Gautam Adani: ਸਿਰਫ 10 ਹਜ਼ਾਰ ਰੁਪਏ ਤੋਂ ਗੌਤਮ ਅਡਾਨੀ ਨੇ ਕਿਵੇਂ ਬਣਾਏ ਦੌਲਤ ਦੇ ਪਹਾੜ? ਖੁਦ ਹੀ ਦੱਸੀ ਸਾਰੀ ਕਹਾਣੀ
ਗੁਜਰਾਤ ਦਾ ਕਾਰੋਬਾਰੀ ਗੌਤਮ ਅਡਾਨੀ ਫਰਸ਼ ਤੋਂ ਅਰਸ਼ ਤੱਕ ਕਿਵੇਂ ਪਹੁੰਚਿਆ, ਇਹ ਬੇਹੱਦ ਦਿਲਚਸਪ ਹੈ। ਬੇਸ਼ੱਕ ਸਿਆਸੀ ਧਿਰਾਂ ਉਨ੍ਹਾਂ ਦੇ ਸਬੰਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜਦੀਆਂ ਹਨ ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਗੌਤਮ ਅਡਾਨੀ...

Gautam Adani Story: ਗੁਜਰਾਤ ਦਾ ਕਾਰੋਬਾਰੀ ਗੌਤਮ ਅਡਾਨੀ ਫਰਸ਼ ਤੋਂ ਅਰਸ਼ ਤੱਕ ਕਿਵੇਂ ਪਹੁੰਚਿਆ, ਇਹ ਬੇਹੱਦ ਦਿਲਚਸਪ ਹੈ। ਬੇਸ਼ੱਕ ਸਿਆਸੀ ਧਿਰਾਂ ਉਨ੍ਹਾਂ ਦੇ ਸਬੰਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜਦੀਆਂ ਹਨ ਪਰ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਗੌਤਮ ਅਡਾਨੀ ਨੇ 10,000 ਰੁਪਏ ਦੀ ਕਮਾਈ ਨਾਲ ਸ਼ੁਰੂਆਤ ਕਰਕੇ ਅੱਜ ਦੁਨੀਆ ਭਰ ਵਿੱਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ।
ਦੱਸ ਦਈਏ ਕਿ ਗੌਤਮ ਅਡਾਨੀ ਭਾਵੇਂ ਅੱਜ ਦੁਨੀਆ ਦੇ 19ਵੇਂ ਸਭ ਤੋਂ ਅਮੀਰ ਵਿਅਕਤੀ ਹਨ ਪਰ ਇੱਕ ਸਮਾਂ ਸੀ ਜਦੋਂ ਉਹ ਆਪਣਾ ਗੁਜ਼ਾਰਾ ਤੋਰਨ ਲਈ ਬੇਹੱਦ ਸੰਘਰਸ਼ ਕਰ ਰਹੇ ਸਨ। ਰੋਜ਼ੀ-ਰੋਟੀ ਦੀ ਭਾਲ ਵਿੱਚ ਉਹ ਸਿਰਫ਼ 16 ਸਾਲ ਦੀ ਉਮਰ ਵਿੱਚ ਖਾਲੀ ਹੱਥ ਮੁੰਬਈ ਚਲੇ ਗਏ, ਜਿੱਥੇ ਉਨ੍ਹਾਂ ਨੇ ਇੱਕ ਹੀਰਾ ਕੰਪਨੀ ਵਿੱਚ ਕੰਮ ਕੀਤਾ।
ਉਦਯੋਗਪਤੀ ਗੌਤਮ ਅਡਾਨੀ ਨੇ ਸੋਮਵਾਰ ਨੂੰ ਅਡਾਨੀ ਇੰਟਰਨੈਸ਼ਨਲ ਸਕੂਲ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ ਕਿ 19 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੇ ਪਹਿਲੇ ਕਾਰੋਬਾਰੀ ਲੈਣ-ਦੇਣ ਤੋਂ 10,000 ਰੁਪਏ ਦਾ ਕਮਿਸ਼ਨ ਕਮਾਇਆ ਸੀ ਤੇ ਇਹ ਉਨ੍ਹਾਂ ਦੇ ਕਾਰੋਬਾਰੀ ਕਰੀਅਰ ਦੀ ਸ਼ੁਰੂਆਤ ਸੀ। ਇੱਕ ਸਫਲ ਵਪਾਰਕ ਸਾਮਰਾਜ ਬਣਾਉਣ ਦੀ ਕਹਾਣੀ ਸੁਣਾਉਂਦੇ ਹੋਏ ਅਡਾਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਅਕਸਰ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਨਾ ਕਰ ਸਕਣ ਦਾ ਪਛਤਾਵਾ ਹੁੰਦਾ ਹੈ।
ਅਡਾਨੀ ਦਾ ਕਹਿਣਾ ਹੈ ਕਿ ਹੀਰਾ ਕੰਪਨੀ ਵਿੱਚ ਕੰਮ ਕਰਦੇ ਹੋਏ ਉਨ੍ਹਾਂ ਨੇ ਜਲਦੀ ਹੀ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਫੈਸਲਾ ਕੀਤਾ ਤੇ ਤਿੰਨ ਸਾਲਾਂ ਵਿੱਚ ਉਨ੍ਹਾਂ ਨੇ ਮੁੰਬਈ ਦੇ ਜ਼ਵੇਰੀ ਬਾਜ਼ਾਰ ਵਿੱਚ ਹੀਰਾ ਵਪਾਰ ਦਲਾਲੀ ਸ਼ੁਰੂ ਕਰ ਦਿੱਤੀ। ਉਹ 1981 ਵਿੱਚ ਗੁਜਰਾਤ ਵਾਪਸ ਆਏ ਤੇ ਆਪਣੇ ਵੱਡੇ ਭਰਾ ਮਹਾਸੁਖਭਾਈ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਜਿਨ੍ਹਾਂ ਨੇ ਅਹਿਮਦਾਬਾਦ ਵਿੱਚ ਇੱਕ ਛੋਟੀ ਜਿਹੀ ਪੀਵੀਸੀ ਫਿਲਮ ਫੈਕਟਰੀ ਖਰੀਦੀ ਸੀ। ਉਨ੍ਹਾਂ ਨੇ 1988 ਵਿੱਚ ਅਡਾਨੀ ਐਕਸਪੋਰਟਸ ਨਾਮਕ ਇੱਕ ਵਸਤੂ ਵਪਾਰ ਉੱਦਮ ਦੀ ਸਥਾਪਨਾ ਕੀਤੀ ਤੇ ਇਸ ਨੂੰ 1994 ਵਿੱਚ ਸੂਚੀਬੱਧ ਕਰਵਾਇਆ। ਹੁਣ ਇਸ ਕੰਪਨੀ ਦਾ ਨਾਮ ਅਡਾਨੀ ਐਂਟਰਪ੍ਰਾਈਜ਼ਿਜ਼ ਹੈ।
ਅਡਾਨੀ ਨੇ ਕਿਹਾ ਕਿ ਬੁੱਧੀ ਪ੍ਰਾਪਤ ਕਰਨ ਲਈ ਤਜਰਬਾ ਹਾਸਲ ਕਰਨਾ ਜ਼ਰੂਰੀ ਹੈ ਪਰ ਗਿਆਨ ਪ੍ਰਾਪਤ ਕਰਨ ਲਈ ਅਧਿਐਨ ਵੀ ਜ਼ਰੂਰੀ ਹੈ। ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਅਸਫਲਤਾਵਾਂ ਤੇ ਰੁਕਾਵਟਾਂ ਤੁਹਾਡੀ ਪ੍ਰੀਖਿਆ ਲੈਣਗੀਆਂ। ਆਮ ਤੇ ਅਸਾਧਾਰਨ ਸਫਲਤਾ ਵਿੱਚ ਇੱਕੋ ਇੱਕ ਅੰਤਰ ਲੜਨ ਦੀ ਭਾਵਨਾ ਹੈ, ਜੋ ਹਰ ਵਾਰ ਡਿੱਗਣ 'ਤੇ ਖੜ੍ਹੇ ਹੋਣ ਦੀ ਹਿੰਮਤ ਦਿੰਦੀ ਹੈ।





















