਆਂ ਤੋਂ ਵੱਖ-ਵੱਖ ਦਾਲਾਂ, ਖਾਸ ਕਰਕੇ ਪੀਲੇ ਮਟਰ, ਅਰਹਰ ਅਤੇ ਉੜਦ ਦੀ ਦਾਲ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਪਿਛਲੇ ਡੇਢ ਮਹੀਨੇ 'ਚ ਇਨ੍ਹਾਂ ਦੀਆਂ ਕੀਮਤਾਂ 'ਚ 100 ਰੁਪਏ ਦਾ ਵਾਧਾ ਹੋਇਆ ਹੈ। ਇਹ ਮਹਿੰਗਾਈ ਦੇ ਅੰਕੜਿਆਂ ਵਿੱਚ ਵੀ ਦਿਖਾਈ ਦਿੰਦਾ ਹੈ। ਇਕ ਦਿਨ ਪਹਿਲਾਂ ਜਾਰੀ ਅੰਕੜਿਆਂ ਮੁਤਾਬਕ ਮਾਰਚ ਮਹੀਨੇ ਵਿਚ ਦਾਲਾਂ ਦੀ ਪ੍ਰਚੂਨ ਮਹਿੰਗਾਈ ਵਧ ਕੇ 18.99 ਫੀਸਦੀ ਹੋ ਗਈ। ਫਰਵਰੀ ਮਹੀਨੇ 'ਚ ਦਾਲਾਂ ਦੀ ਥੋਕ ਮਹਿੰਗਾਈ ਵਧ ਕੇ 18.48 ਫੀਸਦੀ ਹੋ ਗਈ ਸੀ।